ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਮੁੜ ਤੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ । ਦੁਗਰੀ ਨਹਿਰ ਤੋਂ ਸ਼੍ਰੀ ਗੁਟਕਾ ਸਾਹਿਬ ਦੇ ਅੰਗ ਮਿਲੇ ਹਨ । ਇਸ ਦੇ ਨਾਲ ਹਿੰਦੂ ਧਰਮ ਦੀਆਂ ਪਵਿੱਤਰ ਕਿਤਾਬਾਂ ਵੀ ਮਿਲਿਆਂ ਹਨ । ਕਿਸੇ ਰਾਹਗੀਰ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵੇਖਣ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ । ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਕੱਠਾ ਹੋ ਗਏ । ਗੁਟਕਾ ਸਾਹਿਬ ਦੀ ਬੇਅਦਬੀ ਨੂੰ ਲੈਕੇ ਸਥਾਨਕ ਲੋਕ ਗੁੱਸੇ ਵਿੱਚ ਹਨ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਲਈ ਕੁਝ ਲੋਕ ਅਜਿਹਾ ਕੰਮ ਕਰ ਰਹੇ ਹਨ। ਲੋਕਾਂ ਨੇ ਪੁਲਿਸ ਨੂੰ ਅਪੀਲ ਕੀਤੀ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਘਟਨਾ ਵਾਲੀ ਥਾਂ ‘ਤੇ ਥਾਣਾ ਦੁਗਰੀ ਦੀ SHO ਮਧੂ ਬਾਲਾ ਆਪ ਪਹੁੰਚੀ । ਪੁਲਿਸ ਨੂੰ ਸ਼ੱਕ ਸੀ ਕਿ ਸ਼ਾਇਦ ਕਿਸੇ ਦੀਆਂ ਅਸਤੀਆਂ ਦੇ ਨਾਲ ਇਹ ਅੰਗ ਰੱਖੇ ਹੋਣਗੇ । ਪਰ ਮੌਕੇ ‘ਤੇ ਅਜਿਹਾ ਕੁਝ ਵੀ ਨਹੀਂ ਸੀ । ਨਹਿਰ ਸੁੱਕੀ ਹੋਈ ਸੀ। ਜਿਸ ਕਾਰਨ ਪੁਲਿਸ ਨੂੰ ਸ਼ੱਕ ਹੋਇਆ ਕਿ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਵਜ੍ਹਾ ਨਾਲ ਅਜਿਹੀ ਹਰਕਤ ਕੀਤੀ ਗਈ ਸੀ ।
SHO ਮਧੂ ਬਾਲਾ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਬੇਅਦਬੀ ਬਾਰੇ ਇਤਲਾਹ ਮਿਲੀ ਉਹ ਮੌਕੇ ‘ਤੇ ਪਹੁੰਚ ਗਏ। ਗੁਟਕਾ ਸਾਹਿਬ ਦੇ ਅੰਗਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਪਹੁੰਚਾ ਦਿੱਤਾ ਗਿਆ ਹੈ । ਉਧਰ ਇਲਾਕੇ ਵਿੱਚ ਲੱਗੇ CCTV ਨੂੰ ਖੰਗਾਲਿਆਂ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।