ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ‘ਤੇ ਬਣੇ ਗੇਟ ਤੋੜਨ ਨੂੰ ਲੈਕੇ ਵਿਵਾਦ ਹੋ ਗਿਆ ਹੈ । SGPC ਨੇ ਪ੍ਰਸ਼ਾਸਨ ‘ਤੇ ਬੇਅਦਬੀ ਕਰਨ ਦਾ ਇਲਜ਼ਾਮ ਲਗਾਇਆ ਹੈ । ਦਰਅਸਲ ਕੇਂਦਰ ਦੀ ਕੌਮੀ ਸ਼ਾਹਰਾਹ ਅਥਾਰਿਟੀ ਨੇ ਇੱਕ ਸੜਕ ਦੇ ਵਿਸਤਾਰ ਦੇ ਲਈ ਇੱਕ ਗੇਟ ਤੋੜਨ ਦੇ ਨਿਰਦੇਸ਼ ਦਿੱਤੇ ਸਨ। ਗੇਟ ‘ਤੇ ਖੰਡਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਲਿਖਿਆ ਸੀ ਪਰ ਜਦੋਂ JCB ਮਸ਼ੀਨ ਨਾਲ ਇਸ ਨੂੰ ਡਿਗਾਇਆ ਗਿਆ ਤਾਂ ਦੋਵਾਂ ਚੀਜ਼ਾ ਦਾ ਧਿਆਨ ਨਹੀਂ ਰੱਖਿਆ ਬਨ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ 1972 ਵਿੱਚ ਹੋਇਆ ਸੀ ਅਤੇ ਇਹ ਸਿੱਖ ਵਿਰਾਸਤ ਦਾ ਹਿੱਸਾ ਹੈ । ਇਸ ਮਾਰਗ ਨੂੰ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ । SGPC ਨੇ ਕਿਹਾ ਕਿ ਉਹ NHAI ਵੱਲੋਂ ਕਰਵਾਏ ਜਾ ਰਹੇ ਵਿਕਾਸ ਦਾ ਸੁਆਗਤ ਕਰਦੇ ਹਨ ਪਰ ਸਿੱਖੀ ਦੇ ਪ੍ਰਤੀਕ ਖੰਡੇ ਅਤੇ ਗੁਰੂ ਦੇ ਨਾਂ ਦਾ ਜਿਸ ਤਰ੍ਹਾਂ ਨਾਲ ਅਪਮਾਨ ਕੀਤਾ ਗਿਆ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
ਸਰਕਾਰ ਜਵਾਬਦੇਹੀ ਹੈ
SGPC ਨੇ ਕਿਹਾ ਕਿ ਸਿੱਖ ਧਰਮ ਨਾਲ ਜੁੜੇ ਨਿਸ਼ਾਨਾਂ ਅਤੇ ਮਰਿਆਦਾ ਨੂੰ ਬਣਾਏ ਰੱਖਣ ਦੀ ਜ਼ਿੰਮਵਾਰੀ ਸਰਕਾਰ ਦੀ ਹੈ । ਗੇਟ ਡਿਗਾਉਣ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਅਤੇ ਖੰਡੇ ਨੂੰ ਉਤਾਰਿਆ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ । SGPC ਨੇ ਮੰਗ ਕੀਤੀ ਹੈ ਕਿ ਜਿੰਨਾਂ ਵੀ ਅਧਿਕਾਰੀਆਂ ਨੇ ਇਸ ਚੀਜ਼ ਦਾ ਧਿਆਨ ਨਹੀਂ ਰੱਖਿਆ ਉਨ੍ਹਾਂ ਦੇ ਖਿਲਾਫ਼ ਕਾਰਵਾਈ ਹੋਈ ਚਾਹੀਦੀ ਹੈ । ਕਮੇਟੀ ਨੇ ਕਿਹਾ ਸਾਨੂੰ ਵਿਕਾਸ ਕੰਮਾਂ ‘ਤੇ ਖੁਸ਼ੀ ਹੈ,ਸਮੇਂ ਦੀ ਲੋੜ ਦੇ ਮੁਤਾਬਿਕ ਜਨਤਾ ਦੀ ਸਹੂਲਤ ਲਈ ਇਹ ਹੋਣੇ ਚਾਹੀਦੇ ਹਨ ਪਰ ਇਸ ਦੌਰਾਨ ਇਸ ਚੀਜ਼ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਇਸ ਨਾਲ ਕਿਸੇ ਤਰ੍ਹਾਂ ਦੀ ਧਾਰਮਿਕ ਬੇਅਦਬੀ ਨਾ ਹੋਏ।