India Punjab

ਮਾਲਵਾ ਨਹਿਰ ਤੇ ਹਰਿਆਣਾ ਸਰਕਾਰ ਨੇ ਖੜ੍ਹੇ ਕੀਤਾ ਸਵਾਲ! ਪੰਜਾਬ ਨੇ ਜਵਾਬ ਦੇਣ ਦੀ ਬਣਾਈ ਰਣਨੀਤੀ

ਬਿਊਰੋ ਰਿਪੋਰਟ – ਪੰਜਾਬ ਸਰਕਾਰ ਵੱਲੋਂ ਮਾਲਵਾ ਨਹਿਰ (Malwa Canal) ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ। ਇਸ ਸਬੰਧੀ ਹਰਿਆਣਾ (Haryana) ਨੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੂੰ ਸ਼ਿਕਾਇਤ ਭੇਜੀ ਹੈ। ਹਰਿਆਣਾ ਵੱਲੋਂ ਉੱਤਰੀ ਜ਼ੋਨਲ ਕੌਂਸਲ ਦੀ 6 ਸਤੰਬਰ ਨੂੰ ਹੋਣ ਵਾਲੀ ਸਟੈਡਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਨਹਿਰ ਦਾ ਮੁੱਦਾ ਚੁੱਕਣ ਦੀ ਗੱਲ ਕਹੀ ਗਈ ਹੈ। ਦੱਸ ਦੇਈਏ ਕਿ ਇਹ ਨਹਿਰ ਪੰਜਾਬ ਦੇ ਅੰਦਰ ਹੀ ਬਣੇਗੀ ਅਤੇ ਪੰਜਾਬ ਦੇ ਅੰਦਰ ਹੀ ਖਤਮ ਹੋ ਜਾਵੇਗੀ ਅਤੇ ਪੰਜਾਬ ਆਪਣੇ ਹਿੱਸੇ ਦਾ ਹੀ ਪਾਣੀ ਵਰਤੇਗਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਲਵੇ ਇਲਾਕੇ ਲਈ ਇਸ ਨਹਿਰ ਨੂੰ ਬਣਾਉਣ ਦਾ ਐਲਾਨ ਕੀਤਾ ਸੀ। ਇਸ ਨਹਿਰ ਦੇ ਨਾਲ ਮਾਲਵੇ ਦੇ 62 ਪਿੰਡਾਂ ਨੂੰ ਪਾਣੀ ਮਿਲੇਗਾ। ਇਸ ਨਹਿਰ ਦੇ ਵਿੱਚ 2 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ, ਜਿਸ ਨਾਲ ਇਨ੍ਹਾਂ ਪਿੰਡਾਂ ਦੀ ਸਿੰਚਾਈ ਕੀਤੀ ਜਾਵੇਗੀ। ਮੁੱਖ ਮੰਤਰੀ ਵੱਲੋਂ ਖੁਦ 27 ਜੁਲਾਈ ਨੂੰ ਇਸ ਨਹਿਰ ਦਾ ਜਾਇਜ਼ਾ ਲਿਆ ਗਿਆ ਹੈ। 

ਹਰਿਆਣਾ ਸਰਕਾਰ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪੰਜਾਬ ਹਰੀਕੇ ਤੋਂ ਆਪਣਾ ਤੀਜਾ ਫੀਡਰ ਬਣਾ ਰਿਹਾ ਹੈ ਪਰ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ। ਹਰਿਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਦੇ ਵੇਰਵਿਆਂ ਬਾਰੇ ਦੱਸਣਾ ਚਾਹੀਦਾ ਸੀ। ਹਰਿਆਣਾ ਨੇ ਕਿਹਾ ਕਿ ਅੰਤਰਾਰਾਜੀ ਨਹਿਰ ਬਣਾਉਣ ਲਈ ਸਹਿਮਤੀ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਹਰਿਆਣਾ ਨੇ ਪਾਕਿਸਤਾਨ ਨੂੰ ਪਾਣੀ ਦੇਣ ਦੀ ਵੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਮਾਧੋਪੁਰ ਅਤੇ ਫਿਰੋਜ਼ਪੁਰ ਹੈਡਵਰਕਸ ਤੋਂ 157 ਐਮ.ਏ.ਐਫ ਪਾਣੀ ਪਾਕਿਸਤਾਨ ਨੂੰ ਛੱਡਿਆ ਜਾ ਰਿਹਾ ਹੈ। ਹਰਿਆਣ ਨੇ ਰਾਜਸਥਾਨ ਤੇ ਵੀ ਵੱਧ ਪਾਣੀ ਲੈਣ ਦਾ ਇਲਜ਼ਾਮ ਲਗਾਇਆ ਹੈ। 

ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਅਤੇ ਰਾਜਸਥਾਨ ਬਿਆਸ ਦਰਿਆ ਵਿੱਚੋਂ ਵੱਧ ਪਾਣੀ ਲੈ ਰਿਹਾ ਹੈ। ਦੱਸ ਦੇਈਏ ਕਿ ਇਸ ਸਮੇਂ ਹਰਿਆਣਾ ਵਿੱਚ ਚੋਣਾਂ ਹਨ ਅਤੇ ਹਰਿਆਣਾ ਦੇ ਲੀਡਰ ਇਸ ਨੂੰ ਚੁਣਾਵੀ ਮੁੱਦਾ ਬਣਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਦਾ ਜਵਾਬ ਦੇਣ ਲਈ ਪੰਜਾਬ ਸਰਕਾਰ 6 ਸਤੰਬਰ ਨੂੰ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਵਿੱਚ ਤਿਆਰ ਹੈ। ਪੰਜਾਬ ਸਰਕਾਰ ਦੇ ਤਰਕ ਦਿੰਦਿਆਂ ਕਿਹਾ ਕਿ ਮੌਨਸੂਨ ਦੇ ਸ਼ੀਜਨ ਮੌਕੇ ਹੀ ਹੜ੍ਹਾਂ ਦਾ ਪਾਣੀ ਪਾਕਿਸਤਾਨ ਜਾਂਦਾ ਹੈ। ਪੰਜਾਬ ਸਰਕਾਰ ਨੇ ਗੁਆਂਢੀ ਸੂਬਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਮੌਨਸੂਨ ਦਾ ਸ਼ੀਜਨ ਹੁੰਦਾ ਹੈ ਤਾਂ ਹਰਿਆਣਾ ਅਤੇ ਰਾਜਸਥਾਨ ਦੋਵੇਂ ਆਪਣੀ ਮੰਗ ਨੂੰ ਘਟਾ ਦਿੰਦੇ ਹਨ। ਜਦੋਂ 2023 ਵਿੱਚ ਹੜ੍ਹ ਆਏ ਸਨ ਤਾਂ ਹਰਿਆਣਾ ਅਤੇ ਰਾਜਸਥਾਨ ਨੇ ਘੱਟ ਪਾਣੀ ਛੱਡਣ ਦੀ ਅਪੀਲ ਕੀਤੀ ਸੀ। ਹਰਿਆਣਾ ਨੇ 6100 ਕਿਊਸਿਕ ਅਤੇ ਰਾਜਸਥਾਨ ਨੇ 2 ਹਜ਼ਾਰ ਕਿਊਸਿਕ ਪਾਣੀ ਘੱਟ ਛੱਡਣ ਦੀ ਅਪੀਲ ਕੀਤੀ ਸੀ। ਉਸ ਸਮੇਂ ਕੇਵਲ ਹੜ੍ਹਾਂ ਦੀ ਮਾਰ ਪੰਜਾਬ ਨੂੰ ਹੀ ਝੱਲਣੀ ਪਈ ਹੈ। 

ਇਸ ਬਾਰੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਕਿਹਾ ਕਿ ਮਾਲਵਾ ਨਹਿਰ ਦਾ ਕੰਮ ਹਰੀਕੇ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਮੁਕਤਸਰ ਸਾਹਿਬ ਤੱਕ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਕਿਸੇ ਵੀ ਸੂਬੇ ਦੀ ਹੱਦ ਨੂੰ ਨਹੀਂ ਲਗਦੀ। ਉਨ੍ਹਾਂ ਕਿਹਾ ਕਿ ਮਾਲਵਾ ਨਹਿਰ ਵਿੱਚ ਪੰਜਾਬ ਆਪਣੇ ਹਿੱਸੇ ਦਾ ਹੀ ਪਾਣੀ ਵਰਤੇਗਾ। ਇਹ ਦੱਸਣਾ ਜ਼ਰੂਰੀ ਹੈ ਕਿ ਹਰਿਆਣਾ ਸਰਕਾਰ ਇਹ ਸਾਰਾ ਕੁਝ ਐਸ.ਵਾਈ.ਐਲ ਨੂੰ ਲੈ ਕੇ ਕਰ ਰਹੀ ਹੈ। ਇਸ ਕਰਕੇ ਹੀ ਹਰਿਆਣਾ ਸਰਕਾਰ ਅੜਿੱਕੇ ਖੜ੍ਹੇ ਕਰ ਰਹੀ ਹੈ। 

ਇਹ ਵੀ ਜਾਣਕਾਰੀ ਮਿਲੀ ਹੈ ਕਿ ਕੇਂਦਰ ਸਰਕਾਰ ਨੇ ਵੀ ਪੰਜਾਬ ਕੋਲੋਂ ਇਸ ਸਬੰਧੀ ਜਾਣਕਾਰੀ ਮੰਗੀ ਹੈ।

ਇਹ ਵੀ ਪੜ੍ਹੋ –   ਜਗਰਾਉਂ ਡੇਰੇ ਦੇ ਮੁੱਖ ਸੇਵਾਦਾਰਾ ‘ਤੇ ਲੱਗੇ ਜ਼ਬਰਜਨਾਹ ਦੇ ਇਲਜ਼ਾਮ! ਪੁਲਿਸ ਨੇ ਲਿਆ ਵੱਡਾ ਐਕਸ਼ਨ