ਬਿਉਰੋ ਰਿਪੋਰਟ : ਲੁਧਿਆਣਾ ਦੇ ਇੱਕ ਨਿੱਜੀ ਬੈਂਕ ਦੇ ਲੋਨ ਵਿਭਾਗ ਦਾ ਮੁਲਾਜ਼ਮ ਸਮੱਗਲਰ ਨਿਕਲਿਆ । ਸਪੈਸ਼ਲ ਟਾਸਕ ਫੋਰਸ (STF) ਦੀ ਟੀਮ ਨੇ ਤਸਕਰ ਦੇ ਬੈਗ ਤੋਂ 86 ਲੱਖ ਰੁਪਏ ਦੀ ਕੀਮਤ ਦੀ 1 ਕਿਲੋ 720 ਗਰਾਮ ਹੈਰੋਈਨ ਬਰਾਮਦ ਕੀਤੀ ਹੈ । ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਮੁਹੱਲਾ ਖੰਡ ਵਾਲਾ ਦੀ ਲੇਬਰ ਕਾਲੋਨੀ ਦੇ ਮੁਨੀਸ਼ ਸ਼ਰਮਾ ਦੇ ਤੌਰ ‘ਤੇ ਹੋਈ ਹੈ ।
STF ਲੁਧਿਆਣਾ ਰੇਂਜ ਦੇ ਪ੍ਰਭਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਮੁਖਬਿਰ ਨੇ ਇਤਲਾਹ ਦਿੱਤੀ ਸੀ ਜਿਸ ਤੋਂ ਬਾਅਦ ਮੁਨੀਸ਼ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ । ਬੈਗ ਵਿੱਚ ਹੈਰੋਈਨ ਦੀ ਵੱਡੀ ਖੇਪ ਲੁਕਾਈ ਹੋਈ ਸੀ । ਦੱਸਿਆ ਗਿਆ ਕਿ ਮੁਲਜ਼ਮ ਮੁਨੀਸ਼ ਸ਼ਰਮਾ ਇੰਡਸ ਬੈਂਕ ਪੱਖੋਵਾਲ ਰੋਡ ਲੁਧਿਆਣਾ ਵਿੱਚ ਲੋਨ ਡਿਪਾਰਟਮੈਂਟ ਵਿੱਚ ਕੰਮ ਕਰਦਾ ਹੈ । ਇਸੇ ਦੀ ਆੜ ਵਿੱਚ ਉਹ ਹੈਰੋਈਨ ਦਾ ਧੰਦਾ ਕਰਦਾ ਸੀ । ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਤੋਂ ਸਸਤੀ ਕੀਮਤ ਵਿੱਚ ਹੈਰੋਈਨ ਖਰੀਦ ਕੇ ਲੁਧਿਆਣਾ ਵਿੱਚ ਮਹਿੰਗੀ ਕੀਮਤ ‘ਤੇ ਸਪਲਾਈ ਕਰਦਾ ਸੀ ।
ਸਪਲਾਈ ਕਰਨ ਜਾ ਰਿਹਾ ਸੀ ਮੁਲਜ਼ਮ
ਮੁਲਜ਼ਮ ਮੁਨੀਸ਼ ਸ਼ਰਮਾ ਬਾਈਕ ‘ਤੇ ਲੁਹਾਰਾ ਤੋਂ ਇਸ਼ਰ ਨਗਰ ਪੁੱਲ ‘ਤੇ ਗਾਹਕ ਨੂੰ ਹੈਰੋਈਨ ਸਪਲਾਈ ਕਰਨ ਜਾ ਰਿਹਾ ਸੀ । STF ਦੇ DSP ਅਜੇ ਕੁਮਾਰ ਯਾਦਵ ਦੀ ਅਗਵਾਈ ਵਿੱਚ ਟੀਮ ਨੇ ਉਸ ਨੂੰ ਕਾਬੂ ਕੀਤਾ । ਕਾਲੇ ਰੰਗ ਦੇ ਬੈਗ ਦੀ ਤਲਾਸ਼ੀ ਲੈਣ ‘ਤੇ 1 ਕਿਲੋ 720 ਗਰਾਮ ਹੈਰੋਈਨ ਬਰਾਮਦ ਹੋਈ । ਮੁਲਜ਼ਮ ਦਾ ਰਿਮਾਂਡ ਲੈਕੈ ਪੁੱਛ-ਗਿੱਛ ਕੀਤੀ ਜਾਵੇਗੀ । ਕਈ ਵੱਡੇ ਸਮੱਗਲਰਾ ਦੇ ਨਾਂ ਸਾਹਮਣੇ ਆ ਸਕਦੇ ਹਨ।