India Punjab

ਟੋਕੀਓ ਪੈਰਾ-ਉਲੰਪਿਕ : ਅਵਨੀ ਲੇਖਾਰਾ ਨੇ ਫੁੰਡਿਆ ਸੋਨੇ ਦਾ ਮੈਡਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਪੈਰਾਉਲੰਪਿਕ ਵਿੱਚ ਭਾਰਤ ਦੀ ਅਵਨੀ ਲੇਖਾਰਾ ਨੇ ਔਰਤਾਂ ਦੀ 10 ਮੀਟਰ ਦੀ ਏਅਰ ਰਾਇਫਲ ਸਟੈਂਡਿੰਗ ਪ੍ਰਤੀਯੋਗਿਤਾ ਵਿੱਚ ਸੋਨੇ ਦਾ ਮੈਡਲ ਜਿੱਤਿਆ ਹੈ।ਉਨ੍ਹਾਂ ਦੀ ਇਸ ਜਿੱਤ ਉੱਤੇ ਪੈਰਾਉਲੰਪਿਕ ਕਮੇਟੀ ਆਫ ਇੰਡੀਆ ਦੀ ਪ੍ਰਧਾਨ ਦੀਪਾ ਮਲਿਕ ਨੇ ਵਧਾਈ ਦਿੱਤੀ ਹੈ।

ਅਵਨੀ ਨੇ ਸੋਨੇ ਦਾ ਮੈਡਲ ਪੈਰਾਉਲੰਪਿਕ ਦੇ ਰਿਕਾਰਡ ਸਕੋਰ 249.6 ਦੀ ਬਰਾਬਰੀ ਕਰਦਿਆਂ ਜਿੱਤਿਆ ਹੈ।ਚੀਨ ਦੀ ਸ਼ਿਪਿਂਗ ਝਾਂਗ ਨੇ 248.9 ਦੇ ਸਕੋਰ ਨਾਲ ਸਿਲਵਰ ਤੇ ਯੂਕ੍ਰੇਨ ਦੀ ਇਰਿਆਨ ਸ਼ੇਤਕਿਨ ਨੇ 227.5 ਦੇ ਸਕੋਰ ਨਾਲ ਕਾਂਸੇ ਦਾ ਮੈਡਲ ਜਿੱਤਿਆ ਹੈ।ਇਸ ਪ੍ਰਾਪਤੀ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਹੈ ਕਿ ਸਖਤ ਮਿਹਨਤ ਨਾਲ ਸੋਨੇ ਦਾ ਮੈਡਲ ਜਿੱਤਣ ਲਈ ਵਧਾਈ। ਇਹ ਸਹੀ ਮਾਇਨਿਆਂ ਵਿੱਚ ਭਾਰਤੀ ਖੇਡਾਂ ਲਈ ਇਕ ਖਾਸ ਪਲ ਹੈ। ਭਵਿੱਖ ਲਈ ਬਹੁਤ ਸ਼ੁੱਭਕਾਮਨਾਵਾਂ।

ਇਸੇ ਤਰ੍ਹਾਂ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਦਵਿੰਦਰ ਝਾਂਜਰੀਆ ਨੇ ਸਿਲਵਰ ਤੇ ਸੁੰਦਰ ਸਿੰਘ ਗੁਰਜਰ ਨੇ ਕਾਂਸੇ ਦਾ ਮੈਡਲ ਹਾਸਿਲ ਕੀਤਾ ਹੈ। ਝਾਂਜਰੀਆ ਨੇ ਜੈਵਲਿਨ ਆਪਣੇ ਨਿੱਜੀ ਪ੍ਰਦਰਸ਼ਨ ਨੂੰ ਹੋਰ ਵਧੀਆ ਕਰਦਿਆਂ 64.35 ਮੀਟਰ ਤੱਕ ਸੁੱਟਿਆ ਤੇ ਜਦੋਂ ਕਿ ਸ਼੍ਰੀ ਲੰਕਾ ਦੇ ਦਿਨੇਸ਼ ਮੁਦਿਆਂਸੇਲਾਗੇ ਨੇ ਨਵਾਂ ਵਿਸ਼ਵ ਰਿਕਾਰਡ ਬਣਾਉਂਦਿਆਂ 64.01 ਮੀਟਰ ਦੂਰ ਸੁੱਟਿਆ ਹੈ।

ਉੱਧਰ, ਡਿਸਕਸ ਥ੍ਰੋਅ ਮੁਕਾਬਲੇ ਵਿੱਚ ਪੁਰਸ਼ਾਂ ਦੀ ਪ੍ਰਤੀਯੋਗਿਤਾ ਵਿੱਚ ਭਾਰਤ ਦੇ ਯੋਗੇਸ਼ ਕਥੂਰੀਆ ਨੇ ਸਿਲਵਰ ਮੈਡਲ ਹਾਸਿਲ ਕੀਤਾ ਹੈ।ਇਸ ਪ੍ਰਾਪਤੀ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਥੂਰੀਆ ਦੇ ਸ਼ਾਨਦਾਰ ਭਵਿੱਖ ਦੀ ਕਾਮਨਾਂ ਕਰਦਿਆਂ ਵਧਾਈ ਦਿੱਤੀ ਹੈ।