Punjab

ਲਵਲੀ ‘ਵਰਸਿਟੀ ਮੂਹਰੇ ਸਰਕਾਰ ਦੀਆਂ ਬਾਹਾਂ ਪਈਆਂ ਬੌਣੀਆਂ

ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੀ ਮਲਕੀਅਤ ਵਾਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਹੁਣ ਪੰਚਾਇਤੀ ਜ਼ਮੀਨੀ ’ਤੇ ਕਬਜ਼ਾ ਕਰਨ ਦੇ ਮਾਮਲੇ ’ਚ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਹਾਲਾਂਕਿ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਜ਼ਮੀਨ ਖਾਲੀ ਕਰਵਾਉਣ ’ਚ ਤੇਜ਼ੀ ਨਹੀਂ ਦਿਖਾ ਰਿਹਾ।

ਮੀਡੀਆ ਰਿਪੋਰਟਾਂ ਦਸਤਾਵੇਜ਼ਾਂ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੀ ਪ੍ਰਧਾਨਗੀ ਹੇਠ 3 ਜੂਨ ਨੂੰ ਹੋਈ ਮੀਟਿੰਗ ਦੌਰਾਨ ਇਹ ਮੁੱਦਾ ਸਾਹਮਣੇ ਆਇਆ ਸੀ। ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਐੱਲਪੀਯੂ ਦੇ ਕਬਜ਼ੇ ਤੋਂ ਪੰਚਾਇਤੀ ਜ਼ਮੀਨ ਤੁਰੰਤ ਖਾਲੀ ਕਰਵਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਸਨ ਪਰ ਜਲੰਧਰ ਤੇ ਕਪੂਰਥਲਾ ਵਿਚਲੇ ਮੰਤਰਾਲੇ ਦੇ ਵਿਭਾਗੀ ਅਧਿਕਾਰੀਆਂ ਨੇ ਇਸ ਮਾਮਲੇ ’ਚ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਤੇ ਪੰਚਾਇਤੀ ਜ਼ਮੀਨ ਛੁਡਵਾਉਣ ਲਈ ਕੋਈ ਕਦਮ ਚੁੱਕਣ ਤੋਂ ਨਾਕਾਮ ਰਹੇ। ਇਸ ਮਸਲੇ ਦਾ ਨੋਟਿਸ ਲੈਂਦਿਆਂ ਹੁਣ ਚੰਡੀਗੜ੍ਹ ਆਧਾਰਿਤ ਨਾਜਾਇਜ਼ ਕਬਜ਼ੇ ਹਟਾਊ ਸੈੱਲ ਨੇ ਜਲੰਧਰ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀਡੀਪੀਓ) ਤੋਂ ਕਾਰਵਾਈ ਰਿਪੋਰਟ ਮੰਗੀ ਹੈ।

ਇਸ ਸਬੰਧੀ ਜਲੰਧਰ ਦੇ ਡੀਡੀਪੀਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਬੰਧਤ ਜ਼ਮੀਨ ਕਪੂਰਥਲਾ ਜ਼ਿਲ੍ਹੇ ਅਧੀਨ ਆਉਂਦੀ ਹੈ। ਕਪੂਰਥਲਾ ਦੇ ਡੀਡੀਪੀਓ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਮੌਕਾ ਦੇਖਣ ਗਏ ਵਿਕਾਸ ਤੇ ਪੰਚਾਇਤ ਅਫ਼ਸਰ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਚਾਇਤੀ ਜ਼ਮੀਨ ਦਾ ਇੱਕ ਹਿੱਸਾ ਪਿੰਡ ਹਰਦਾਸਪੁਰ ’ਚ ਪੈਂਦਾ ਹੈ ਜੋ ਐੱਲਪੀਯੂ ਦੇ ਕਬਜ਼ੇ ਹੇਠ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਇਸ ਕਬਜ਼ੇ ਖ਼ਿਲਾਫ਼ ਕੇਸ ਦਾਇਰ ਕਰਨ ਲਈ ਕਿਹਾ ਹੈ। ਇਸ ਸਬੰਧੀ ਪੰਚਾਇਤ ਮੰਤਰੀ ਧਾਲੀਵਾਲ ਨਾਲ ਸੰਪਰਕ ਨਹੀਂ ਹੋ ਸਕਿਆ।

ਜ਼ਮੀਨ ਹਰਦਾਸਪੁਰ ਦੇ ਗੁਰਦੁਆਰੇ ਦੇ ਕਬਜ਼ੇ ਹੇਠ: ਅਮਨ ਮਿੱਤਲ

ਪੱਖ ਜਾਣਨ ਲਈ ਐੱਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਨੂੰ ਕਈ ਵਾਰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਦਾ ਫੋਨ ਬੰਦ ਮਿਲਿਆ। ਐੱਲਪੀਯੂ ਦੇ ਮੀਤ ਪ੍ਰਧਾਨ ਅਮਨ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੇ ਕਬਜ਼ੇ ਹੇਠ ਕੋਈ ਵੀ ਪੰਚਾਇਤੀ ਜ਼ਮੀਨ ਨਹੀਂ ਹੈ। ਉਨ੍ਹਾਂ ਕਿਹਾ, ‘ਸਬੰਧਤ ਪੰਚਾਇਤੀ ਜ਼ਮੀਨ ਹਰਦਾਸਪੁਰ ਦੇ ਗੁਰਦੁਆਰੇ ਦੇ ਕਬਜ਼ੇ ਹੇਠ ਹੈ। ਇਹ ਕੋਈ ਕਲੈਰੀਕਲ ਗਲਤੀ ਹੈ ਜਿਸ ਕਾਰਨ ਮੁੱਖ ਦਫ਼ਤਰ ਨੇ ਸਥਾਨਕ ਅਧਿਕਾਰੀਆਂ ਨੂੰ ਐੱਲਪੀਯੂ ਖ਼ਿਲਾਫ਼ ਜਾਂਚ ਦੀ ਹਦਾਇਤ ਕੀਤੀ। ਅਸੀਂ ਇਹ ਮਸਲਾ ਕਪੂਰਥਲਾ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਵੀ ਵਿਚਾਰਿਆ ਹੈ।

ਐੱਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ