India

ਦਾਂਤੇਵਾੜਾ ‘ਚ ਇੱਕ ਫੌਜੀ ਦਸਤੇ ‘ਤੇ ਹੋਇਆ ਹਮਲਾ,11 ਜਵਾਨਾਂ ਦੀ ਹੋਈ ਮੌਤ

ਦਾਂਤੇਵਾੜਾ : ਛੱਤੀਸਗੜ੍ਹ ਦੇ ਦਾਂਤੇਵਾੜਾ ‘ਚ ਮਾਓਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਹਮਲਾ ਕਰ 11 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਹੈ।ਨਕਸਲੀਆਂ ਵੱਲੋਂ ਲਗਾਏ ਗਏ ਆਈਈਡੀ ਵਿੱਚ ਧਮਾਕਾ ਹੋਣ ਕਾਰਨ ਡਰਾਈਵਰ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਜਾਣਕਾਰੀ ਮੁਤਾਬਕ ਅਰਨਪੁਰ ਥਾਣਾ ਖੇਤਰ ‘ਚ ਮਾਓਵਾਦੀ ਕਾਡਰ ਦੀ ਮੌਜੂਦਗੀ ਦੀ ਸੂਚਨਾ ‘ਤੇ ਨਕਸਲ ਵਿਰੋਧੀ ਮੁਹਿੰਮ ਲਈ ਦਾਂਤੇਵਾੜਾ ਤੋਂ ਡੀਆਰਜੀ ਫੋਰਸ ਭੇਜੀ ਗਈ ਸੀ।

ਮੁਹਿੰਮ ਤੋਂ ਬਾਅਦ ਵਾਪਸ ਪਰਤਦੇ ਸਮੇਂ ਮਾਓਵਾਦੀਆਂ ਨੇ ਅਰਨਪੁਰ ਰੋਡ ‘ਤੇ ਆਈਈਡੀ ਵਿਸਫੋਟ ਕਰ ਦਿੱਤਾ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਵਾਧੂ ਫੋਰਸ ਭੇਜ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੁਰੱਖਿਆ ਬਲਾਂ ਵੱਲੋਂ ਨਕਸਲੀਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨਕਸਲੀਆਂ ਵਾਲੇ ਪਾਸੇ ਤੋਂ ਲਗਾਤਾਰ ਘਾਤਕ ਹਮਲੇ ਕੀਤੇ ਜਾ ਰਹੇ ਹਨ। ਪਿਛਲੇ ਮਹੀਨੇ ਬੀਜਾਪੁਰ ਵਿੱਚ ਮਾਓਵਾਦੀਆਂ ਵੱਲੋਂ ਲਗਾਏ ਗਏ ਪ੍ਰੈਸ਼ਰ ਆਈਈਡੀ ਨਾਲ ਟਕਰਾਉਣ ਕਾਰਨ ਇੱਕ ਸੀਏਐਫ ਜਵਾਨ ਸ਼ਹੀਦ ਹੋ ਗਿਆ ਸੀ।

ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਗੱਡੀ ਵਿਚ ਫ਼ੌਜੀ ਇਸ ਇਲਾਕੇ ਵਿਚ ਗਏ ਸਨ, ਉਹ ਉੱਡ ਗਈ। ਸ਼ਹੀਦ ਸੈਨਿਕਾਂ ਦੀਆਂ ਲਾਸ਼ਾਂ ਵੀ ਖਿੱਲਰੀਆਂ ਨਜ਼ਰ ਆਈਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਰਾਹੀਂ ਦਾਂਤੇਵਾੜਾ ‘ਚ ਛੱਤੀਸਗੜ੍ਹ ਪੁਲਿਸ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਹਨਾਂ ਲਿੱਖਿਆ ਹੈ ਕਿ ਅਸੀਂ ਇਸ ਹਮਲੇ ਵਿੱਚ ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਛੱਤੀਸਗੜ੍ਹ ‘ਚ ਨਕਸਲੀ ਹਮਲੇ ‘ਚ ਜਵਾਨਾਂ ਦੀ ਸ਼ਹਾਦਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਦੰਤੇਵਾੜਾ ਵਿੱਚ ਛੱਤੀਸਗੜ੍ਹ ਪੁਲੀਸ ’ਤੇ ਨਕਸਲੀਆਂ ਵੱਲੋਂ ਕੀਤੇ ਗਏ ਕਾਇਰਾਨਾ ਹਮਲੇ ਤੋਂ ਉਹ ਦੁਖੀ ਹਨ। ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਸੂਬਾ ਸਰਕਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਸ਼ਹੀਦ ਸੈਨਿਕਾਂ ਦੇ ਦੁਖੀ ਪਰਿਵਾਰਾਂ ਦੇ ਪ੍ਰਤੀ ਮੇਰੀ ਸੰਵੇਦਨਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਘਟਨਾ ਤੇ ਦੁੱਖ ਜ਼ਾਹਿਰ ਕੀਤਾ ਹੈ ਤੇ ਟਵੀਟ ਕਰਦੇ ਹੋਏ ਲਿੱਖਿਆ ਹੈ ਕਿ ਇਸ ਹਮਲੇ ਵਿੱਚ 11 ਜਵਾਨਾਂ ਦੇ ਸ਼ਹੀਦ ਹੋਣ ਦੀ ਸੂਚਨਾ ਹੈ।ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਵੀ ਉਹਨਾਂ ਜਤਾਈ ਹੈ ਤੇ ਕਿਹਾ ਹੈ ਕਿ ਅਜਿਹੇ ਹਮਲੇ ਕਰਨ ਵਾਲਿਆਂ ਨੂੰ ਕਿਸੇ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।

ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਘਟਨਾ ਤੇ ਦੁਖੀ ਪਰਿਵਾਰਾਂ ਦੇ ਪ੍ਰਤੀ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ । ਦਾਂਤੇਵਾੜਾ ‘ਚ ਸੁਰੱਖਿਆ ਕਰਮੀਆਂ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।

ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਖਾਤੇ ਤੋਂ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਜ਼ਾਹਿਰ ਕੀਤੀ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਵੀ ਇਸ ਘਟਨਾ ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ ।

https://twitter.com/RajaBrar_INC/status/1651197584319340545?s=20