‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਹਰਿਆਣਾ ਸਰਕਾਰ ਦੇ 2500 ਦਿਨ ਪੂਰੇ ਹੋਣ ‘ਤੇ ਸਾਰੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਟੋਕੀਓ ਪੈਰਾਓਲੰਪਿਕ ਵਿੱਚ ਹਰਿਆਣਾ ਦੇ ਦੋ ਖਿਡਾਰੀਆਂ ਨੂੰ ਮੈਡਲ ਜਿੱਤਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ 2500 ਦਿਨ ਪਹਿਲਾਂ ਸੂਬਾ ਭ੍ਰਿਸ਼ਟਾਚਾਰ ਵਿੱਚ ਡੁੱਬਿਆ ਰਿਹਾ। ਪਰਿਵਾਰਵਾਦ ਦਾ ਮਾਹੌਲ ਸੀ। ਪਰ ਇਸ ਨੂੰ ਸੁਧਾਰਨ ਲਈ ਅਸੀਂ ਲਗਾਤਾਰ ਪ੍ਰਕਿਰਿਆ ਚਲਾਈ ਅਤੇ ਜਨਸੇਵਾ ਦੇ ਕੰਮ ਕੀਤੇ। ਸਾਡੇ ਕਾਰਜਕਾਲ ਤੋਂ ਪਹਿਲਾਂ ਹਜ਼ਾਰਾਂ ਲੋਕ ਰੋਜ਼ਾਨਾ ਚੰਡੀਗੜ੍ਹ ਆਉਂਦੇ ਸਨ ਅਤੇ ਸੀਐੱਮ ਅਤੇ ਮੰਤਰੀਆਂ ਦੀ ਰਿਹਾਇਸ਼ ‘ਤੇ ਭੀੜ ਲੱਗੀ ਰਹਿੰਦੀ ਸੀ।
ਖੱਟਰ ਨੇ ਕਿਹਾ ਕਿ ਇੱਕ ਤਰੀਕ ਯਾਨਿ 1 ਸਤੰਬਰ ਤੋਂ ‘ਰਾਈਟ ਟੂ ਸਰਵਿਸ ਪੋਰਟਲ’ ਆਟੋ (auto) ਅਪੀਲ ਦੀ ਸ਼ੁਰੂਆਤ ਕੀਤੀ ਜਾਵੇਗੀ। ਜੇਕਰ ਦਿੱਤੇ ਗਏ ਸਮੇਂ ਵਿੱਚ ਕੰਮ ਨਾ ਹੋਇਆ ਤਾਂ ਇੱਕ ਆਟੋ ਅਪੀਲ ਉਸ ਤੋਂ ਉੱਪਰ ਦੇ ਅਧਿਕਾਰੀ ਕੋਲ ਜਾਵੇਗੀ। ਅਸੀਂ ਸਿਸਟਮ ਡਿਸੈਂਟਰਲਾਈਜ਼ (System Decentralize) ਕੀਤਾ ਅਤੇ ਸਾਰੀ ਤਾਕਤ ਖੁਦ ਕੋਲ ਨਹੀਂ ਰੱਖੀ ਬਲਕਿ ਵੱਖ-ਵੱਖ ਵਰਗਾਂ ਵਿੱਚ ਵੰਡੀ ਹੈ।
ਉਨ੍ਹਾਂ ਨੇ ਕਿਹਾ ਕਿ ਰਾਸ਼ਨ ਵੰਡਣ ਵਿੱਚ ਪਹਿਲਾਂ ਬਹੁਤ ਭ੍ਰਿਸ਼ਟਾਚਾਰ ਹੁੰਦਾ ਹੈ, ਜਦੋਂ ਡਿਪੋ ‘ਤੇ ਰਾਸ਼ਨ ਨਹੀਂ ਮਿਲਦਾ ਸੀ। ਇਸ ਵਿੱਚ ਵੀ ਅਸੀਂ ਆਈਟੀ ਅਤੇ ਬਾਇਓਮੀਟ੍ਰਿਕ ਸਿਸਟਮ ਵਿੱਚ ਪਾਰਦਸ਼ਤਾ ਲਿਆਂਦੀ। ਹੁਣ ‘ਵਨ ਨੇਸ਼ਨ ਵਨ ਰਾਸ਼ਨ ਕਾਰਡ’ ਦੇ ਮਾਧਿਅਮ ਨਾਲ ਹਰਿਆਣਾ ਵਿੱਚ ਵੀ ਕਈ ਮਾਈਗ੍ਰੇਟ ਹੋਏ ਦੂਜੇ ਸੂਬਿਆਂ ਦੇ ਲੋਕ ਰਾਸ਼ਨ ਲੈ ਰਹੇ ਹਨ।
ਖੱਟਰ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜ਼ਮੀਨ ਵੇਚਣ ਦਾ, ਐੱਮਐੱਸਪੀ ਖਤਮ ਹੋਣ ਦਾ ਅਤੇ ਮੰਡੀਆਂ ਬੰਦ ਹੋਣ ਦਾ ਵਹਿਮ ਫੈਲਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਸਿਰਫ਼ ਕਣਕ ਅਤੇ ਚੌਲਾਂ ਦੀ ਫ਼ਸਲ ਪ੍ਰਕਿਊਰ ਕਰਦੀ ਹੈ ਪਰ ਹਰਿਆਣਾ 10 ਫ਼ਸਲਾਂ ਪ੍ਰਕਿਊਰ ਕਰਦਾ ਹੈ। ‘ਮੇਰੀ ਫ਼ਸਲ ਮੇਰਾ ਬਿਓਰਾ’ ਦੇ ਮਾਧਿਅਮ ਰਾਹੀਂ ਇਸ ਵਿੱਚ ਵੀ ਅਸੀਂ ਪਾਰਦਸ਼ਤਾ ਲਿਆ ਰਹੇ ਹਾਂ।
ਖੱਟਰ ਨੇ ਕਿਹਾ ਕਿ ‘ਮੇਰਾ ਪਾਣੀ ਮੇਰੀ ਵਿਰਾਸਤ’ ਦਾ ਮਤਲਬ ਇਹ ਹੀ ਹੈ ਕਿ ਅਗਲੀ ਪੀੜ੍ਹੀ ਨੂੰ ਸਿਰਫ਼ ਜ਼ਮੀਨ ਨਹੀਂ, ਪਾਣੀ ਵੀ ਦੇ ਕੇ ਜਾਈਏ। ਉਨ੍ਹਾਂ ਨੇ ਕਿਹਾ ਕਿ ਅਸੀਂ ਅਗਲੇ ਪੰਜ ਸਾਲ ਦੀ ਵੀ ਤਿਆਰੀ ਕਰ ਰਹੇ ਹਾਂ।
ਉਨ੍ਹਾਂ ਨੇ ਸੂਬੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਖੱਟਰ ਨੇ ਕਿਹਾ ਕਿ ਹਰਿਆਣਾ ਵਿੱਚ ਜੋ ਕੁੱਝ ਹੋ ਰਿਹਾ ਹੈ, ਉਸ ਵਿੱਚ ਪੰਜਾਬ ਦਾ ਹੱਥ ਹੈ। ਜੇ ਅਜਿਹਾ ਨਾ ਹੁੰਦਾ ਤਾਂ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਡੂ ਨਾ ਖੁਆਉਂਦੇ।
ਉਨ੍ਹਾਂ ਕਿਹਾ ਕਿ ਅੰਦੋਲਨ ਦੇ ਨਾਂ ‘ਤੇ ਜੋ ਹੋ ਰਿਹਾ ਹੈ, ਉਸ ਲਈ ਹਰਿਆਣਾ ਨੂੰ ਗਲਤ ਚੁਣਿਆ ਗਿਆ ਹੈ। ਦਰਅਸਲ, ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਧਾਉਣ ਦੇ ਐਲਾਨ ਪਿੱਛੋਂ ਰਾਜੇਵਾਲ ਨੇ ਕੈਪਟਨ ਦਾ ਮੂੰਹ ਮਿੱਠ ਕਰਵਾਇਆ ਸੀ, ਜਿਸ ਨੂੰ ਲੈ ਕੇ ਖੱਟਰ ਨੇ ਕਿਹਾ ਕਿ ਹਰਿਆਣਾ ਵਿੱਚ ਜੋ ਕੁੱਝ ਹੋ ਰਿਹਾ ਹੈ, ਉਹ ਪੰਜਾਬ ਵੱਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਨਾਲ ਵਿੱਚ ਜੋ ਘਟਨਾ ਵਾਪਰੀ, ਤੁਸੀਂ ਵੀਡੀਓ ਅਤੇ ਆਡੀਓ ਵੇਖੀ ਹੈ, ਮੈਂ ਵੀ ਵੇਖੀ ਹੈ। ਕਰਨਾਲ ਵਿੱਚ ਸਾਡੀ ਇੱਕ ਪਾਰਟੀ ਮੀਟਿੰਗ ਸੀ, ਪਰ ਇੱਕ ਦਿਨ ਪਹਿਲਾਂ ਕੁੱਝ ਲੋਕਾਂ ਨੇ ਯੋਜਨਾ ਬਣਾਈ ਸੀ ਕਿ ਇਨ੍ਹਾਂ ਪ੍ਰੋਗਰਾਮਾਂ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਾਡੇ ਪ੍ਰੋਗਰਾਮ ਦਾ ਵਿਰੋਧ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਐਸਡੀਐਮ ਵੱਲੋਂ ਕਿਸਾਨਾਂ ਦੇ ਸਿਰ ਪਾੜਨ ਵਾਲੇ ਹੁਕਮਾਂ ਉੱਤੇ ਖੱਟਰ ਨੇ ਕਿਹਾ ਕਿ ਮੈਂ ਅਫਸਰ ਦਾ ਵੀਡੀਓ ਵੇਖਿਆ ਹੈ, ਇਹ ਸ਼ਬਦ ਅਧਿਕਾਰੀ ਦੁਆਰਾ ਨਹੀਂ ਬੋਲੇ ਜਾਣੇ ਚਾਹੀਦੇ ਸਨ। ਸ਼ਬਦਾਂ ਦੀ ਚੋਣ ਸਹੀ ਨਹੀਂ ਸੀ, ਪਰ ਸਖਤੀ ਨਹੀਂ ਹੋਣੀ ਚਾਹੀਦੀ, ਅਜਿਹਾ ਵੀ ਨਹੀਂ ਹੈ। ਉਸ ਅਫ਼ਸਰ ਉੱਤੇ ਕਾਰਵਾਈ ਹੋਵੇਗੀ ਜਾਂ ਨਹੀਂ, ਇਹ ਪ੍ਰਸ਼ਾਸਨ ਦੇਖੇਗਾ।
ਚੰਡੀਗੜ੍ਹ ਦੇ ਸੈਕਟਰ 19 ਵਿੱਚ ਕਿਸਾਨਾਂ ਨੇ ਖੱਟਰ ਦਾ ਵਿਰੋਧ ਕੀਤਾ। ਜਦੋਂ ਤੱਕ ਖੱਟਰ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਰਹੇ ਸੀ, ਉਦੋਂ ਤੱਕ ਕਿਸਾਨ ਧਰਨਾ ਲਾ ਕੇ ਬੈਠੇ ਰਹੇ।