Punjab

ਪੰਜਾਬ ਵਿਧਾਨ ਸਭਾ ਸਪੀਕਰ ਦੀ ਖਹਿਰਾ ’ਤੇ ਵੱਡੀ ਕਾਰਵਾਈ, ਸੁਖਪਾਲ ਖਹਿਰਾ ਨੂੰ ਸੈਸ਼ਨ ਤੋਂ ਕੀਤਾ ਮੁਅੱਤਲ

ਪੰਜਾਬ ਵਿਧਾਨ ਸਭਾ ਵਿੱਚ ਨਿਯਮਾਂ ਦੀ ਉਲੰਘਣਾ ਅਤੇ ਹੰਗਾਮੇ ਕਾਰਨ ਵੱਡੀ ਕਾਰਵਾਈ ਕੀਤੀ ਗਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ ਦੇ ਨਿਯਮ 97(2) ਅਧੀਨ ਮਤਾ ਪੇਸ਼ ਕੀਤਾ। ਇਸ ਵਿੱਚ ਦੋਸ਼ ਲਾਇਆ ਗਿਆ ਕਿ ਕਾਂਗਰਸ ਵਿਧਾਇਕ  ਸੁਖਪਾਲ ਸਿੰਘ ਖਹਿਰਾ ਨੇ ਚੇਅਰ ਦੇ ਵਾਰ-ਵਾਰ ਮਨ੍ਹਾਂ ਕਰਨ ਦੇ ਬਾਵਜੂਦ ਹਾਊਸ ਦੇ ਵੈੱਲ ਵਿੱਚ ਆ ਕੇ ਚੇਅਰ ਖਿਲਾਫ਼ ਭੱਦੀ ਅਤੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ। ਉਨ੍ਹਾਂ ਨੇ ਸਦਨ ਦੇ ਕੀਮਤੀ ਸਮੇਂ ਨੂੰ ਬਰਬਾਦ ਕੀਤਾ ਅਤੇ ਚੇਅਰ ਦੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ। ਇਸ ਤਰ੍ਹਾਂ ਖਹਿਰਾ ਨੇ ਜਾਣ-ਬੁੱਝ ਕੇ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਇਆ।

ਸਪੀਕਰ ਨੇ ਵੀ ਕਿਹਾ ਕਿ ਖਹਿਰਾ ਨੇ ਕਾਰਵਾਈ ਵਿੱਚ ਰੁਕਾਵਟ ਪਾਈ ਸੀ। ਇਸ ਅਨੁਸ਼ਾਸਨਹੀਣਤਾ ਦੇ ਮੱਦੇਨਜ਼ਰ ਸਦਨ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਦੇ ਇਸ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ। ਹਰਪਾਲ ਚੀਮਾ ਨੇ ਇਹ ਵੀ ਦੱਸਿਆ ਕਿ ਖਹਿਰਾ ਨੇ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ। ਇਸ ਲਈ ਉਨ੍ਹਾਂ ਨੂੰ ਬਾਕੀ ਸੈਸ਼ਨ ਲਈ ਬਰਖਾਸਤ ਕੀਤਾ ਜਾਣਾ ਜ਼ਰੂਰੀ ਸੀ। ਇਹ ਕਾਰਵਾਈ ਸਦਨ ਦੀ ਗੰਭੀਰਤਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਕੀਤੀ ਗਈ ਹੈ।

ਇਸਦੇ ਜਵਾਬ ਵਿੱਚ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਸਪੀਕਰ ਨੇ ਉਨ੍ਹਾਂ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਨਿਰਦੇਸ਼ਾਂ ‘ਤੇ ਮੁਅੱਤਲ ਕੀਤਾ ਹੈ। ਖਹਿਰਾ ਨੇ ਕਿਹਾ ਕਿ ਜੇਕਰ ਪੰਜਾਬ ਦੀ ਆਵਾਜ਼ ਉਠਾਉਣਾ, ਪਰਮਿੰਦਰ ਝੋਟਾ ਲਈ ਇਨਸਾਫ਼ ਦੀ ਮੰਗ ਕਰਨਾ, ਜਾਂ ਗੁਲਜ਼ਾਰ ਦਿੜ੍ਹਬਾ ਮੌਤ ਮਾਮਲੇ ਵਿੱਚ ਹਰਪਾਲ ਚੀਮਾ ਨੂੰ ਦੋਸ਼ੀ ਵਜੋਂ ਨਾਮਜ਼ਦ ਕਰਨਾ ਅਪਰਾਧ ਹੈ, ਤਾਂ ਉਹ ਹਰ ਰੋਜ਼ ਅਤੇ ਹਰ ਜਗ੍ਹਾ ਅਜਿਹਾ ਕਰਦੇ ਰਹਿਣਗੇ। ਉਨ੍ਹਾਂ ਇਸ ਕਾਰਵਾਈ ਨੂੰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਦਲੇ ਦੀ ਕਾਰਵਾਈ ਦੱਸਿਆ। ਖਹਿਰਾ ਨੇ ਕਿਹਾ ਕਿ ਉਹ ਆਪਣੇ ਬਿਆਨ ‘ਤੇ ਕਾਇਮ ਹਨ ਜਿਸ ਵਿੱਚ ਉਨ੍ਹਾਂ ਨੇ ‘ਆਪ’ ਮੰਤਰੀਆਂ ਅਤੇ ਵਿਧਾਇਕਾਂ ਦਾ ਵਰਣਨ ਕਰਨ ਲਈ “ਬੰਧੂਆ ਮਜ਼ਦੂਰ” ਸ਼ਬਦ ਦੀ ਵਰਤੋਂ ਕੀਤੀ ਸੀ।