‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੇਵਾ ਪੰਥੀ ਸੰਪਰਦਾ ਦੇ ਕਲਾਨੌਰ ਵਿੱਚ ਸਾਧੂ ਬਾਬਾ ਹਰਨਾਮ ਸਿੰਘ ਦੇ ਦਿਹਾਂਤ ਤੋਂ ਬਾਅਦ ਕੁੱਝ ਵਿਵਾਦ ਪੈਦਾ ਹੋਣ ਤੋਂ ਬਾਅਦ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੰਪਰਦਾ ਦੇ ਸਾਧੂਆਂ ਦੀ ਮੀਟਿੰਗ ਰੱਖੀ ਸੀ ਪਰ ਮਹੰਤ ਕਾਹਨ ਸਿੰਘ ਦੇ ਨਾ ਪਹੁੰਚਣ ਕਰਕੇ ਇਹ ਮੀਟਿੰਗ ਮੁਲਤਵੀ ਕੀਤੀ ਗਈ। ਜਥੇਦਾਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਸੇਵਾ ਪੰਥੀ ਸੰਪਰਦਾ ਦੇ ਸਾਧੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਕੁੱਝ ਗੈਰ ਸਿੱਖ ਲੋਕ ਸੰਪਰਦਾ ਦੇ ਸਾਧੂਆਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਕਰਕੇ ਸੰਪਰਦਾ ਦੇ ਸੇਵਾ ਪੰਥੀਆਂ ਦੇ ਸਥਾਨ ਖਤਮ ਹੋਣ ਦੀ ਕਗਾਰ ਵੱਲ ਵੱਧ ਰਹੇ ਹਨ ਅਤੇ ਇਸ ਨਾਲ ਸੰਪਰਦਾ ਦੇ ਸਾਧੂਆਂ ਵਿੱਚ ਆਪਸੀ ਪਿਆਰ ਵੀ ਘੱਟ ਰਿਹਾ ਹੈ’।
ਉਨ੍ਹਾਂ ਕਿਹਾ ਕਿ ‘ਅੱਜ ਇਸੇ ਸਬੰਧ ਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੰਪਰਦਾ ਦੇ ਸਾਧੂਆਂ ਦੀ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਮਹੰਤ ਕਾਹਨ ਸਿੰਘ ਨੇ ਵੀ ਪਹੁੰਚਣਾ ਸੀ, ਟੈਲੀਫੋਨ ਦੇ ਰਾਹੀਂ ਉਨ੍ਹਾਂ ਨੇ ਅੱਜ ਦੀ ਇਕੱਤਰਤਾ ਵਿੱਚ ਪਹੁੰਚਣ ਦੀ ਸਹਿਮਤੀ ਦਿੱਤੀ ਸੀ ਪਰ ਅਫਸੋਸ ਹੈ ਕਿ ਉਹ ਅੱਜ ਦੀ ਇਕੱਤਰਤਾ ਵਿੱਚ ਗੈਰ-ਹਾਜ਼ਿਰ ਹੋਏ ਹਨ। ਇਸ ਲਈ ਅਸੀਂ ਦੂਸਰੀ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਲਦੀ ਰੱਖਣ ਜਾ ਰਹੇ ਹਾਂ। ਉਸ ਇਕੱਤਰਤਾ ਵਿੱਚ ਅਸੀਂ ਸਰਬਸੰਮਤੀ ਦੇ ਨਾਲ ਇਸ ਵਿਵਾਦ ਦਾ ਹੱਲ ਕੱਢਾਂਗੇ’।

ਜਥੇਦਾਰ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਜਦੋਂ ਅਸੀਂ ਗੈਰ-ਸਿੱਖ ਡੇਰਿਆਂ ਵਿੱਚ ਦਖਲ-ਅੰਦਾਜ਼ੀ ਨਹੀਂ ਕਰਦੇ ਤਾਂ ਫਿਰ ਗੈਰ-ਸਿੱਖਾਂ ਦੇ ਜੋ ਸਥਾਨ ਜਾਂ ਡੇਰੇ ਹਨ, ਉਨ੍ਹਾਂ ਦੇ ਮੁੱਖ ਪ੍ਰਬੰਧਕ ਜਾਂ ਪੁਜਾਰੀ ਸਾਡੀਆਂ ਸੰਪਰਦਾਵਾਂ ਦੇ ਵਿਵਾਦਾਂ ਵਿੱਚ ਦਖਲ-ਅੰਦਾਜ਼ੀ ਕਿਉਂ ਕਰਨ, ਇਸ ਦਖਲ ਅੰਦਾਜ਼ੀ ਨੂੰ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਥੇਦਾਰ ਨੇ ਰਾਜਨੀਤਿਕ ਲੋਕਾਂ ਨੂੰ ਇਸ ਮਸਲੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਲੋਕਾਂ ਦੀ ਦਖਲ ਅੰਦਾਜ਼ੀ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮਸਲੇ ਨੂੰ ਅਸੀਂ ਖੁਦ ਸੰਭਾਲਾਂਗੇ। ਗੈਰ-ਸਿੱਖ ਸੰਪਰਦਾ ਦੇ ਲੋਕ ਵਿਵਾਦ ਨੂੰ ਖਤਮ ਕਰਨ ਦੇ ਲਈ ਸਾਨੂੰ ਸਹਿਯੋਗ ਦੇਣ ਨਾ ਕਿ ਵਿਵਾਦ ਨੂੰ ਹਵਾ ਦੇਣ’।
ਸੇਵਾ ਪੰਥੀ ਸੰਪਰਦਾ ਦੇ ਮਹੰਤ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਕਲਾਨੌਰ ਵਿੱਚ ਸਾਧੂ ਬਾਬਾ ਹਰਨਾਮ ਸਿੰਘ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਥਾਂ ਮਹੰਤੀ ਦੇਣ ਵਾਸਤੇ ਪ੍ਰੋਗਰਾਮ 15-20 ਦਿਨ ਕਰੋਨਾ ਦੀ ਬਿਮਾਰੀ ਕਰਕੇ ਲੇਟ ਹੋ ਗਿਆ। ਜਦੋਂ ਸੇਵਾ ਪੰਥੀਆਂ ਦੀ ਮੀਟਿੰਗ ਰੱਖੀ ਤਾਂ ਉਸ ਮੀਟੰਗ ਵਿੱਚ ਮਹੰਤ ਕਾਹਨ ਸਿੰਘ, ਮਹੰਤ ਰਣਜੀਤ ਸਿੰਘ ਵੀ ਆਏ। ਮਹੰਤ ਕਾਹਨ ਸਿੰਘ ਨੇ ਆਪਣਾ ਹੱਕ ਰੱਖਦਿਆਂ ਕਿਹਾ ਕਿ ਇਹ ਸਾਡੇ ਪਾਕਿਸਤਾਨ ਡੇਰੇ ਨਾਲ ਸਬੰਧਿਤ ਹੈ। ਮਹੰਤ ਦਿਲਬਾਗ ਸਿੰਘ ਨੇ ਆਪਣਾ ਹੱਕ ਰੱਖਦਿਆਂ ਕਿਹਾ ਕਿ ਇਹ ਸਾਡੇ ਨਾਲ ਸਬੰਧਿਤ ਹੈ। ਇਨ੍ਹਾਂ ਨੇ ਕੁੱਝ ਗੈਰ-ਸਿੱਖ ਲੋਕਾਂ ਨਾਲ ਮਿਲ ਕੇ ਕਲਾਨੌਰ ਵਿੱਚ ਜਾ ਕੇ ਦਸਤਾਰ ਬੰਨ੍ਹ ਲਈ’।
ਉਨ੍ਹਾਂ ਕਿਹਾ ਕਿ ‘ਇਨ੍ਹਾਂ ਨੇ ਸੇਵਾ ਪੰਥੀਆਂ ਦੇ ਸਿਸਟਮ ਨੂੰ ਅਣਗੌਲਿਆ ਕਰ ਦਿੱਤਾ ਹੈ। ਸੇਵਾ ਪੰਥੀਆਂ ਨੇ ਮਹੰਤ ਦਿਲਬਾਗ ਸਿੰਘ ਅਤੇ ਸੰਤ ਜੋਗਿੰਦਰ ਸਿੰਘ ਨੂੰ ਸੰਤ ਬਣਾ ਦਿੱਤਾ। ਇਸ ਲਈ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸਦਾ ਫੈਸਲਾ ਕਰਨ ਦੀ ਬੇਨਤੀ ਕੀਤੀ ਹੈ। ਇਸ ਮਸਲੇ ਲਈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਲਈ ਮੀਟਿੰਗ ਸੱਦੀ ਸੀ ਪਰ ਮਹੰਤ ਕਾਹਨ ਸਿੰਘ ਦੇ ਨਾ ਆਉਣ ਕਰਕੇ ਮੀਟਿੰਗ ਮੁਲਤਵੀ ਕੀਤੀ ਗਈ ਹੈ। ਮਹੰਤ ਕਾਹਨ ਸਿੰਘ ਦੇ ਸਿਰਫ ਕੁੱਝ ਬੰਦੇ ਹੀ ਆਏ ਹਨ, ਉਹ ਆਪ ਨਹੀਂ ਆਏ’।