Punjab

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਹਿੰਮਤ ਦੀ ਦਾਤ ! ਇਸ ਹਾਲਤ ‘ਚ ਵੀ ਸਕੂਟੀ ਚਲਾ ਕੇ ਪਹੁੰਚਿਆ ! ਹੁਣ ਵੈਂਟੀਲੇਟਰ ‘ਤੇ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਪੁਲਿਸ ਮੁਲਾਜ਼ਮ ਗੁਰਵਿੰਦਰ ਸਿੰਘ ਗੋਲੀ ਲੱਗਣ ਦੇ ਨਾਲ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਗੋਲੀ ਕਿਸ ਨੇ ਮਾਰੀ ਹੁਣ ਤੱਕ ਇਹ ਨਹੀਂ ਪਤਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਦੇ ਬਾਵਜੂਦ ਗੁਰਵਿੰਦਰ ਸਿੰਘ ਆਪ ਸਕੂਟੀ ਚਲਾ ਕੇ ਸਵੇਰ 4 ਵਜੇ ਘਰ ਪਹੁੰਚਿਆ ਅਤੇ ਫਿਰ ਦਰਵਾਜ਼ੇ ‘ਤੇ ਜਾ ਕੇ ਡਿੱਗ ਗਿਆ । ਪਰਿਵਾਰ ਨੇ ਉਸ ਨੂੰ ਫ਼ੌਰਨ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਹੈ ਜਿੱਥੇ ਉਹ ਵੈਂਟੀਲੇਟਰ ‘ਤੇ ਹੈ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਹੈ । 16 ਅਗਸਤ ਨੂੰ ਜਦੋਂ ਗੁਰਵਿੰਦਰ ਸਿੰਘ ਡਿਊਟੀ ‘ਤੇ ਗਿਆ ਸੀ ਉਸ ਤੋਂ ਬਾਅਦ ਤੋਂ ਘਰ ਨਹੀਂ ਆਇਆ । 17 ਅਗਸਤ ਦੀ ਸਵੇਰ ਨੂੰ ਉਹ ਜ਼ਖ਼ਮੀ ਹਾਲਤ ਵਿੱਚ ਘਰ ਆਇਆ। ਗੁਰਵਿੰਦਰ ਦੇ ਪਰਿਵਾਰ ਨੇ ਉਸ ਦੀ ਹਾਲਤ ਦੇ ਲਈ ਕੁਝ ਲੋਕਾਂ ਦੇ ਸ਼ੱਕ ਜ਼ਾਹਿਰ ਕੀਤਾ ਹੈ ।

ਪਰਿਵਾਰ ਨੇ ਇਨ੍ਹਾਂ ਲੋਕਾਂ ‘ਤੇ ਸ਼ੱਕ ਜਤਾਇਆ ਹੈ

ਪਰਿਵਾਰ ਨੂੰ ਸ਼ੱਕ ਹੈ ਨਸ਼ੇੜੀਆਂ ਨੇ ਲੁੱਟ ਦੇ ਇਰਾਦੇ ਨਾਲ ਗੁਰਵਿੰਦਰ ਸਿੰਘ ਦਾ ਇਹ ਹਾਲ ਕੀਤਾ ਹੋ ਸਕਦਾ ਹੈ। ਕਿਉਂਕਿ ਗੁਰਵਿੰਦਰ ਸਿੰਘ ਨੇ ਪਿਛਲੇ ਦਿਨਾਂ ਦੌਰਾਨ ਸ਼ਹਿਰ ਵਿੱਚ ਕਾਫ਼ੀ ਨਸ਼ੇੜੀਆਂ ਨੂੰ ਫੜਿਆ ਸੀ । ਗੁਰਵਿੰਦਰ ਦਾ ਵਿਆਹ ਸੁਨੰਦਾ ਨਾਲ 2 ਸਾਲ ਪਹਿਲਾਂ ਹੋਇਆ ਸੀ ਉਸ ਦੀ ਪਤਨੀ ਵੀ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹੈ । ਪਤਨੀ ਨੇ ਦੱਸਿਆ ਕਿ 16 ਅਗਸਤ ਨੂੰ ਜਦੋਂ ਗੁਰਵਿੰਦਰ ਡਿਊਟੀ ‘ਤੇ ਜਾ ਰਿਹਾ ਸੀ ਤਾਂ ਉਸ ਦੀ ਤਬੀਅਤ ਠੀਕ ਨਹੀਂ ਸੀ ਤਾਂ ਉਸ ਨੂੰ ਜਾਣ ਤੋਂ ਰੋਕਿਆ ਤਾਂ ਉਸ ਨੇ ਕਿਹਾ ਕਿ ਉਹ 1 ਘੰਟੇ ਆਪਣੀ ਡਿਊਟੀ ਬਦਲਵਾ ਕੇ ਵਾਪਸ ਆ ਜਾਵੇਗਾ,ਪਰ ਨਹੀਂ ਆਇਆ ।

ਲਾਪਤਾ ਹੋਣ ਦੇ ਬਾਅਦ ਪੂਰਾ ਦਿਨ ਫ਼ੋਨ ਬੰਦ ਰਿਹਾ

16 ਤਰੀਕ ਰਾਤ ਤਕਰੀਬਨ 11 ਵਜੇ ਜਦੋਂ ਗੁਰਵਿੰਦਰ ਨੂੰ ਉਨ੍ਹਾਂ ਨੇ ਫ਼ੋਨ ਕੀਤਾ ਤਾਂ ਗੱਲ ਕਰਦੇ ਕਰਦੇ ਫ਼ੋਨ ਕੱਟ ਗਿਆ ਅਤੇ ਫਿਰ ਸਵਿੱਚ ਆਫ਼ ਹੋ ਗਿਆ। ਪੂਰਾ ਦਿਨ ਫ਼ੋਨ ਬੰਦ ਰਿਹਾ ਗੁਰਵਿੰਦਰ ਘਰ ਵੀ ਨਹੀਂ ਆਇਆ ਪਰ 17 ਅਗਸਤ ਨੂੰ ਤੜਕੇ 4 ਵਜੇ ਗੁਰਵਿੰਦਰ ਜ਼ਖ਼ਮੀ ਹਾਲਤ ਵਿੱਚ ਘਰ ਦੇ ਦਰਵਾਜ਼ੇ ‘ਤੇ ਆਕੇ ਡਿੱਗ ਗਿਆ, ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ । ਗੁਰਵਿੰਦਰ ਦਾ ਕੜਾ ਅਤੇ ਮੋਬਾਈਲ ਦੋਵੇਂ ਗ਼ਾਇਬ ਹਨ ਇਸ ਬਾਰੇ ਵਿੱਚ ਜਮਾਲਪੁਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸ਼ੱਕੀ ਲੋਕਾਂ ਦੇ ਆ ਰਹੇ ਹਨ ਫ਼ੋਨ

ਪਤਨੀ ਸੁਨੰਦਾ ਨੇ ਦੱਸਿਆ ਗੁਰਵਿੰਦਰ ਜਦੋਂ ਲਾਪਤਾ ਸੀ ਤਾਂ ਉਸ ਦੇ ਪੁਲਿਸ ਨੂੰ ਇਤਲਾਹ ਕੀਤੀ ਸੀ । ਇਸ ਦੌਰਾਨ ਕੁਝ ਅਣਪਛਾਤੇ ਲੋਕਾਂ ਦੇ ਉਸ ਨੂੰ ਫ਼ੋਨ ਵੀ ਆਏ। ਇਹ ਲੋਕ ਗੁਰਵਿੰਦਰ ਦੇ ਲਾਪਤਾ ਹੋਣ ਅਤੇ ਉਸ ਨੂੰ ਗੋਲੀ ਲੱਗਣ ਦੀ ਗੱਲ ਕਰ ਰਹੇ ਸਨ । ਇਨ੍ਹਾਂ ਲੋਕਾਂ ਨੂੰ ਉਹ ਜਾਣ ਦੀ ਨਹੀਂ ਹੈ। ਫ਼ੋਨ ਕਰਕੇ ਅਣਪਛਾਤੇ ਵਿਅਕਤੀ ਇਸ ਮਾਮਲੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਸਨ । ਪਤਨੀ ਨੂੰ ਫੋਰ ਕਰਕੇ ਅਣਪਛਾਤੇ ਲੋਕ ਇਹ ਵੀ ਕਹਿ ਰਹੇ ਸਨ ਕਿ ਗੁਰਵਿੰਦਰ ਦਾ ਪਰਿਵਾਰ ਨਾਲ ਕਲੇਸ਼ ਸੀ ਜਿਸ ਦੀ ਵਜ੍ਹਾ ਕਰਕੇ ਉਸ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ । ਇਸ ‘ਤੇ ਹੁਣ ਪਰਿਵਾਰ ਦਾ ਬਿਆਨ ਵੀ ਸਾਹਮਣੇ ਆਇਆ ਹੈ ।

ਪਰਿਵਾਰ ਦਾ ਕਲੇਸ਼ ਤੋਂ ਇਨਕਾਰ

ਪਰਿਵਾਰ ਮੁਤਾਬਿਕ ਇਸ ਤਰ੍ਹਾਂ ਦੀ ਅਜਿਹੀ ਕੋਈ ਗੱਲ ਨਹੀਂ ਸੀ,ਗੁਰਵਿੰਦਰ ਅਤੇ ਉਸ ਦੀ ਪਤਨੀ ਦੇ ਵਿਚਾਲੇ ਚੰਗੇ ਰਿਸ਼ਤੇ ਸਨ ਅਤੇ ਪੂਰਾ ਪਰਿਵਾਰ ਖ਼ੁਸ਼ੀ ਨਾਲ ਰਹਿੰਦਾ ਸੀ । ਪਰਿਵਾਰ ਮੁਤਾਬਿਕ ਗੁਰਵਿੰਦਰ ਨੇ ਕਈ ਵਾਰ ਨਸ਼ੇੜੀਆਂ ਨੂੰ ਫੜਿਆ ਹੈ । ਕੁਝ ਦਿਨ ਪਹਿਲਾਂ ਨਸ਼ਾ ਕਰਨ ਵਾਲੇ ਅਤੇ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ । ਉਨ੍ਹਾਂ ਨੂੰ ਸ਼ੱਕ ਹੈ ਕਿ ਗੁਰਵਿੰਦਰ ਤੋਂ ਬਦਲਾ ਲੈਣ ਲਈ ਉਨ੍ਹਾਂ ਨੇ ਅਜਿਹੀ ਹਰਕਤ ਕੀਤੀ ਹੋ ਸਕਦੀ ਹੈ

ਪੁਲਿਸ ਦਾ ਬਿਆਨ

SHO ਅਮਨਦੀਪ ਸਿੰਘ ਬਰਾੜ ਨੇ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਮਾਮਲਾ ਸ਼ੱਕੀ ਹੋਣ ਦੇ ਕਾਰਨ ਗੁਰਵਿੰਦਰ ਸਿੰਘ ਦੀ ਹਾਲਤ ਠੀਕ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ । ਇਸ ਮਾਮਲੇ ਵਿੱਚ ਉਸ ਦੇ ਬਿਆਨ ਕਾਫ਼ੀ ਅਹਿਮ ਹਨ ।