Khaas Lekh Religion

ਸਿੱਖ ਸਲਤਨਤ ਦੀ ਮਹਾਰਾਣੀ ਚੰਦ ਕੌਰ

ਸੰਕੇਤਕ ਫੋਟੋ: ਮਹਾਰਾਣੀ ਚੰਦ ਕੌਰ

 

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):-  ਮਹਾਰਾਣੀ ਚੰਦ ਕੌਰ ਦਾ ਜਨਮ ਫ਼ਤਹਿਗੜ੍ਹ ਵਿੱਚ ਕਨ੍ਹਈਆ ਮਿਸਲ ਦੇ ਸਰਦਾਰ ਜੈਮਲ ਸਿੰਘ ਦੇ ਘਰ 1802ਈ. ਵਿੱਚ ਹੋਇਆ। ਫ਼ਰਵਰੀ 1812 ਵਿੱਚ ਉਸ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਨਾਲ ਕੀਤਾ ਗਇਆ। 23 ਫ਼ਰਵਰੀ 1821 ਵਿੱਚ ਉਹਨਾਂ ਦੇ ਘਰ ਇੱਕ ਪੁੱਤਰ ਨੌਨਿਹਾਲ ਸਿੰਘ ਨੇ ਜਨਮ ਲਿਆ। ਮਾਰਚ 1837 ਵਿੱਚ ਨੌਨਿਹਾਲ ਸਿੰਘ ਦਾ ਸ਼ਾਮ ਸਿੰਘ ਅਟਾਰੀਵਾਲਾ ਦੀ ਧੀ ਸਾਹਿਬ ਕੌਰ ਨਾਲ ਵਿਆਹ ਹੋਇਆ।

 

27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਖੜਕ ਸਿੰਘ ਉਸਦਾ ਵਾਰਿਸ ਬਣਿਆ ਅਤੇ ਰਾਜਾ ਧਿਆਨ ਸਿੰਘ ਡੋਗਰਾ ਨੂੰ ਉਸਦੇ ਵਜ਼ੀਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਸੀ। ਮਹਾਰਾਜਾ ਖੜਕ ਸਿੰਘ ਨੇ ਸਿਰਫ ਕੁੱਝ ਮਹੀਨੇ ਤੱਕ ਹੀ ਰਾਜ ਕੀਤਾ। ਬਾਅਦ ਵਿੱਚ ਉਨ੍ਹਾਂ ਦੇ ਪੁੱਤਰ ਨੌਨਿਹਾਲ ਸਿੰਘ ਅਤੇ ਧਿਆਨ ਸਿੰਘ ਨੇ ਰਾਜ ਦੇ ਤਖ਼ਤ ਤੋਂ ਉਨ੍ਹਾਂ ਨੂੰ ਉਤਾਰ ਦਿੱਤਾ ਅਤੇ ਲਾਹੌਰ ਕੈਦ ਕਰ ਦਿੱਤਾ।

 

ਮਹਾਰਾਜਾ ਖੜਕ ਸਿੰਘ ਤੇ ਉਨ੍ਹਾਂ ਦੇ ਪੁੱਤਰ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਲਾਹੌਰ ਦਾ ਤਖ਼ਤ ਸੰਭਾਲਣ ਲਈ ਸੱਦਿਆ। ਦੂਜੇ ਪਾਸੇ ਇਸੇ ਦਾ ਭਰਾ ਗੁਲਾਬ ਸਿੰਘ ਡੋਗਰਾ ਮਹਾਰਾਣੀ ਚੰਦ ਕੌਰ ਵੱਲ ਸੀ। ਇਹਨਾਂ ਕਰਕੇ ਖਾਲਸਾ ਫੌਜਾਂ ਆਪਸ ਵਿੱਚ ਭਿੜ ਗਈਆਂ। ਕਿਲ੍ਹਾ ਸ਼ੇਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ। ਮਹਾਰਾਣੀ ਚੰਦ ਕੌਰ ਨੂੰ 9 ਲੱਖ ਸਲਾਨਾ ਪੈਨਸ਼ਨ ਦੀ ਜਗੀਰ ਜੰਮੂ ਕਸ਼ਮੀਰ ਕੋਲ ਲਾਈ ਗਈ। ਮਹਾਰਾਜਾ ਸ਼ੇਰ ਸਿੰਘ ਨੇ ਮਹਾਰਾਣੀ ਚੰਦ ਕੌਰ ਦੇ ਅੱਗੇ ਵਿਆਹ ਦਾ ਪ੍ਰਸਤਾਵ ਵੀ ਰੱਖਿਆ ਜਿਸ ਬਾਰੇ ਮਹਾਰਾਣੀ ਨੇ ਸੋਚਣ ਲਈ ਸਮਾਂ ਮੰਗਿਆ। ਗੁਲਾਬ ਸਿੰਘ ਮਹਾਰਾਣੀ ਚੰਦ ਕੌਰ ਦੇ ਸਾਰੇ ਖਜਾਨੇ ‘ਤੇ ਹੱਥ ਫੇਰ ਗਿਆ ਜਿਸ ਨਾਲ ਉਸਨੇ ਅੰਗਰੇਜ਼ ਤੋਂ ਕਸ਼ਮੀਰ ਖਰੀਦਿਆ ਸੀ।

 

ਜਦੋਂ ਮਹਾਰਾਣੀ ਕਿਲ੍ਹੇ ਵਿੱਚੋਂ ਨਿਕਲ ਕੇ ਸ਼ਹਿਰ ਵਾਲੀ ਹਵੇਲੀ ‘ਚ ਆ ਗਈ ਤਾਂ ਇੱਥੇ ਡੋਗਰਿਆਂ ਨੇ ਉਸਦੀਆਂ ਕਈ ਪੁਰਾਣੀਆਂ ਦਾਸੀਆਂ ਬਦਲ ਦਿੱਤੀਆਂ ਤੇ ਉਹਨਾਂ ਦੀ ਥਾਂ ਆਪਣੇ ਵੱਲੋਂ ਦਾਸੀਆਂ ਰਖਵਾ ਦਿੱਤੀਆਂ। ਡੋਗਰੇ ਸ਼ੇਰ ਸਿੰਘ ਦੀ ਬਦਨਾਮੀ, ਸਰਦਾਰਾਂ ਵਿੱਚ ਬੇਯਕੀਨੀ ਅਤੇ ਮਹਾਰਾਣੀ ਦੀ ਸਾਰੀ ਧਨ ਦੌਲਤ ਸੰਭਾਲਣਾ ਚਾਹੁੰਦੇ ਸਨ। ਇਹਨਾਂ ਦਾਸੀਆਂ ਰਾਹੀਂ 11 ਜੂਨ ਨੂੰ ਪਹਿਲਾਂ ਸ਼ਰਬਤ ਵਿੱਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਮਹਾਰਾਣੀ ਨੇ ਉਹ ਇੱਕ-ਦੋ ਘੁੱਟ ਭਰ ਕੇ ਹੀ ਰੱਖ ਦਿੱਤਾ। ਅਖੀਰ ਰਾਤ ਨੂੰ ਸੁੱਤੀ ਪਈ ਮਹਾਰਾਣੀ ਦਾ ਇਹਨਾਂ ਨੇ ਮਸਾਲੇ ਰਗੜਨ ਵਾਲੇ ਭਾਰੇ ਪੱਥਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਮਹਾਰਾਣੀ ਚੰਦ ਕੌਰ ਦਾ ਸਸਕਾਰ 12 ਜੂਨ ਨੂੰ ਸਾਦੇ ਢੰਗ ਨਾਲ ਕਰ ਦਿੱਤਾ ਗਿਆ।

 

ਮਹਾਰਾਣੀ ਚੰਦ ਕੌਰ ਥੋੜੇ ਸਮੇਂ ਲਈ ਸਿੱਖ ਸਲਤਨਤ ਦੀ ਮਹਾਰਾਣੀ ਬਣੀ। ਉਹ ਮਹਾਰਾਜਾ ਖੜਕ ਸਿੰਘ ਦੀ ਪਤਨੀ ਅਤੇ ਕੰਵਰ ਨੌਨਿਹਾਲ ਸਿੰਘ ਦੀ ਮਾਤਾ ਸੀ। 1840 ਈ. ਵਿੱਚ ਜਦੋਂ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਦੇ ਕਤਲ ਤੋਂ ਬਾਅਦ ਮਹਾਰਾਣੀ ਚੰਦ ਕੌਰ ਨੇ ਤਖ਼ਤ ਲਈ ਆਪਣਾ ਦਾਵਾ ਪੇਸ਼ ਕੀਤਾ ਤਾਂ ਉਸਨੇ ਕਿਹਾ ਕਿ ਉਸ ਦੇ ਪੁੱਤਰ ਨੌਨਿਹਾਲ ਦੀ ਪਤਨੀ ਸਾਹਿਬ ਕੌਰ ਗਰਭਵਤੀ ਹੈ ਅਤੇ ਉਹ ਉਸ ਦੇ ਹੋਣ ਵਾਲੇ ਬੱਚੇ ਵੱਲੋਂ ਕਾਨੂੰਨੀ ਤੌਰ ‘ਤੇ ਰਾਜ ਕਰੇਗੀ। ਉਸਨੇ ਹੋਣ ਵਾਲੇ ਬੱਚੇ ਦੇ ਪ੍ਰਤੀਨਿਧੀ ਵਜੋਂ ਢਾਈ ਮਹੀਨੇ, 5 ਨਵੰਬਰ 1840 ਤੋਂ 18 ਜਨਵਰੀ 1841 ਤੱਕ ਰਾਜ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਰਾਜ ਤੋਂ ਇਸ ਲਈ ਹਟਾ ਦਿੱਤਾ ਗਿਆ ਕਿਉਂਕਿ ਸਾਹਿਬ ਕੌਰ ਨੇ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਸੀ।