Punjab

ਕਾਲ਼ਾ ਹੋ ਰਿਹਾ ਸਤਲੁਜ ਦਾ ਪਾਣੀ! 15 ਅਗਸਤ ਨੂੰ ਬੁੱਢਾ ਦਰਿਆ ਦੇ ਪ੍ਰਦੂਸ਼ਣ ਸਬੰਧੀ ਹੋਏਗਾ ਵੱਡਾ ਐਕਸ਼ਨ

ਪੰਜਾਬ ਵਿੱਚ ਵਾਤਾਵਰਨ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਸੰਸਥਾਵਾਂ ਨਰੋਆ ਪੰਜਾਬ ਮੰਚ ਤੇ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਵੱਲੋਂ ਅੱਜ ਪਿੰਡ ਵਲੀਪੁਰ ਵਿਖੇ ਬੁੱਢਾ ਦਰਿਆ ਅਤੇ ਸਤਲੁਜ ਦੇ ਸੰਗਮ ਤੇ ਵਾਤਾਵਰਣ ਕਾਰਕੁਨਾਂ ਦਾ ਇੱਕ ਵੱਡਾ ਇਕੱਠ ਰੱਖਿਆ ਗਿਆ। ਇਸ ਇਕੱਠ ਦਾ ਮੁੱਖ ਮੰਤਵ ਬੁੱਢਾ ਦਰਿਆ ਦੇ ਵਿੱਚ ਪੈ ਰਹੇ ਪ੍ਰਦੂਸ਼ਿਤ ਅਤੇ ਜ਼ਹਿਰੀਲੇ ਪਾਣੀ ਨੂੰ ਰੁਕਵਾਉਣ ਲਈ ਸਰਕਾਰ ਤੇ ਦਬਾਅ ਬਣਾਉਣਾ ਸੀ ਜੋ ਕਿ ਲੰਮੇ ਸਮੇਂ ਤੋਂ ਇਸ ਮੁੱਦੇ ਨੂੰ ਕੋਈ ਬਹੁਤੀ ਤਰਜੀਹ ਨਹੀਂ ਦੇ ਰਹੀ।

ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ 15 ਅਗਸਤ 2024 ਨੂੰ ਲੁਧਿਆਣਾ ਵਿੱਚ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਲੈ ਕੇ ਇੱਕ ਵੱਡਾ ਮਾਰਚ ਕੱਢਿਆ ਜਾਵੇ ਤਾਂ ਕਿ ਪੰਜਾਬ ਨੂੰ ਹੁਣ ਪ੍ਰਦੂਸ਼ਣ ਤੋਂ ਵੀ ਆਜ਼ਾਦੀ ਦਵਾਈ ਜਾ ਸਕੇ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜੇ 15 ਸਤੰਬਰ ਤੱਕ ਸਰਕਾਰ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਵਿੱਚ ਕਾਮਯਾਬ ਨਹੀਂ ਰਹਿੰਦੀ ਤਾਂ ਇਸ ਨੂੰ ਇੱਕ ਪੱਕਾ ਬੰਨ ਮਾਰ ਕੇ ਲੁਧਿਆਣਾ ਤੱਕ ਹੀ ਸੀਮਤ ਕਰ ਦਿੱਤਾ ਜਾਵੇ ਤਾਂ ਕਿ ਦੱਖਣੀ ਪੰਜਾਬ ਨੂੰ ਇਸ ਜਹਰੀਲੇ ਪਾਣੀ ਰਾਹੀਂ ਹੋ ਰਹੀ ਨਸਲ ਕੁਸ਼ੀ ਤੋਂ ਬਚਾਇਆ ਜਾ ਸਕੇ।

ਏਥੇ ਵਰਨਣਯੋਗ ਹੈ ਕਿ ਸਤਲੁਜ ਦੱਖਣੀ ਪੰਜਾਬ ਦੇ ਵੱਡੇ ਹਿੱਸੇ ਦਾ ਪੀਣ ਵਾਲੇ ਪਾਣੀ ਦਾ ਇਕੱਲਾ ਸਰੋਤ ਹੈ ਅਤੇ ਇਸ ਵਿੱਚ ਬੁੱਢੇ ਦਰਿਆ ਦਾ ਜ਼ਹਿਰੀਲਾ ਪਾਣੀ ਮਿਲਣ ਕਰਕੇ ਬਿਮਾਰੀਆਂ ਤੇ ਸਿਹਤ ਸਮੱਸਿਆਵਾਂ ਦਾ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ।

ਇਸ ਮੀਟਿੰਗ ਵਿੱਚ ਲੱਖਾ ਸਿੰਘ ਸਿਧਾਣਾ, ਕਮਲਜੀਤ ਸਿੰਘ ਬਰਾੜ, ਦਲੇਰ ਸਿੰਘ ਡੋਡ, ਅਮਿਤੋਜ ਮਾਨ, ਜਸਕੀਰਤ ਸਿੰਘ, ਡਾਕਟਰ ਅਮਨਦੀਪ ਸਿੰਘ ਬੈਂਸ, ਮਹਿੰਦਰ ਪਾਲ ਲੂੰਬਾ, ਕਰਨਲ ਜਸਜੀਤ ਸਿੰਘ ਗਿੱਲ, ਕੁਲਦੀਪ ਸਿੰਘ ਖਹਿਰਾ, ਰੋਮਨ ਬਰਾੜ, ਮੱਘਰ ਸਿੰਘ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿ ਮੌਜੂਦ ਸਨ।