Punjab

ਮਾਨਸਾ ‘ਚ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਦਿੱਤੀ ਚਿਤਾਵਨੀ, ਅਣਮਿੱਥੇ ਸਮੇਂ ਤੱਕ ਰੇਲ ਮਾਰਗ ‘ਤੇ ਧਰਨਾ ਰਹੇਗਾ ਜਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਾਨਸਾ ਵਿੱਚ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਰੇਲਵੇ ਸਟੇਸ਼ਨ ‘ਤੇ ਅਣਮਿੱਥੇ ਸਮੇਂ ਦੇ ਲਈ ਲਗਾਤਾਰ ਧਰਨਿਆਂ ‘ਤੇ ਬੈਠੇ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਪੰਜਾਬ ਵਿੱਚ ਮਾਲ ਗੱਡੀਆਂ ਬਹਾਲ ਨਹੀਂ ਹੁੰਦੀਆਂ, ਉਦੋਂ ਤੱਕ ਉਹ ਕੇਂਦਰ ਸਰਕਾਰ ਦੇ ਨਾਲ ਕੋਈ ਗੱਲਬਾਤ ਨਹੀਂ ਕਰਨਗੇ। ਪੰਜਾਬ ਕਿਸਾਨ ਯੂਨੀਅਨ ਦੇ ਮੁਖੀ ਰੁਲਦੂ ਸਿੰਘ ਕਿਹਾ ਕਿ ਪੰਜਾਬ ਸਰਕਾਰ ਦੀ ਅਪੀਲ ‘ਤੇ ਕਿਸਾਨਾਂ ਨੇ ਰੇਲਵੇ ਦੇ ਸਾਰੇ ਟਰੈਕ ਖਾਲੀ ਕਰ ਦਿੱਤੇ ਸਨ ਪਰ ਹੁਣ ਕੇਂਦਰ ਸਰਕਾਰ ਨੇ ਖੁਦ ਮਾਲ ਗੱਡੀਆਂ ਨੂੰ ਬੰਦ ਕਰ ਦਿੱਤਾ ਹੈ। ਇਸ ਲਈ ਹੁਣ ਕੇਂਦਰ ਸਰਕਾਰ ਨਾਲ ਉਦੋਂ ਹੀ ਗੱਲਬਾਤ ਕਰਾਂਗੇ ਜਦੋਂ ਪੰਜਾਬ ਵਿੱਚ ਨਾਲ ਗੱਡੀਆਂ ਚੱਲਣਗੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਪੀਲ ‘ਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਸੀ ਤਾਂ ਜੋ ਪੰਜਾਬ ਵਿੱਚ ਜ਼ਰੂਰੀ ਵਸਤੂਆਂ ਦੀ ਸਪਲਾਈ ‘ਤੇ ਕੋਈ ਅਸਰ ਨਾ ਪਵੇ ਪਰ ਕੇਂਦਰ ਸਰਕਾਰ ਕਿਸਾਨਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਕਿਸਾਨ ਸੰਘਰਸ਼ ਭਾਵੇਂ ਕਿੰਨਾ ਵੀ ਲੰਮਾ ਚੱਲੇ ਪਰ ਅੰਜ਼ਾਮ ਤੱਕ ਜ਼ਰੂਰ ਪਹੁੰਚੇਗਾ। ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਇਸ ਸੰਘਰਸ਼ ਵਿੱਚ ਵੱਡਾ ਰੋਲ ਨਿਭਾ ਰਿਹਾ ਹੈ। ਇਸ ਲਈ ਉਹ ਦੇਸ਼ ਦੇ ਰਾਜਾਂ ਨੂੰ ਲਾਮਬੰਦ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਆਰ-ਪਾਰ ਦੀ ਲੜਾਈ ਲੜਨਗੇ।