Punjab

ਲੁਧਿਆਣਾ ਦਾ 13 ਸਾਲ ਵਿਦਿਆਰਥੀ ਸਕੂਲ ਗਿਆ ! ਪਰ ਉਸ ਨਾਲ ਜੋ ਹੋਇਆ ਉਸ ਨੂੰ ਸੁਣ ਕੇ ਸਾਰੇ ਹੈਰਾਨ

ਬਿਊਰੋ ਰਿਪੋਰਟ : ਕਈ ਵਾਰ ਕੁਦਰਤ ਇਨਸਾਨ ਨੂੰ ਅਜਿਹੇ ਇਸ਼ਾਰੇ ਕਰਦੀ ਹੈ ਜਿਸ ਨੂੰ ਸ਼ਾਇਦ ਸਮਝਣਾ ਅਸਾਨ ਨਹੀਂ ਹੁੰਦਾ ਹੈ,ਅਜਿਹਾ ਹੀ ਕੁਝ ਹੋਇਆ ਲੁਧਿਆਣਾ ਦੇ ਇੱਕ ਵਿਦਿਆਰਥੀ ਨਾਲ,ਉਹ ਘਰ ਤੋਂ ਸਕੂਲ ਗਿਆ ਸੀ,ਪਰ ਉੱਥੇ ਉਸ ਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਅੱਧੇ ਦਿਨ ਦੀ ਛੁੱਟੀ ਲੈਕੇ ਆਪਣੀ ਸਾਈਕਲ ‘ਤੇ ਘਰ ਪਰਤ ਰਿਹਾ ਸੀ। ਘਰ ਤੋਂ ਥੋੜ੍ਹੀ ਦੂਰੀ ‘ਤੇ ਹੀ ਸੀ ਕਿ ਇੱਕ ਟਿਪਰ ਨੇ ਵਿਦਿਆਰਥੀ ਨੂੰ ਦਰੜ ਦਿੱਤਾ ਅਤੇ ਉਸ ਦੀ ਮੌਤ ਹੋ ਗਈ । ਕਿਧਰੇ ਨਾ ਕਿਧਰੇ ਇਸ ਨੂੰ ਸੰਜੋਗ ਕਹਿ ਲਿਓ ਜਾਂ ਫਿਰ ਕੁਝ ਲੋਕ ਇਹ ਵੀ ਕਹਿ ਸਕਦੇ ਹਨ ਕਿ ਮੌਤ ਆਪ ਬੱਚੇ ਨੂੰ ਬਹਾਨੇ ਸਿਰ ਖਿੱਚ ਕੇ ਲੈਕੇ ਆਈ,ਨਹੀਂ ਤਾਂ ਸਵੇਰ ਵੇਲੇ ਉਹ ਬਿਲਕੁਲ ਠੀਕ ਸਕੂਲ ਪਹੁੰਚਿਆ ਸੀ ।

ਮ੍ਰਿਤਕ ਦੀ ਪਛਾਣ 13 ਸਾਲ ਦੇ ਸ਼ਿਵਮ ਦੇ ਰੂਪ ਵਿੱਚ ਹੋਈ ਹੈ, ਪਿਛਲੇ ਕੁਝ ਦਿਨਾਂ ਤੋਂ ਉਸ ਦੀ ਤਬੀਅਤ ਖਰਾਬ ਸੀ । ਜਦੋਂ ਬੁੱਧਵਾਰ ਨੂੰ ਉਹ ਸਕੂਲ ਗਿਆ ਤਾਂ ਉਸ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਉਸ ਨੇ ਛੁੱਟੀ ਦੀ ਅਰਜ਼ੀ ਦਿੱਤੀ ਅਤੇ ਘਰ ਸਾਈਕਲ ‘ਤੇ ਨਿਕਲ ਗਿਆ। ਕੈਲਾਸ਼ ਨਗਰ ਮੋੜ ਦੇ ਕੋਲ ਤੇਜ਼ ਰਫਤਾਰ ਟਿਪਰ ਸ਼ਿਵਮ ‘ਤੇ ਚੜ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਡਰਾਈਵਰ ਫਰਾਰ ਹੋ ਗਿਆ

ਖੂਨ ਨਾਲ ਲਹੂ-ਲੁਹਾਨ ਸ਼ਿਵਮ ਸੜਕ ‘ਤੇ ਹੀ ਡਿੱਗ ਗਿਆ,ਡਰਾਈਵਰ ਨੇ ਟਿਪਰ ਨੂੰ ਸਾਇਡ ਕੀਤਾ ਅਤੇ ਉਹ ਫਰਾਰ ਹੋ ਗਿਆ,ਮੌਕੇ ‘ਤੇ ਲੋਕਾਂ ਦੀ ਭੀੜ ਜਮਾ ਹੋ ਗਈ । ਉਨ੍ਹਾਂ ਨੇ ਫੌਰਨ ਘਟਨਾ ਦੀ ਇਤਲਾਹ ਪੁਲਿਸ ਨੂੰ ਦਿੱਤੀ। ਸ਼ਿਵਮ ਦੇ ਪਿਤਾ ਵਿਕਾਸ ਨੇ ਦੱਸਿਆ ਕਿ ਉਹ ਗਹਲੇਵਾਲ ਵਿੱਚ ਰਹਿੰਦਾ ਹੈ,ਸ਼ਿਵਮ ਪਰਿਵਾਰ ਦਾ ਇਕਲੌਤਾ ਪੁੱਤ ਹੈ,ਟਿਪਰ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਉਸ ਦੇ ਪੁੱਤਰ ਦੀ ਜਾਨ ਗਈ । ਉਨ੍ਹਾਂ ਨੇ ਪੁਲਿਸ ਤੋਂ ਡਰਾਈਵਰ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ,ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ,ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।