Punjab

ਦਲ-ਬਦਲੂਆਂ ‘ਤੇ ਮਾਨ ਦਾ ਤੰਜ, PM ਮੋਜੀ ਬਾਰੇ ਕਹਿ ਦਿੱਤੀਆਂ ਇਹ ਗੱਲਾਂ…

Maan Da Tanj on defectors, said these things about PM Moji...

 ਨਵਾਂ ਸ਼ਹਿਰ : ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਅੱਜ ਪੰਜਾਬ ਦੇ ਖਟਕੜ ਕਲਾਂ ‘ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਆਗੂਆਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ‘ਆਪ’ ਆਗੂ ਤੇ ਵਰਕਰ ਦੇਸ਼ ਭਰ ‘ਚ ਭੁੱਖ ਹੜਤਾਲ ਕਰ ਰਹੇ ਹਨ।

ਇਸੇ ਦੌਰਾਨ ਆਪਣੇ ਸੰਬੋਧਨ ਵਿੱਚ ਮਾਨ ਨੇ ਕਿਹਾ ਕਿ  ਕੇਜਰੀਵਾਲ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ ਅਤੇ ਉਨ੍ਹਾਂ ਨੇ ਦੇਸ਼ ਲਈ ਸਭ ਕੁਝ ਛੱਡ ਦਿੱਤਾ ਹੈ।

ਮਾਨ ਨੇ ਕੇਜਰੀਵਾਲ ਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹਦਿਆਂ ਕਿਹਾ ਕਿ ਲੱਖਾਂ ਕਰੋੜਾਂ ਦੀ ਕਮਾਈ ਛੱਡ ਕੇ ਰਾਜਨਿਤੀ ਵਿੱਚ ਆਏ ਹਨ। ਮਾਨ ਨੇ ਕਿਹਾ ਕਿ ਅੱਜ ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ। ਦਲ ਬਦਲੂਆਂ ‘ਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਕਈ ਲੋਕਾਂ ਦਾ ਕੋਈ ਸਟੈਂਡ ਨਹੀਂ ਹੁੰਦਾ ਅੱਜ ਇੱਧਰ ਹੁੰਦੇ ਨੇ ਅਤੇ ਕੱਲ੍ਹ ਉੱਧਰ। ਮਾਨ ਨੇ ਕਿਹਾ ਕਿ ਚੰਗਾ ਹੋਇਆ ਜਿਸਨੇ ਕੱਲ੍ਹ ਜਾਣਾ ਸੀ ਉਹ ਅੱਜ ਚਲਾ ਗਿਆ ਹੈ। ਸ਼ੇਅਰ ਪੜ੍ਹਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ- ਭਲਾ ਹੋਇਆ ਲੜ ਨੇੜਿਓ ਛੁੱਟਿਆ, ਉਮਰ ਨਾ ਬੀਤੀ ਸਾਰੀ, ਲੱਗਦੀ ਨਾਲੋਂ ਟੁੱਟਦੀ ਚੰਗੀ, ਬੇਕਦਰਾਂ ਨਾਲ ਯਾਰੀ। (ਚੰਗਾ ਹੋਇਆ ਕਿ ਅਸੀਂ ਵਿਛੜ ਗਏ, ਸਾਰੀ ਉਮਰ ਅਜੇ ਨਹੀਂ ਲੰਘੀ। ਇਹ ਚੰਗਾ ਹੋਇਆ ਕਿ ਅਸੀਂ ਬੇਈਮਾਨ ਲੋਕਾਂ ਨਾਲ ਵਿਛੜ ਗਏ)।

ਮਾਨੇ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਇਨਸਾਨ ਨਹੀਂ, ਇੱਕ ਵਿਚਾਰ ਹਨ। ਇਸ ਦੇ ਨਾਲ ਹੀ ਭਾਜਪਾ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ ਕਿ ਭਾਜਪਾ ਭ੍ਰਿਸ਼ਟ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਕੰਮ ਕਰ ਰਹੀ ਹੈ।

ਮਾਨ ਨੇ ਕਿਹਾ ਕਿ, ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖ਼ਤਰੇ ਦੀਆਂ ਘੰਟੀਆਂ, ਉਦੋਂ ਉਨ੍ਹਾਂ ਨੂੰ ਯਾਦ ਆਈਆਂ ਕੇਜਰੀਵਾਲ ਦੀਆਂ ਗਰੰਟੀਆਂ। ਉਨ੍ਹਾਂ ਕਿਹਾ ਕਿ, ਕੇਜਰੀਵਾਲ ਨੇ ਗਰੰਟੀਆਂ ਦਿੱਤੀਆਂ, ਭਾਜਪਾ ਵਾਲਿਆਂ ਨੇ ਗਰੰਟੀ ਸ਼ਬਦ ਕਾਪੀ ਕੀਤਾ। ਮਾਨ ਨੇ ਕਿਹਾ ਕਿ, ਪੰਜਾਬ ਤੇ ਦਿੱਲੀ ਵਿਚ ਗਰੰਟੀਆਂ ਪੂਰੀਆਂ ਹੋ ਗਈਆਂ। ਮੋਦੀ ਨੇ ਕਿਹਾ ਕਿ, ਹੁਣ ਅਸੀਂ ਵੀ ਗਰੰਟੀਆਂ ਦਿਆ ਕਰਾਂਗੇ, ਜਦੋਂਕਿ ਇਹ ਗਰੰਟੀ ਸ਼ਬਦ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਕਿਹਾ ਸੀ। ਮਾਨ ਨੇ ਕਿਹਾ ਕਿ, ਹੁਣ ਤੱਕ ਨਾ ਕਾਲਾ ਧੰਨ ਵਾਪਸ ਆਇਆ, ਨਾ ਦੋ ਕਰੋੜ ਨੌਕਰੀਆਂ ਮਿਲੀਆਂ, ਨਾ ਕਿਸੇ ਦੇ ਖਾਤੇ ਵਿਚ 15 ਲੱਖ ਆਏ। ਸੀਐੱਮ ਨੇ ਕਿਹਾ ਕਿ, ਭਾਜਪਾ ਦੀਆਂ ਗਰੰਟੀਆਂ ਸਿਰਫ਼ ਜੁਮਲੇ ਹਨ, ਜਦੋਂਕਿ ਆਪ ਦੀਆਂ ਗਰੰਟੀਆਂ ਵਿਚ ਪੂਰਨ ਸਚਾਈ ਹੈ, ਜਿਹੜੀ ਕਿ ਲੋਕਾਂ ਦੇ ਸਾਹਮਣੇ ਹੈ।

ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਵਿੰਨ੍ਹਿਆਂ। ਉਨ੍ਹਾਂ ਕਿਹਾ ਕਿ, ਪ੍ਰਧਾਨ ਮੰਤਰੀ ਸਾਬ੍ਹ ਜੇ ਤੁਸੀਂ ਡਿਗਰੀ ਨਹੀਂ ਵਿਖਾ ਸਕਦੇ ਤਾਂ, ਚਾਹ ਵਾਲੀ ਕੇਤਲੀ ਤਾਂ ਵਿਖਾ ਦਿਓ। ਸੀਐੱਮ ਮਾਨ ਨੇ ਕਿਹਾ ਕਿ, ਪੀਐੱਮ ਸਾਬ੍ਹ ਜਿਸ ਕੇਤਲੀ ਵਿਚ ਚਾਹ ਵੇਚਦੇ ਰਹੇ ਹੋ, ਉਹ ਹੀ ਵਿਖਾ ਦਿਓ, ਲੱਗਦਾ ਹੈ ਉਹ ਵੀ ਨਹੀਂ ਹੈਗੀ। ਮਾਨ ਨੇ ਭਾਜਪਾ ਤੇ ਦੋਸ਼ ਲਾਇਆ ਕਿ, ਹਰ ਗੱਲ ਵਿਚ ਝੂਠ ਹੈ ਇਨ੍ਹਾਂ ਦੀ, ਲੋਕੋ ਯਕੀਨ ਨਾ ਕਰਿਓ।