International

ਟਰੰਪ ਦੀ ਰੈਲੀ ਦੇ ਬਾਹਰ ਹਥਿਆਰਾਂ ਸਮੇਤ ਵਿਅਕਤੀ ਗ੍ਰਿਫਤਾਰ, ਦੋ ਬੰਦੂਕਾਂ ਅਤੇ ਜਾਅਲੀ ਪਾਸਪੋਰਟ ਬਰਾਮਦ

ਅਮਰੀਕਾ : ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਕੋਚੇਲਾ ਵਿੱਚ ਡੋਨਾਲਡ ਟਰੰਪ ਦੀ ਰੈਲੀ ਦੇ ਨੇੜੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਵਿਅਕਤੀ ਕੋਲੋਂ ਇੱਕ ਸ਼ਾਟ ਗਨ, ਇੱਕ ਹੈਂਡ ਗਨ ਅਤੇ ਇੱਕ ਜਾਅਲੀ ਪਾਸਪੋਰਟ ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਸ਼ੱਕੀ ਦੀ ਪਛਾਣ 49 ਸਾਲਾ ਵੇਮ ਮਿਲਰ ਵਜੋਂ ਹੋਈ ਹੈ।

ਸੀਐਨਐਨ ਮੁਤਾਬਕ ਟਰੰਪ 12 ਅਕਤੂਬਰ ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਕੋਚੇਲਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਹਥਿਆਰਬੰਦ ਵਿਅਕਤੀ ਨੂੰ ਕਾਬੂ ਕਰ ਲਿਆ। ਪੁਲਿਸ ਨੇ ਸ਼ੱਕੀ ਦੀ ਕਾਲੀ ਐਸਯੂਵੀ ਵਿੱਚੋਂ ਇੱਕ ਸ਼ਾਟਗਨ, ਇੱਕ ਲੋਡਡ ਹੈਂਡਗਨ ਅਤੇ 1 ਉੱਚ ਸਮਰੱਥਾ ਵਾਲੀ ਮੈਗਜ਼ੀਨ ਬਰਾਮਦ ਕੀਤੀ ਹੈ। ਰਿਵਰਸਾਈਡ ਕਾਉਂਟੀ ਸ਼ੈਰਿਫ ਚੈਡ ਬਿਆਂਕੋ ਨੇ ਕਿਹਾ ਕਿ ਉਸ ਕੋਲ ਜਾਅਲੀ ਪ੍ਰੈਸ ਅਤੇ ਵੀਆਈਪੀ ਪਾਸ ਸਨ, ਜਿਸ ਨੇ ਸ਼ੱਕ ਪੈਦਾ ਕੀਤਾ।

ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ 49 ਸਾਲਾ ਦੋਸ਼ੀ ਦਾ ਨਾਂ ਵੇਮ ਮਿਲਰ ਹੈ। ਸ਼ੱਕੀ ਮਿਲਰ ‘ਤੇ ਹਥਿਆਰ ਰੱਖਣ ਦੇ ਦੋ ਦੋਸ਼ ਲਗਾਏ ਗਏ ਹਨ ਅਤੇ $5,000 ਦੇ ਬਾਂਡ ‘ਤੇ ਰਿਹਾਅ ਕੀਤਾ ਗਿਆ ਹੈ। ਉਸ ਨੂੰ 2 ਜਨਵਰੀ, 2025 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਰਿਵਰਸਾਈਡ ਕਾਉਂਟੀ ਸ਼ੈਰਿਫ ਜਲਦੀ ਹੀ ਕੇਸ ਬਾਰੇ ਪੂਰੀ ਜਾਣਕਾਰੀ ਲਈ ਇੱਕ ਪ੍ਰੈਸ ਕਾਨਫਰੰਸ ਕਰੇਗਾ।

ਦਰਅਸਲ, ਤਿੰਨ ਮਹੀਨੇ ਪਹਿਲਾਂ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਟਰੰਪ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਦੇ ਨਾਲ ਹੀ 16 ਸਤੰਬਰ ਨੂੰ ਟਰੰਪ ‘ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਟਰੰਪ ਉਸ ਸਮੇਂ ਫਲੋਰੀਡਾ ਦੇ ਪਾਮ ਬੀਚ ਕਾਉਂਟੀ ਵਿੱਚ ਅੰਤਰਰਾਸ਼ਟਰੀ ਗੋਲਫ ਕਲੱਬ ਵਿੱਚ ਖੇਡ ਰਹੇ ਸਨ। ਉਦੋਂ ਉਨ੍ਹਾਂ ਦੀ ਸੁਰੱਖਿਆ ‘ਚ ਲੱਗੇ ਸੀਕ੍ਰੇਟ ਸਰਵਿਸ ਏਜੰਟ ਨੇ ਇਕ ਵਿਅਕਤੀ ਨੂੰ ਹਥਿਆਰਾਂ ਸਮੇਤ ਝਾੜੀਆਂ ‘ਚ ਲੁਕਿਆ ਦੇਖਿਆ।

ਅਮਰੀਕੀ ਸੀਕਰੇਟ ਸਰਵਿਸ ਨੇ ਕਿਹਾ ਕਿ ਡੋਨਾਲਡ ਟਰੰਪ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ। ਸਥਾਨਕ ਪੁਲਿਸ ਨੇ ਗ੍ਰਿਫਤਾਰ ਸ਼ੱਕੀ ਨੂੰ ‘ਮਾਨਸਿਕ ਤੌਰ ‘ਤੇ ਅਸੰਤੁਲਿਤ’ ਦੱਸਿਆ ਹੈ। ਪੁਲਿਸ ਦਫਤਰ ਮੁਤਾਬਕ ਇਸ ਘਟਨਾ ਨਾਲ ਟਰੰਪ ਦੀ ਸੁਰੱਖਿਆ ਜਾਂ ਰੈਲੀ ‘ਚ ਉਨ੍ਹਾਂ ਦੀ ਮੌਜੂਦਗੀ ‘ਤੇ ਕੋਈ ਫਰਕ ਨਹੀਂ ਪਿਆ।