Others

ਜੇਲ੍ਹ ਤੋਂ ਰਿਹਾਅ ਹੋਏ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ! ਬਾਹਰ ਨਿਕਲਦੇ ਹੀ 2 ਵੱਡੇ ਬਿਆਨ ! ਪੁਲਿਸ ਦੇ ਤਸ਼ਦੱਦ ਦਾ ਵੀ ਦੱਸਿਆ ਸੱਚ !

ਬਿਉਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੈ । ਬਾਹਰ ਨਿਕਲ ਦੇ ਹੀ ਉਨ੍ਹਾਂ ਨੇ ਵੱਡਾ ਬਿਆਨ ਦਿੱਤਾ ਹੈ । ਸਭ ਤੋਂ ਪਹਿਲਾ ਉਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੀ ਸੰਗਤ ਦਾ ਸਾਥ ਦੇਣ ਲਈ ਧੰਨਵਾਦ ਕੀਤਾ । ਫਿਰ ਉਨ੍ਹਾਂ ਨੇ ਕਿਹਾ ਜਦੋਂ ਤੱਕ ਜੇਲ੍ਹ ਨਹੀਂ ਭਰਾਂਗੇ ਉੱਦੋਂ ਤੱਕ ਗੁਲਾਮੀ ਦੀਆਂ ਜੰਜੀਰਾਂ ਨਹੀਂ ਟੁੱਟਣੀਆਂ, ਤੂਫਾਨ ਨੇ ਸਾਰੀ ਸਿੱਖ ਕੌਮ ਨੂੰ ਸਿਰ ਜੋੜਨ ਦੀ ਅਪੀਲ ਕੀਤੀ। ਲਵਪ੍ਰੀਤ ਸਿੰਘ ਤੂਫਾਨ ਨੇ ਪੰਜਾਬ ਪੁਲਿਸ ਨੂੰ ਲੈਕੇ ਵੀ ਵੱਡਾ ਬਿਆਨ ਦਿੱਤਾ ਹੈ।

ਪੰਜਾਬ ਪੁਲਿਸ ‘ਤੇ ਤੂਫਾਨ ਦਾ ਵੱਡਾ ਬਿਆਨ

ਰਿਹਾਈ ਤੋਂ ਬਾਅਦ ਜਦੋਂ ਲਵਪ੍ਰੀਤ ਸਿੰਘ ਤੂਫਾਨ ਤੋਂ ਪੁੱਛਿਆ ਗਿਆ ਕਿ ਪੁਲਿਸ ਦਾ ਵਤੀਰਾ ਉਨ੍ਹਾਂ ਦੇ ਨਾਲ ਕਿਵੇਂ ਦਾ ਸੀ ਤਾਂ ਉਨ੍ਹਾਂ ਨੇ ਕਿਹਾ ਸਿੱਖ ਹੋਣ ਦੇ ਨਾਤੇ ਸਾਰੇ ਅਫਸਰਾਂ ਨੇ ਉਨ੍ਹਾਂ ਦਾ ਸਤਿਕਾਰ ਕੀਤਾ,ਮੈਂ ਚੰਗੇ ਵਤੀਰੇ ਦੇ ਲਈ ਸਾਰੇ ਅਫਸ਼ਰਾਂ ਦਾ ਧੰਨਵਾਦ ਕਰਦਾ ਹਾਂ। ਲਵਪ੍ਰੀਤ ਸਿੰਘ ਤੂਫਾਨ ਦਾ ਇਹ ਬਿਆਨ ਇਸ ਲਈ ਵੀ ਅਹਿਮ ਹੈ ਕਿਉਂਕਿ ਵਾਰ-ਵਾਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਤੂਫਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਟਾਰਚਰ ਕੀਤਾ ਜਾ ਰਿਹਾ ਹੈ । ਜਦਕਿ ਲਵਪ੍ਰੀਤ ਜਦੋਂ ਜੇਲ੍ਹ ਤੋਂ ਬਾਹਰ ਆਇਆ ਹੈ ਤਾਂ ਉਸ ਦਾ ਬਿਆਨ ਪੁਲਿਸ ਦੇ ਪ੍ਰਤੀ ਬਹੁਤ ਹੀ ਚੰਗਾ ਰਿਹਾ ਹੈ । ਉਸ ਨੇ ਪੁਲਿਸ ਮੁਲਾਜ਼ਮਾਂ ਜਾਂ ਫਿਰ ਅਫਸਰਾਂ ‘ਤੇ ਕੋਈ ਸਵਾਲ ਖੜੇ ਨਹੀਂ ਕੀਤੇ ।

ਪੰਜਾਬ ਪੁਲਿਸ ਦੇ ਭਰੋਸੇ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਨੇ ਅਜਨਾਲਾ ਥਾਣੇ ਦੇ ਸਾਹਮਣੇ ਡੇਰਾ ਲਗਾਇਆ ਹੋਇਆ ਸੀ । ਜਦੋਂ ਰਿਹਾਈ ਦੇ ਆਰਡਰ ਆਏ ਤਾਂ ਹੁਣ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਜਾਕੇ ਰੱਬ ਦਾ ਸ਼ੁਕਰਾਨਾ ਕਰੇਗਾ ।

ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਲਵਪ੍ਰੀਤ ਸਿੰਘ ਤੂਫਾਨ ਦੀ ਪੁਰਾਣੀ ਫੋਟੋ

ਪੁਲਿਸ ਵੱਲੋਂ ਅਦਾਲਤ ਵਿੱਚ ਦਿੱਤੀ ਗਈ ਅਰਜ਼ੀ

ਅਜਨਾਲਾ ਪੁਲਿਸ ਨੇ ਅਦਾਲਤ ਵਿੱਚ ਲਵਪ੍ਰੀਤ ਸਿੰਘ ਨੂੰ ਰਿਲੀਜ਼ ਕਰਨ ਦੇ ਲਈ ਜਿਹੜੀ ਅਰਜ਼ੀ ਦਿੱਤੀ ਗਈ ਸੀ ਉਸ ਵਿੱਚ ਲਿਖਿਆ ਸੀ ਕਿ ਲਵਪ੍ਰੀਤ ਸਿੰਘ ਨੂੰ ਕੁੱਟਮਾਰ ਦੇ ਜਿਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੇਲੇ ਉਹ ਘਟਨਾ ਵਾਲੀ ਥਾਂ ‘ਤੇ ਨਹੀਂ ਸੀ ਉਹ ਬਠਿੰਡਾ ਅਤੇ ਮੋਗਾ ਵਿੱਚ ਮੌਜੂਦ ਸੀ । ਇਸ ਲਈ ਲਵਪ੍ਰੀਤ ਸਿੰਘ ਨੂੰ ਰਿਹਾ ਕੀਤਾ ਜਾਵੇ। DSP ਸੰਜੀਵ ਸ਼ਰਮਾ ਨੇ ਅਦਾਲਤ ਵਿੱਚ ਕਿਹਾ ਕਿ ਇਸ ਲਈ ਪੁਲਿਸ ਨੂੰ ਲਵਪ੍ਰੀਤ ਦੀ ਕਸਟਡੀ ਦੀ ਜ਼ਰੂਰਤ ਨਹੀਂ ਹੈ, ਉਸ ਨੂੰ ਰਿਲੀਜ਼ ਕਰ ਦਿੱਤਾ ਜਾਵੇ।

FIR ਦਰਜ ਕਰਨ ‘ਤੇ ਚੁੱਪ ਪੁਲਿਸ

SSP ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਵੱਲੋਂ ਪੁਲਿਸ ਨੂੰ ਕੁਝ ਸਬੂਤ ਦਿੱਤੇ ਗਏ ਸਨ । ਜਿਸ ਤੋਂ ਬਾਅਦ ਸਾਫ ਹੋ ਜਾਂਦਾ ਹੈ ਕਿ ਲਵਪ੍ਰੀਤ ਸਿੰਘ ਤੂਫਾਨ ਉੱਥੇ ਨਹੀਂ ਸੀ । ਜਦੋਂ ਉਨ੍ਹਾਂ ਨੂੰ ਵੀਰਵਾਰ ਨੂੰ ਹੋਈ ਹਿੰਸਾ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿਰਫ਼ ਇੰਨਾਂ ਹੀ ਕਿਹਾ 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ ਪਰ ਹੁਣ ਉਹ ਠੀਕ ਹਨ।