‘ਦ ਖ਼ਾਲਸ ਬਿਊਰੋ :- ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਪਤਨੀ ਮਹਾਰਾਣੀ ਜਿੰਦ ਕੌਰ ਦੇ ਗਹਿਣਿਆਂ ਦੀ ਲੰਦਨ ਵਿੱਚ ਨਿਲਾਮੀ ਹੋਈ ਹੈ। ਇਹ ਗਹਿਣੇ ਵਿਰਾਸਤ ਦੇ ਤੌਰ ‘ਤੇ ਉਨ੍ਹਾਂ ਦੀ ਪੋਤਰੀ ਰਾਜਕੁਮਾਰੀ ਬੰਬਾ ਸਦਰਲੈਂਡ ਨੂੰ ਮਿਲੇ ਸੀ। ਬੋਨੈਹਮਸ ਇਸਲਾਮਿਕ ਅਤੇ ਇੰਡੀਅਨ ਆਰਟ ਸੇਲ ਵਿੱਚ ਇਸ ਹਫ਼ਤੇ ਰਤਨਾਂ ਨਾਲ ਬਣਿਆ ਮੱਥੇ ਦਾ ਟਿੱਕਾ 62,500 ਪਾਉਂਡ ਮਤਲਬ 60,34,436 ਰੁਪਏ ਦੀ ਬੋਲੀ ਵਿੱਚ ਵੇਚਿਆ ਗਿਆ। ਇਸ ਦੇ ਨਾਲ ਹੀ 19ਵੀਂ ਸਦੀ ਦੇ ਹੋਰ ਕੀਮਤੀ ਸਮਾਨ ਦੀ ਵੀ ਬੋਲੀ ਲਗਾਈ ਗਈ।
ਨਿਲਾਮੀ ਵਿੱਚ ਗਹਿਣਿਆਂ ਦੇ ਨਾਲ ਹੋਰ ਸਮਾਨ
ਨੀਲਾਮੀ ਘਰ ਦਾ ਮੰਨਣਾ ਹੈ ਕਿ ਇਸ ਹਫ਼ਤੇ ਵੇਚਣ ਦੇ ਲਈ ਉਹ ਗਹਿਣੇ ਮੌਜੂਦ ਹਨ, ਜੋ ਜਿੰਦ ਕੌਰ ਨੂੰ ਬ੍ਰਿਟੇਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਲੰਦਨ ਵਿੱਚ ਆਪਣੇ ਪੁੱਤਰ ਦਲੀਪ ਸਿੰਘ ਦੇ ਨਾਲ ਰਹਿਣ ਦੀ ਸਹਿਮਤੀ ਜਤਾਉਣ ‘ਤੇ ਸੌਂਪੇ ਸਨ।
ਨਿਲਾਮੀ ਵਿੱਚ ਇੱਕ ਪੁਰਾਤਨ 19ਵੀਂ ਸਦੀ ਦੀ ਵਾਟਰਕਲਰ ਵਾਲੀ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਸ਼ਹਿਰ ਦੀ ਤਸਵੀਰ ਵੀ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਹੁਣ ਤੱਕ ਵਾਟਰਕਲਰ ਨਾਲ ਸ੍ਰੀ ਦਰਬਾਰ ਦੀਆਂ ਜਿੰਨੀਆਂ ਵੀ ਪੇਂਟਿੰਗ ਤਿਆਰ ਹੋਈਆਂ ਹਨ, ਇਹ ਉਸ ਵਿੱਚੋਂ ਸਭ ਤੋਂ ਵੱਡੀ ਸੀ। ਇਸ ਦੀ 75,062 ਰੁਪਏ ਵਿੱਚ ਨਿਲਾਮੀ ਹੋਈ। ਇਸ ਤੋਂ ਇਲਾਵਾ ਸਿੱਖਾਂ ਦੀਆਂ ਜੰਗਾਂ ਦੌਰਾਨ 1848-49 ਵਿੱਚ ਕਮਾਂਡਰ ਰਹੇ ਰਾਜਾ ਸ਼ੇਰ ਸਿੰਘ ਅਟਾਰੀਵਾਲ ਦੀ ਇੱਕ ਵੋਟੋ ਵੀ ਨਿਲਾਮ ਹੋਈ।