ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਿੱਖਿਆ ਸੇਵਾਵਾਂ (ਸਕੂਲ ਅਤੇ ਇੰਸਪੈਕਸ਼ਨ) ਗਰੁੱਪ-ਏ ਸੇਵਾ ਨਿਯਮ 2018 ਵਿੱਚ ਚੌਥੀ ਸੋਧ ਕਰਕੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਜਨਰਲ ਅਤੇ ਸਰਹੱਦੀ ਖੇਤਰ) ਅਤੇ ਪ੍ਰਿੰਸੀਪਲ ਦੀਆਂ ਅਸਾਮੀਆਂ ’ਤੇ ਨਿਯੁਕਤੀ ਜਾਂ ਤਰੱਕੀ ਹੁਣ 75:25 (ਤਰੱਕੀ:ਸਿੱਧੀ ਭਰਤੀ) ਦੇ ਅਨੁਪਾਤ ’ਤੇ ਹੋਵੇਗੀ, ਜਦਕਿ ਪਹਿਲਾਂ ਇਹ 50:50 ਸੀ। ਸਾਰਿਆਂ ਲਈ ਵਿਭਾਗੀ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੋਵੇਗਾ।
ਇਸ ਨਾਲ ਲੈਕਚਰਾਰ, ਵੋਕੇਸ਼ਨਲ ਲੈਕਚਰਾਰ ਅਤੇ ਹੈੱਡਮਾਸਟਰਾਂ ਨੂੰ ਤਰੱਕੀ ਦੇ ਵਧੇਰੇ ਮੌਕੇ ਮਿਲਣਗੇ। ਤਰੱਕੀ ਕੋਟੇ ਦੀ ਅੰਦਰੂਨੀ ਵੰਡ, ਜੋ 2012 ਵਿੱਚ 55:30:15 (ਲੈਕਚਰਾਰ:ਵੋਕੇਸ਼ਨਲ ਲੈਕਚਰਾਰ:ਹੈੱਡਮਾਸਟਰ) ਸੀ, 2018 ਵਿੱਚ 83:11:06 ਕੀਤੀ ਗਈ ਸੀ, ਹੁਣ 70:20:10 ਕਰ ਦਿੱਤੀ ਗਈ ਹੈ। ਨਾਲ ਹੀ, ਤਜਰਬੇ ਦੀ ਸ਼ਰਤ ਵਿੱਚ ਵੀ ਬਦਲਾਅ ਕੀਤਾ ਗਿਆ ਹੈ।
ਪਹਿਲਾਂ ਲੈਕਚਰਾਰ ਅਤੇ ਵੋਕੇਸ਼ਨਲ ਲੈਕਚਰਾਰ ਲਈ 7 ਸਾਲ ਅਤੇ ਹੈੱਡਮਾਸਟਰ ਲਈ 5 ਸਾਲ ਦਾ ਤਜਰਬਾ ਲਾਜ਼ਮੀ ਸੀ, ਜਿਸ ਨੂੰ ਹੁਣ ਘਟਾ ਕੇ ਕ੍ਰਮਵਾਰ 5 ਸਾਲ ਅਤੇ 4 ਸਾਲ ਕਰ ਦਿੱਤਾ ਗਿਆ ਹੈ। ਰਾਜਪਾਲ ਨੇ ਸੰਵਿਧਾਨ ਦੀ ਧਾਰਾ 309 ਅਧੀਨ ਇਨ੍ਹਾਂ ਸੋਧਾਂ ਨੂੰ ਮਨਜ਼ੂਰੀ ਦਿੱਤੀ ਹੈ, ਅਤੇ ਸਿੱਖਿਆ ਸਕੱਤਰ ਆਨੰਦਿਤਾ ਮਿੱਤਰਾ ਨੇ ਨੋਟੀਫਿਕੇਸ਼ਨ ਜਾਰੀ ਕੀਤਾ। ਸੋਧੇ ਨਿਯਮਾਂ ਵਿੱਚ ਅਧਿਆਪਕ ਦੀ ਪਰਿਭਾਸ਼ਾ ਨੂੰ ਵਿਸਤਾਰ ਦਿੱਤਾ ਗਿਆ ਹੈ, ਜਿਸ ਵਿੱਚ ਐਲੀਮੈਂਟਰੀ ਟਰੇਨਿੰਗ ਅਧਿਆਪਕ, ਸਪੈਸ਼ਲ ਐਜੂਕੇਟਰ, ਹੈੱਡ ਅਧਿਆਪਕ, ਸੈਂਟਰ ਹੈੱਡ ਅਧਿਆਪਕ, ਆਰਟ ਐਂਡ ਕਰਾਫਟ ਅਧਿਆਪਕ, ਮਾਸਟਰ/ਮਿਸਟ੍ਰੈਸ, ਬੀਪੀਈਓ, ਲੈਕਚਰਾਰ, ਹੈੱਡਮਾਸਟਰ ਅਤੇ ਹੋਰ ਸਮਾਨ ਅਸਾਮੀਆਂ ਸ਼ਾਮਲ ਹਨ।