India International Punjab

ਭਾਰਤ ਲਾਲ ਸੂਚੀ ਤੋਂ ਬਾਹਰ, ਵਲੈਤ ਨੂੰ ਉਡਾਣਾਂ ਸ਼ੁਰੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇੰਗਲੈਂਡ ਵਿੱਚ ਕੋਰੋਨਾ ਦੇ ਹਾਲਾਤ ਸੁਧਰਨ ਤੋਂ ਬਾਅਦ ਹੌਲੀ-ਹੌਲੀ ਭਾਰਤ ਨਾਲ ਹਵਾਈ ਸੰਪਰਕ ਜੁੜਨ ਲੱਗਾ ਹੈ। ਇੰਗਲੈਂਡ ਦੀ ਸਰਕਾਰ ਨੇ ਅੱਠ ਅਗਸਤ ਨੂੰ ਭਾਰਤ ਦਾ ਨਾਂ ਲਾਲ ਸੂਚੀ ਤੋਂ ਹਟਾ ਕੇ ਏਂਬਰ ਸੂਚੀ ਵਿੱਚ ਸ਼ਾਮਿਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਦੋਵਾਂ ਮੁਲਕਾਂ ਵਿੱਚ ਉਡਾਣਾਂ ਸ਼ੁਰੂ ਹੋਣ ਦਾ ਸਬੱਬ ਬਣਿਆ ਹੈ। ਦੋਵਾਂ ਦੇਸ਼ਾਂ ਦੇ ਵਸਨੀਕਾਂ ਦੀ ਮੰਗ ਦੇ ਮੱਦੇਨਜ਼ਰ ਏਅਰ ਇੰਡੀਆ ਤਿੰਨ ਸਤੰਬਰ ਤੋਂ ਅੰਮ੍ਰਿਤਸਰ ਤੋਂ ਬਰਮਿੰਘਮ ਤੱਕ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਅਜੇ ਕੁੱਝ ਦਿਨ ਪਹਿਲਾਂ ਹੀ ਅੰਮ੍ਰਿਤਸਰ-ਲੰਡਨ ਉਡਾਣ ਸ਼ੁਰੂ ਕੀਤੀ ਗਈ ਹੈ, ਜਿਸਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਵੈਬਸਾਈਟ ’ਤੇ ਤਾਜ਼ਾ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਬਰਮਿੰਘਮ ਵਿਚਕਾਰ ਹਰ ਹਫ਼ਤੇ ਵਿੱਚ ਇੱਕ ਸਿੱਧੀ ਉਡਾਣ 3 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ।ਹਰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 3:00 ਵਜੇ ਉਡਾਣ ਭਰੇਗੀ ਅਤੇ ਉਸੇ ਦਿਨ ਸ਼ਾਮ 5:20 ਵਜੇ ਬਰਮਿੰਘਮ ਪਹੁੰਚੇਗੀ। ਵਾਪਸੀ ਦੀ ਉਡਾਣ ਸ਼ਨੀਵਾਰ ਸ਼ਾਮ ਨੂੰ 7:30 ਵਜੇ ਬਰਮਿੰਘਮ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਐਤਵਾਰ ਸਵੇਰੇ 7:35 ਵਜੇ ਅੰਮ੍ਰਿਤਸਰ ਪਹੁੰਚੇਗੀ।  ਏਅਰ ਇੰਡੀਆ ਇਸ ਰੂਟ ‘ਤੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਦੀ ਵਰਤੋਂ ਕਰੇਗੀ। ਇਨ੍ਹਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈੱਬਸਾਈਟ ‘ਤੇ ਕੀਤੀ ਜਾ ਸਕਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਏਅਰ ਇੰਡੀਆ ਨੇ 16 ਅਗਸਤ ਨੂੰ ਅੰਮ੍ਰਿਤਸਰ ਤੋਂ ਲੰਡਨ ਹੀਥਰੋ ਲਈ ਹਰ ਹਫਤੇ ਵਿੱਚ ਇੱਕ ਦਿਨ ਸਿੱਧੀ ਉਡਾਣ ਦੁਬਾਰਾ ਸ਼ੁਰੂ ਕੀਤੀ ਸੀ ਜਿਸ ਨਾਲ ਫਿਰ ਤੋਂ ਯੂਕੇ ਨਾਲ ਇਸ ਸਿੱਧੇ ਹਵਾਈ ਸੰਪਰਕ ਨਾਲ ਅੰਮ੍ਰਿਤਸਰ ਤੋਂ ਯੂਕੇ ਲਈ ਕਾਰਗੋ ਵਪਾਰ ਸ਼ੁਰੂ ਹੋ ਗਿਆ ਹੈ। ਲੰਡਨ ਅਤੇ ਬਰਮਿੰਘਮ ਨਾਲ ਹਵਾਈ ਸੰਪਰਕ ਮੁੜ ਸ਼ੁਰੂ ਹੋਣ ਦਾ ਸਵਾਗਤ ਕਰਦੇ ਹੋਏ, ਅੰਮ੍ਰਿਤਸਰ ਵਿਕਾਸ ਮੰਚ (ਐਨਜੀਓ) ਦੇ ਸਕੱਤਰ ਯੋਗੇਸ਼ ਕਰਮਾ ਨੇ ਕਿਹਾ, “ਇਨ੍ਹਾਂ ਉਡਾਣਾਂ ਦੇ ਦੁਬਾਰਾ ਸ਼ੁਰੂ ਹੋਣ ਨਾਲ ਕਿਸਾਨ ਅਤੇ ਵਪਾਰੀਆਂ ਨੂੰ ਸਬਜ਼ੀਆਂ, ਫਲ, ਅਤੇ ਹੋਰ ਵਸਤੂਆਂ ਵਿਦੇਸ਼ ਭੇਜਣ ਵਿੱਚ ਆਸਾਨੀ ਹੋਵੇਗੀ। ਬਰਮਿੰਘਮ ਨਾਲ ਪੰਜਾਬ ਦਾ ਸਿੱਧਾ ਸੰਪਰਕ ਦਹਾਕਿਆਂ ਪੁਰਾਣੀ ਮੰਗ ਰਹੀ ਹੈ ਅਤੇ ਭਾਰਤ ਦੀ ਰਾਸ਼ਟਰੀ ਏਅਰਲਾਈਨ ਏਅਰ ਇੰਡੀਆ ਨੇ ਇਸਨੂੰ ਮੁੜ ਪੂਰਾ ਕੀਤਾ ਹੈ। ਕਾਮਰਾ, ਜੋ ਏਅਰਪੋਰਟ ਐਡਵਾਈਜ਼ਰੀ ਕਮੇਟੀ (ਏਏਸੀ) ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਏਅਰ ਇੰਡੀਆ ਦੀ ਹਾਲ ਹੀ ਵਿੱਚ ਲੰਡਨ ਹੀਥਰੋ ਲਈ ਸ਼ੁਰੂ ਹੋਈ ਉਡਾਣ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਇੱਥੋਂ ਕਾਰਗੋ ਵਪਾਰ ਨੂੰ ਵਧਾਉਣ ਦੀ ਲੋੜ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।

ਉਨਾਂ ਅੱਗੇ ਕਿਹਾ ਕਿ 10 ਲੱਖ ਤੋਂ ਵੱਧ ਪੰਜਾਬੀ ਯੂਕੇ ਵਿੱਚ ਰਹਿੰਦੇ ਹਨ ਅਤੇ ਲੰਡਨ ਹੀਥਰੋ ਤੇ ਬਰਮਿੰਘਮ ਲਈ ਹਫਤੇ ਵਿੱਚ ਘੱਟੋ ਘੱਟ 3 ਉਡਾਣਾਂ ਹੋਣੀਆਂ ਚਾਹੀਦੀਆਂ ਹਨ। ਭਵਿੱਖ ਵਿਚ ਉਡਾਣਾਂ ਦੇ ਮੁੜ ਸ਼ੁਰੂ ਹੋਣ ਨਾਲ ਲੰਡਨ ਦੇ ਹੀਥਰੋ ਹਵਾਈ ਅੱਡੇ ਰਾਹੀਂ ਪੰਜਾਬ ਦੇ ਯਾਤਰੀਆਂ ਨੂੰ ਟੋਰਾਂਟੋ, ਵੈਨਕੂਵਰ, ਕੈਲਗਰੀ, ਨਿਉਯਾਰਕ ਸਾਨ ਫ੍ਰਾਂਸਿਸਕੋ, ਸ਼ਿਕਾਗੋ ਅਤੇ ਯੂਰਪ ਦੇ ਕਈ ਮੁਲਕਾਂ ਨਾਲ ਸੰਪਰਕ ਮਿਲ ਸਕੇਗਾ।

ਸੇਵਾ ਟਰੱਸਟ ਯੂਕੇ ਦੇ ਚੇਅਰਮੈਨ, ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਇਸ ਉਡਾਣ ਦੇ ਮੁੜ ਸ਼ੁਰੂ ਹੋਣ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਬਰਮਿੰਘਮ ਦੇ ਨਾਲ ਲਗਦੇ  ਸ਼ਹਿਰਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੂੰ ਹੁਣ ਕੋਰੋਨਾ ਦੇ ਦੌਰਾਨ ਸਫਰ ਕਰਨ ਵਿੱਚ ਸਹੂਲਤ ਹੋਵੇਗੀ।