Punjab

ਗੈਂਗਸਟਰ ਦੀਪਕ ਟੀਨੂੰ ਦੇ ਹਿਰਾਸਤ ‘ਚੋਂ ਫਰਾਰ ਹੋਣ ਦੇ ਮਾਮਲੇ ‘ਚ ਕਾਰਵਾਈ,ਮਾਨਸਾ CIA Staff incharge ਗ੍ਰਿਫਤਾਰ

ਮਾਨਸਾ : ਮਾਨਸਾ ‘ਚ ਗੈਂਗਸਟਰ ਦੀਪਕ ਟੀਨੂੰ ਦੇ ਹਿਰਾਸਤ ‘ਚੋਂ ਫਰਾਰ ਹੋਣ ਦੇ ਮਾਮਲੇ ‘ਚ ਕਾਰਵਾਈ ਕਰਦਿਆਂ ਹੋਇਆਂ ਡੀਜੀਪੀ ਪੰਜਾਬ ਪੁਲਿਸ ਨੇ ਮਾਨਸਾ CIA STAFF ਦੇ INCHARGE ਨੂੰ ਗ੍ਰਿਫਤਾਰ ਕਰ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।

ਇਸ ਗੱਲ ਦੀ ਪੁਸ਼ਟੀ ਖੁੱਦ ਡੀਜੀਪੀ ਪੰਜਾਬ ਪੁਲਿਸ ਨੇ ਇੱਕ ਟਵੀਟ ਰਾਹੀਂ ਕੀਤੀ ਹੈ।ਡੀਜੀਪੀ ਪੰਜਾਬ ਵੱਲੋਂ ਕੀਤੇ ਗਏ ਇੱਕ ਟਵੀਟ ਵਿੱਚ ਇਹ ਕਿਹਾ ਗਿਆ ਹੈ ਕਿ ਮਾਨਸਾ ‘ਚ ਦੀਪਕ ਟੀਨੂੰ ਦੇ ਹਿਰਾਸਤ ‘ਚੋਂ ਫਰਾਰ ਹੋਣ ‘ਤੇ ਅਣਗਹਿਲੀ ਕਰਨ ਵਾਲੇ ਪੁਲਸ ਅਧਿਕਾਰੀ ਖਿਲਾਫ ਕਾਰਵਾਈ ਕੀਤੀ ਗਈ ਹੈ।

ਇਸ ਮਾਮਲੇ ਵਿੱਚ ਸੀਆਈਏ ਸਟਾਫ ਦੇ ਇੰਚਾਰਜ ਨੂੰ ਗ੍ਰਿਫਤਾਰ ਕਰ ਕੇ ਮੁਅੱਤਲ ਕਰ ਦਿੱਤਾ ਗਿਆ ਹੈ। ਇੰਚਾਰਜ ਨੂੰ ਧਾਰਾ 311 ਤਹਿਤ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਫਰਾਰ ਮੁਲਜ਼ਮ ਨੂੰ ਫੜਨ ਲਈ ਪੁਲਿਸ ਟੀਮਾਂ ਨੂੰ ਮੁਸਤੈਦ ਕਰ ਦਿੱਤਾ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਗੈਂਗਸਟਰ ਦੀਪਕ ਟੀਨੂੰ ਦੇ ਵਕੀਲ ਵਿਸ਼ਾਲ ਚੋਪੜਾ ਨੇ ਟੀਨੂੰ ਦੇ ਫਰਾਰ ਹੋਣ ‘ਤੇ ਪੰਜਾਬ ਪੁਲਿਸ ਨੂੰ ਘੇਰਿਆ ਹੈ ਤੇ ਕਿਹਾ ਹੈ ਕਿ ਪੰਜਾਬ ਪੁਲਿਸ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟੀਨੂੰ ਦਾ ਟਰਾਂਜ਼ਿਟ ਰਿਮਾਂਡ ਲਿਆ ਸੀ ਤੇ ਪੰਜਾਬ ਲਿਆਂਦਾ ਸੀ ਪਰ ਸਿੱਧੂ ਮਾਮਲੇ ਵਿੱਚ ਪੁੱਛਗਿੱਛ ਕਰਕੇ ਉਸ ਨੂੰ ਵਾਪਸ ਤਿਹਾੜ ਜੇਲ੍ਹ ਭੇਜਿਆ ਜਾਣਾ ਸੀ ਪਰ ਅਜਿਹਾ ਨਹੀਂ ਹੋਇਆ। ਹਾਲੇ ਤੱਕ ਵੀ ਦੀਪਕ ਟੀਨੂੰ ਨੂੰ ਪੰਜਾਬ ਦੀ ਜੇਲ੍ਹ ਵਿੱਚ ਸਖ਼ਤ ਨਿਗਰਾਨੀ ਵਿੱਚ ਰੱਖਿਆ ਗਿਆ। ਹੁਣ ਪੁਲਿਸ ਨੇ ਆਪ ਹੀ ਇਹ ਖ਼ਬਰ ਫੈਲਾ ਦਿੱਤੀ ਹੈ ਕਿ ਉਹ ਫਰਾਰ ਹੋ ਗਿਆ ਹੈ।

ਉਹਨਾਂ ਸਵਾਲ ਉਠਾਇਆ ਹੈ ਕਿ ਇੰਨੀ ਸਖ਼ਤ ਸੁਰੱਖਿਆ ਵਿੱਚੋਂ ਕੋਈ ਕਿਸ ਤਰਾਂ ਭੱਜ ਸਕਦਾ ਹੈ?ਉਹਨਾਂ ਇਹ ਵੀ ਸ਼ੰਕਾ ਜ਼ਾਹਿਰ ਕੀਤਾ ਹੈ ਕਿ ਪੁਲਿਸ ਮਨਪ੍ਰੀਤ ਮਨੂੰ ਤੇ ਜਗਰੂਪ ਰੂਪਾ ਵਾਂਗ ਦੀਪਕ ਟੀਨੂੰ ਦਾ ਮੁਕਾਬਲਾ ਵੀ ਬਣਾ ਸਕਦੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਉਹ ਇਸ ਦੇ ਖਿਲਾਫ ਪੰਜਾਬ -ਹਰਿਆਣਾ ਹਾਈ ਕੋਰਟ ਜਾਣਗੇ।