ਬਿਉਰੋ ਰਿਪੋਰਟ : ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਆਯੁਸ਼ਮਾਨ ਭਾਰਤ ਸਕੀਮ ਨਾਲ ਜੋੜਨ ਦੇ ਲਈ ਮਾਨ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ । ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਦੀਵਾਲੀ ਬੰਪਰ ਡਰਾਅ ਕੱਢਿਆ ਹੈ ਜਿਸ ਤਹਿਤ ਜੇ ਕੋਈ ਵੀ ਵਿਅਕਤੀ 16 ਅਕਤੂਬਰ ਤੋਂ 30 ਨਵੰਬਰ,2023 ਤੱਕ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਆਪਣੇ ਆਪ ਨੂੰ ਰਜਿਸਟਰ ਕਰਦਾ ਹੈ ਤਾਂ ਉਸ ਕੋਲ ਇੱਕ ਲੱਖ ਰੁਪਏ ਤੱਕ ਦਾ ਇਨਾਮ ਜਿੱਤਣ ਦਾ ਮੌਕਾ ਹੋਵੇਗਾ।
ਡਰਾਅ ਦੌਰਾਨ 10 ਜੇਤੂਆਂ ਦੀ ਚੋਣ ਕੀਤੀ ਜਾਵੇਗੀ ਅਤੇ ਇਸ ਲਈ ਪਹਿਲਾ ਇਨਾਮ ਇੱਕ ਲੱਖ ਰੁਪਏ, ਦੂਜਾ ਇਨਾਮ 50,000 ਰੁਪਏ ਅਤੇ ਤੀਜਾ ਇਨਾਮ 25000 ਰੁਪਏ ਹੋਵੇਗਾ। ਇਸੇ ਤਰ੍ਹਾਂ ਚੌਥਾ ਇਨਾਮ 10000 ਰੁਪਏ ਅਤੇ ਪੰਜਵਾਂ ਇਨਾਮ 8000 ਰੁਪਏ ਰੱਖਿਆ ਗਿਆ ਹੈ ਜਦਕਿ ਛੇਵੇਂ ਤੋਂ ਦਸਵਾਂ ਇਨਾਮ 5000 ਰੁਪਏ ਹੋਵੇਗਾ। ਇਹ ਡਰਾਅ 4 ਦਸੰਬਰ, 2023 ਨੂੰ ਕੱਢਿਆ ਜਾਵੇਗਾ।
ਇਹ ਵਿਸ਼ੇਸ਼ ਮੁਹਿੰਮ ਲੋਕਾਂ ਨੂੰ ਆਯੁਸ਼ਮਾਨ ਕਾਰਡ ਬਣਾਉਣ ਵਾਸਤੇ ਉਤਸ਼ਾਹਿਤ ਕਰਦਿਆਂ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰ ਕਰਨ ਲਈ ਪੰਜਾਬ ਸਰਕਾਰ ਦੀ ਇੱਕ ਹੋਰ ਪਹਿਲ ਹੈ।
ਲਾਭਪਾਤਰੀ “ਆਯੁਸ਼ਮਾਨ ਐਪ” ਦੀ ਵਰਤੋਂ ਕਰਕੇ, “beneficiary.nha.gov.in” ਵੈਬਸਾਈਟ ‘ਤੇ ਜਾ ਕੇ ਜਾਂ ਆਪਣੇ ਨਜ਼ਦੀਕੀ ਆਸ਼ਾ ਵਰਕਰ ਜਾਂ ਸੂਚੀਬੱਧ ਹਸਪਤਾਲਾਂ ਤੱਕ ਪਹੁੰਚ ਕਰਕੇ ਆਪਣੇ ਕਾਰਡ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ।
800 ਹਸਪਤਾਲਾਂ ਵਿੱਚ ਚੱਲੇਗਾ ਕਾਰਡ
ਸਕੀਮ ਸੂਬੇ ਭਰ ਦੇ 800 ਤੋਂ ਵੱਧ ਸਰਕਾਰੀ ਅਤੇ ਨਿੱਜੀ ਸੂਚੀਬੱਧ ਹਸਪਤਾਲਾਂ ਵਿੱਚ ਹਰੇਕ ਪਰਿਵਾਰ ਲਈ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਪ੍ਰਦਾਨ ਕਰਦੀ ਹੈ। ਸੂਬੇ ਵਿੱਚ 44 ਲੱਖ ਤੋਂ ਵੱਧ ਪਰਿਵਾਰ ਇਸ ਸਕੀਮ ਦਾ ਲਾਭ ਲੈ ਰਹੇ ਹਨ ਜਿਸ ਵਿੱਚ ਗੋਡੇ ਬਦਲਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸਮੇਤ ਲਗਭਗ 1600 ਕਿਸਮਾਂ ਦੇ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ।
ਇਹ ਲੋਕ ਸਕੀਮ ਦੇ ਦਾਇਰੇ ਵਿੱਚ
ਇਨ੍ਹਾਂ ਲਾਭਪਾਤਰੀ ਪਰਿਵਾਰਾਂ ਵਿੱਚ ਐਨ.ਐਫ.ਐਸ.ਏ. ਰਾਸ਼ਨ ਕਾਰਡ ਧਾਰਕ, ਜੇ-ਫਾਰਮ ਧਾਰਕ ਕਿਸਾਨ, ਰਜਿਸਟਰਡ ਮਜ਼ਦੂਰ, ਰਜਿਸਟਰਡ ਛੋਟੇ ਵਪਾਰੀ, ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਅਤੇ ਸਮਾਜਿਕ-ਆਰਥਿਕ ਜਾਤੀ ਜਨਗਣਨਾ ਡੇਟਾ- 2011 ਦੇ ਤਹਿਤ ਕਵਰ ਪਰਿਵਾਰ ਸ਼ਾਮਲ ਹਨ।