The Khalas Tv Blog Khaas Lekh ਸਿੱਖ ਧਰਮ ਦੀ ਉਹ ਮਹਾਨ ਔਰਤ, ਜਿਨ੍ਹਾਂ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹੋਇਆ
Khaas Lekh Religion

ਸਿੱਖ ਧਰਮ ਦੀ ਉਹ ਮਹਾਨ ਔਰਤ, ਜਿਨ੍ਹਾਂ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹੋਇਆ

The free community kitchen at The Golden Temple feeds thousands of people daily.

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਾਤਾ ਖੀਵੀ ਜੀ ਦਾ ਜਨਮ ਸੰਨ 1506 ਈ: ਵਿੱਚ ਭਾਈ ਦੇਵੀ ਚੰਦ ਖੱਤਰੀ ਦੇ ਘਰ ਹੋਇਆ। ਭਾਈ ਦੇਵੀ ਚੰਦ ਇੱਕ ਦੁਕਾਨਦਾਰ ਸਨ ਅਤੇ ਛੋਟੇ ਪੱਧਰ ਉੱਤੇ ਸ਼ਾਹੂਕਾਰੀ ਦਾ ਕੰਮ ਵੀ ਕਰਦੇ ਸਨ। ਬਚਪਨ ਵਿੱਚ ਹੀ ਸਾਊ, ਮਿਠਬੋਲੜਾ ਅਤੇ ਮਸਤ ਸੁਭਾਅ ਹੋਣ ਕਰਕੇ ਮਾਤਾ-ਪਿਤਾ ਨੇ ਆਪਣੀ ਬੱਚੀ ਦਾ ਨਾਮ ਖੀਵੀ ਰੱਖਿਆ।

ਸੰਨ 1519 ਈ: ਵਿੱਚ ਮਾਤਾ ਖੀਵੀ ਜੀ ਦਾ ਵਿਆਹ ਖਡੂਰ ਸਾਹਿਬ ਦੇ ਵਾਸੀ ਭਾਈ ਫੇਰੂ ਮੱਲ ਜੀ ਦੇ ਪੁੱਤਰ ਭਾਈ ਲਹਿਣਾ ਜੀ ਨਾਲ ਹੋ ਗਿਆ, ਜੋ ਬਾਅਦ ਵਿੱਚ ਸਿੱਖਾਂ ਦੇ ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਬਣੇ। ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਧੀਆਂ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ ਅਤੇ ਦੋ ਪੁੱਤਰ ਭਾਈ ਦਾਤੂ ਜੀ ਤੇ ਭਾਈ ਦਾਸੂ ਜੀ ਨੇ ਜਨਮ ਲਿਆ। ਭਾਈ ਫੇਰੂ ਮੱਲ ਜੀ ਦੇ ਅਕਾਲ ਚਲਾਣੇ ਮਗਰੋਂ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਸੰਭਾਲੀਆਂ।

ਭਾਈ ਲਹਿਣਾ ਜੀ ਕਰਤਾਰਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਅਤੇ ਉਹਨਾਂ ਨੇ ਲਗਭਗ 7 ਸਾਲ ਗੁਰੂ ਸਾਹਿਬ ਜੀ ਦੀ ਸੰਗਤ ਕੀਤੀ। ਗੁਰ-ਗੱਦੀ ‘ਤੇ ਬੈਠਣ ਤੋਂ ਬਾਅਦ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਤੋਂ ਗੁਰਮਤਿ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਮਾਤਾ ਖੀਵੀ ਜੀ ਨੇ ਲੰਗਰ ਦੀ ਸੇਵਾ ਦੇ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ।

ਮਾਤਾ ਖੀਵੀ ਜੀ ਵੱਲੋਂ ਬਹੁਤ ਵਧੀਆ ਲੰਗਰ ਤਿਆਰ ਕੀਤਾ ਜਾਂਦਾ ਸੀ ਅਤੇ ਸੰਗਤਾਂ ਨੂੰ ਸ਼ਰਧਾ ਨਾਲ ਛਕਾਇਆ ਜਾਂਦਾ ਸੀ। ਮਾਤਾ ਖੀਵੀ ਜੀ ਨੇ ਲੰਗਰ ਦੀ ਸੇਵਾ ਤੋਂ ਇਲਾਵਾ ਸਭ ਲਈ ਪ੍ਰੇਮ ਭਰਿਆ ਵਾਤਾਵਰਣ ਵੀ ਸਿਰਜਿਆ। ਅੱਜ ਵੀ ਖਡੂਰ ਸਾਹਿਬ ਵਿਖੇ ਮਾਤਾ ਖੀਵੀ ਜੀ ਦਾ ਲੰਗਰ ਚੱਲਦਾ ਹੈ।

ਸਿੱਖ ਧਰਮ ਵਿੱਚ ਸਿਰਫ ਮਾਤਾ ਖੀਵੀ ਜੀ ਹੀ ਅਜਿਹੀ ਔਰਤ ਹਨ, ਜਿਨ੍ਹਾਂ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੋਇਆ ਹੈ।

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ।।

ਮਾਤਾ ਖੀਵੀ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਬਾਅਦ 30 ਸਾਲ ਜੀਵਨ ਬਤੀਤ ਕੀਤਾ। ਸੰਨ 1582 ਈ: ਵਿੱਚ 75 ਸਾਲ ਦੀ ਉਮਰ ਵਿੱਚ ਉਹ ਅਕਾਲ ਚਲਾਣਾ ਕਰ ਗਏ। ਜਦੋਂ ਔਰਤ ਨੂੰ ਆਪਣੇ ਘਰ ਵਿੱਚ ਵੀ ਬਣਦੀ ਇੱਜ਼ਤ ਨਹੀਂ ਦਿੱਤੀ ਜਾਂਦੀ ਸੀ ਅਤੇ ਉਸ ਨੂੰ ਸਮਾਜ ਵਿੱਚ ਸਭ ਤੋਂ ਨੀਵਾਂ ਦਰਜਾ ਦਿੱਤਾ ਜਾਂਦਾ ਸੀ, ਉਸ ਸਮੇਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਧਰਮ ਪਤਨੀ ਨੂੰ ਉਸ ਪ੍ਰਥਾ ਦੀ ਜ਼ਿੰਮੇਵਾਰੀ ਸੌਂਪੀ, ਜੋ ਆਉਣ ਵਾਲੇ ਸਮੇਂ ਵਿੱਚ ਸਿੱਖ ਧਰਮ ਦੀ ਪਹਿਚਾਣ ਬਣੀ। ਸ਼੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਮਾਤਾ ਖੀਵੀ ਜੀ ਨੂੰ ਸੌਂਪੀ ਲੰਗਰ ਦੀ ਸੇਵਾ ਨੂੰ ਮਾਤਾ ਜੀ ਨੇ ਇੰਨੀ ਸਹਿਜਤਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਕਿ ਅੱਜ ਵੀ ਸਿੱਖ ਧਰਮ ਲੰਗਰ ਪ੍ਰਥਾ ਕਰਕੇ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ।

Exit mobile version