The Khalas Tv Blog Khaas Lekh ਖ਼ਾਸ ਲੇਖ – ਲੋਕਸਭਾ ਚੋਣਾਂ ’ਚ ਸਮਝੋ ਪਟਿਆਲਵੀਆਂ ਦਾ ਮੂਡ! ਗੜ੍ਹ ਵਾਲੀ ਪਾਰਟੀ ਦੀ ਮਜ਼ਬੂਤ ਦਾਅਵੇਦਾਰੀ! ਫਿਰ ਸਿਰਜਣਗੇ ਇਤਿਹਾਸ
Khaas Lekh Khalas Tv Special Lok Sabha Election 2024 Punjab

ਖ਼ਾਸ ਲੇਖ – ਲੋਕਸਭਾ ਚੋਣਾਂ ’ਚ ਸਮਝੋ ਪਟਿਆਲਵੀਆਂ ਦਾ ਮੂਡ! ਗੜ੍ਹ ਵਾਲੀ ਪਾਰਟੀ ਦੀ ਮਜ਼ਬੂਤ ਦਾਅਵੇਦਾਰੀ! ਫਿਰ ਸਿਰਜਣਗੇ ਇਤਿਹਾਸ

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ): ਕੋਈ ਪਟਿਆਲਾ ਨੂੰ ਸ਼ਾਹੀ ਸ਼ਹਿਰ ਕਹਿੰਦਾ ਹੈ, ਕੋਈ ਬਾਗ਼ਾ ਦੀ ਰਾਜਧਾਨੀ, ਸਿਰ ’ਤੇ ਸੱਜੀਆਂ ਪਟਿਆਲਾ ਸ਼ਾਹੀ ਪੱਗਾਂ ਤੇ ਪਰਾਂਦੇ ਪੂਰੀ ਦੁਨੀਆ ’ਚ ਮਸ਼ਹੂਰ ਹਨ। ਇਹ ਸ਼ਹਿਰ ਪੰਜਾਬੀ ਅਤੇ ਮੁਗ਼ਲ ਸੱਭਿਆਚਾਰ ਦਾ ਸ਼ਾਨਦਾਰ ਮਿਸ਼ਰਨ ਹੈ। ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਨੌਜਵਾਨ ਸ਼ਹਿਰ ਵੀ ਕਿਹਾ ਜਾਂਦਾ ਹੈ ਕਿਉਂਕਿ 2 ਸਦੀਆਂ ਪਹਿਲਾਂ ਹੀ ਪਟਿਆਲਾ ਨੂੰ ਅਜ਼ਾਦ ਸਿੱਖ ਰਿਆਸਤ ਦੇ ਤੌਰ ’ਤੇ ਬਾਬਾ ਆਲਾ ਸਿੰਘ ਨੇ 18ਵੀਂ ਸ਼ਤਾਬਦੀ ਵਿੱਚ ਸਥਾਪਿਤ ਕੀਤਾ ਸੀ। ਇਸ ਸ਼ਹਿਰ ਦੀ ਸਿਆਸੀ ਸੋਚ ਦੀ ਗੱਲ ਕਰੀਏ ਤਾਂ ਸੱਤਾ ਦੇ ਪ੍ਰਤੀ ਵਫ਼ਾਦਾਰ ਵਾਲੀ ਹੈ।

ਭਾਵੇਂ ਪਿਛਲੇ 45 ਸਾਲ ਤੋਂ ਪਟਿਆਲਾ ਦੇ ਸ਼ਾਹੀ ਪਰਿਵਾਰ ਦੇ ਵਾਰਿਸ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਆਪਣਾ ਸਿਆਸੀ ਗੜ੍ਹ ਕਿਹਾ ਹੈ, ਪਰ ਲੋਕਾਂ ਨੇ ਕਈ ਵਾਰ ਆਪਣੀ ਵੋਟ ਦੀ ਤਾਕਤ ਦੇ ਨਾਲ ਇਸ ਨੂੰ ਗ਼ਲਤ ਵੀ ਸਾਬਿਤ ਕੀਤਾ ਹੈ। ਪਟਿਆਲਾ ਦੇ 75 ਸਾਲ ਦੇ ਸਿਆਸੀ ਸਫ਼ਰ ਨੂੰ ਪੜਚੋਲ ਤੋਂ ਬਾਅਦ ਇਸ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾ ਸਕਦਾ ਹੈ। ਪਰ ਇੱਥੋਂ ਦੇ ਲੋਕ ਸੱਤਾ ਦੀ ਹਵਾ ਦਾ ਰੁਖ਼ ਵੀ ਚੰਗੀ ਤਰ੍ਹਾਂ ਪਛਾਣਦੇ ਹਨ।

ਪਟਿਆਲਾ ਦੀ 7 ਦਹਾਕਿਆਂ ਦੀ ਸਿਆਸਤ ਨੇ ਕਦੀ-ਕਦੀ ਅਜਿਹੇ ਫੈਸਲੇ ਵੀ ਲਏ ਹਨ ਜਦੋਂ ਰੰਕ ਨੇ ਰਾਜੇ ਦਾ ਤਖ਼ਤਾ ਪਲਟਿਆ ਹੈ,ਪੰਜਾਬ ਲਈ ਕੁਰਸੀ ਛੱਡਣ ਵਾਲੇ ਦਾ ਮੁੱਲ ਵੀ ਪਾਇਆ ਹੈ। ਸੂਬੇ ਦੀ ਸਭ ਤੋਂ ਉੱਚੀ ਕੁਰਸੀ ਤੱਕ ਵੀ ਪਹੁੰਚਾਇਆ ਹੈ। ਅਕਾਲੀ ਦਲ ਨੇ ਜਦੋਂ-ਜਦੋਂ ਮਜ਼ਬੂਤ ਉਮੀਦਵਾਰ ਦਿੱਤਾ ਤਾਂ ਜਨਤਾ ਨੇ ਤੱਕੜੀ ਨਾਲ ਵੀ ਇਨਸਾਫ਼ ਕੀਤਾ।

ਅੱਜ ਅਸੀਂ ਪਟਿਆਲਾ ਦੀ ਨਬਜ਼ ਟਟੋਲਾਂਗੇ। ਪਟਿਆਲਾ ਦੇ ਪੁਰਾਣੇ ਸਿਆਸੀ ਫੈਸਲਿਆਂ ਦੇ ਜ਼ਰੀਏ ਅੱਜ ਤੇ ਕੱਲ੍ਹ ਦੀ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਲੋਕਸਭਾ ਚੋਣਾਂ 2024 ਵਿੱਚ ਪਟਿਆਲਾ ਦੀ ਜਨਤਾ ਦੇ ਮੂੰਡ ਨੂੰ ਸਮਝਾਂਗੇ। ਸਿਆਸੀ ਪਾਰਟੀਆਂ ਤੇ ਲੀਡਰਾਂ ਦੇ ਦਾਅ-ਪੇਚ ਨੂੰ ਸਮਝਾਂਗੇ।

ਪਟਿਆਲਾ ਦੇ ਲੋਕਾਂ ਦੀ ਵੋਟਿੰਗ ਸੋਚ ਹਮੇਸ਼ਾ ਸੱਤਾ ਵਿੱਚ ਬਣੇ ਰਹਿਣ ਦੀ ਹੈ। ਫਿਰ ਭਾਵੇਂ ਉਹ ਸੂਬੇ ਦੀ ਹੋਵੇ ਜਾਂ ਫਿਰ ਕੇਂਦਰ ਦੀ ਉਨ੍ਹਾਂ ਨੂੰ ਉਹੀ ਪਾਰਟੀ ਅਤੇ ਆਗੂ ਪਸੰਦ ਹਨ ਜੋ ਵਜ਼ਾਰਤ ਵਿੱਚ ਰਹਿੰਦੇ ਹੋਏ ਹਲਕੇ ਦਾ ਵਿਕਾਸ ਕਰ ਸਕਣ। 1980 ਤੋਂ 2019 ਤੱਕ ਪਟਿਆਲਾ ਲੋਕਸਭਾ ਦੀ ਸੀਟ ਰਾਜ ਘਰਾਣੇ ਦੇ ਇਰਦ-ਗਿਰਦ ਹੀ ਘੁੰਮ ਰਹੀ ਹੈ। ਇਸ ਸੀਟ ਨੇ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਦਾ ਟੈਸਟ ਲਿਆ ਹੈ, ਕਦੇ ਫੇਲ੍ਹ ਤੇ ਕਦੇ ਪਾਸ ਕੀਤਾ ਹੈ।

ਪਟਿਆਲਾ ਦੇ ਲੋਕਾਂ ਨੇ 70 ਸਾਲ ਵਿੱਚ ਕਾਂਗਰਸ ਦੇ ਉਮੀਦਵਾਰ ਨੂੰ 10 ਵਾਰ ਜਤਾਇਆ। ਅਕਾਲੀ ਦਲ 2 ਵਾਰ ਜਿੱਤਿਆ ਅਤੇ ਆਮ ਆਦਮੀ ਪਾਰਟੀ 1 ਵਾਰ ਜੇਤੂ ਰਹੀ ਜਦਕਿ ਇੱਕ ਸਾਲ ਉਹ ਵੀ ਆਇਆ ਜਦੋਂ ਅਜ਼ਾਦ ਨੇ ਵੀ ਬਾਜ਼ੀ ਮਾਰੀ। ਅੰਕੜਿਆਂ ਤੋਂ ਸਾਬਿਤ ਹੁੰਦਾ ਹੈ ਕਿ ਪਟਿਆਲਾ ਕਾਂਗਰਸ ਦਾ ਗੜ੍ਹ ਹੈ। 1957 ਤੋਂ 1971 ਤੱਕ ਕਾਂਗਰਸ ਲਗਾਤਾਰ 4 ਵਾਰ ਜਿੱਤੀ।

ਪਟਿਆਲਾ ਦੀ ਸਿਆਸਤ ਵਿੱਚ ਨਵਾਂ ਮੋੜ

1977 ਵਿੱਚ SGPC ਦੇ 27 ਸਾਲ ਪ੍ਰਧਾਨ ਰਹੇ ਗੁਰਚਰਨ ਸਿੰਘ ਟੋਹੜਾ ਨੇ ਕਾਂਗਰਸ ਦੇ ਗੜ੍ਹ ਵਿੱਚ ਸੰਨ੍ਹ ਲਾਈ। ਇਹ ਉਹ ਦੌਰ ਸੀ ਜਦੋਂ ਦੇਸ਼ ਵਿੱਚ ਪਹਿਲੀ ਵਾਰ ਗੈਰ ਕਾਂਗਰਸੀ ਜਨਤਾ ਪਾਰਟੀ ਦੀ ਮਿਲੀ-ਜੁਲੀ ਸਰਕਾਰ ਕੇਂਦਰ ਵਿੱਚ ਬਣੀ ਸੀ ਤੇ ਪੂਰੇ ਦੇਸ਼ ਵਿੱਚ ਕਾਂਗਰਸ ਦਾ ਤਖ਼ਤਾ ਪਲਟ ਹੋਇਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਸਾਬਿਤ ਹੋਇਆ ਸੀ ਕਿ ਪਟਿਆਲਾ ਦੇ ਲੋਕ ਕੇਂਦਰ ਵਿੱਚ ਬਣਨ ਵਾਲੀ ਸਰਕਾਰ ਦੀ ਨਬਜ਼ ਸਮਝਦੇ ਹਨ ਕਿ ਹਵਾ ਦਾ ਰੁਖ਼ ਕਿਸ ਪਾਸੇ ਹੈ। ਕਿਉਂਕਿ ਇਸ ਤੋ ਪਹਿਲਾਂ ਵੀ ਕੇਂਦਰ ਅਤੇ ਪਟਿਆਲਾ ਵਿੱਚ ਕਾਂਗਰਸ ਹੀ ਜਿੱਤਦੀ ਰਹੀ ਸੀ ਇਸ ਲਈ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ।

ਫਿਰ ਆਇਆ ਸਾਲ 1980 ਪਟਿਆਲਾ ਦੇ ਸ਼ਾਹੀ ਪਰਿਵਾਰ ਦੇ ਫਰਜੰਦ ਕੈਪਟਨ ਅਮਰਿੰਦਰ ਸਿੰਘ ਦੀ ਲੋਕਸਭਾ ਚੋਣਾਂ ਦੇ ਨਾਲ ਸਿਆਸਤ ਵਿੱਚ ਐਂਟਰੀ ਹੋਈ। ਕਾਂਗਰਸ ਦੀ ਟਿਕਟ ਤੋਂ ਕੈਪਟਨ ਜਿੱਤੇ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੀ, ਫਿਰ ਇੱਕ ਵਾਰ ਪਟਿਆਲਾ ਦੇ ਲੋਕਾਂ ਨੇ ਹਵਾ ਦਾ ਰੁਖ਼ ਪਹਿਲਾਂ ਹੀ ਪਰਖ ਲਿਆ। ਹਾਲਾਂਕਿ ਸਾਕਾ ਨੀਲਾ ਤਾਰਾ (Operation Blue Star) ਦੇ ਵਿਰੋਧ ’ਚ ਕੈਪਟਨ ਨੇ ਸਮੇਂ ਤੋਂ ਪਹਿਲਾਂ ਹੀ ਕਾਂਗਰਸ ਦੇ ਸਾਂਸਦ ਵਜੋਂ ਅਸਤੀਫ਼ਾ ਦੇ ਦਿੱਤਾ। ਇਸ ਫੈਸਲੇ ਨੇ ਕੈਪਟਨ ਨੂੰ ਪੰਥਕ ਸਿਆਸਤ ਦਾ ਹੀਰੋ ਬਣਾ ਦਿੱਤਾ। 1996 ਤੱਕ ਕਦੇ ਉਹ ਅਕਾਲੀ ਦਲ ਵਿੱਚ ਰਹੇ ਕਦੇ ਆਪਣੀ ਪਾਰਟੀ ਬਣਾਈ। ਪਰ ਸਿਆਸਤ ਵਿੱਚ ਸਫਲ ਨਹੀਂ ਹੋਏ।

1998 ਮੁੜ ਤੋਂ ਕਾਂਗਰਸ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਚੋਣ ਲੜੀ ਪਰ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਹਾਰ ਗਏ। ਫਿਰ ਸਾਬਿਤ ਹੋਇਆ ਕਿ ਪਟਿਆਲਾ ਦੇ ਲੋਕਾਂ ਦਾ ਫੈਸਲੇ ਕੇਂਦਰ ਵਿੱਚ ਬਣਨ ਵਾਲੀ ਸਰਕਾਰ ਦੇ ਹੱਕ ਵਿੱਚ ਸੀ ਕਿਉਂਕਿ 1996 ਅਤੇ 1998 ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਜਦੋਂ 2 ਵਾਰ ਜਿੱਤੇ ਦੋਵੇ ਵਾਰ ਵਾਜਪਾਈ ਦੀ ਸਰਕਾਰ ਬਣੀ ਅਤੇ ਸੂਬੇ ਵਿੱਚ ਵੀ ਅਕਾਲੀ-ਬੀਜੇਪੀ ਦੀ ਸਰਕਾਰ ਸੀ। 1998 ਵਿੱਚ ਅਕਾਲੀ ਦਲ ਦੀ ਪਟਿਆਲਾ ਸੀਟ ‘ਤੇ ਇਹ ਅਖੀਰਲੀ ਜਿੱਤ ਸੀ, 26 ਸਾਲ ਤੋਂ ਅਕਾਲੀ ਦਲ ਪਟਿਆਲਾ ਸੀਟ ਜਿੱਤ ਨਹੀਂ ਸਕੀ ਹੈ।

1999 ਵਿੱਚ 13 ਮਹੀਨੇ ਦੀ ਵਾਜਪਾਈ ਸਰਕਾਰ ਡਿੱਗੀ ਤਾਂ 1 ਸਾਲ ਬਾਅਦ ਮੁੜ ਚੋਣਾਂ ਹੋਈਆਂ। ਕੈਪਟਨ ਅਮਰਿੰਦਰ ਨੇ ਆਪਣੀ ਪਤਨੀ ਪਰਨੀਤ ਕੌਰ ਦਾ ਨਾਂ ਅੱਗੇ ਕੀਤਾ, ਉਨ੍ਹਾਂ ਨੇ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਕਾਂਗਰਸ ਦੀ ਪਟਿਆਲਾ ਵਿੱਚ ਲਗਾਤਾਰ 2 ਚੋਣਾਂ ਹਾਰਨ ਤੋਂ ਬਾਅਦ ਵਾਪਸੀ ਹੋਈ ਤਾਂ 2022 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮੁੱਖ ਮੰਤਰੀ ਬਣੇ ਤਾਂ ਪਟਿਆਲਾ ਕਾਂਗਰਸ ਦਾ ਗੜ੍ਹ ਦੇ ਕਿਲ੍ਹਾ ਬਣ ਗਿਆ ਜਿਸ ਦੀਆਂ ਕੰਧਾਂ ਇੰਨੀਆਂ ਮਜ਼ਬੂਤ ਹੋ ਗਈਆਂ ਕੋਈ ਵਿਰੋਧੀ ਪਾਰਟੀਆਂ ਝਾਕ ਤਕ ਨਹੀਂ ਸਕੀਆਂ। 1999, 2004, 2009 ਦੀਆਂ ਲੋਕਸਭਾ ਚੋਣਾਂ ਦੌਰਾਨ ਪਰਨੀਤ ਕੌਰ ਨੇ ਜਿੱਤ ‘ਤੇ ਹੈਟ੍ਰਿਕ ਲਗਾਈ। ਇਹ ਉਹ ਦੌਰ ਸੀ ਜਦੋਂ ਸੂਬੇ ਜਾਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ।

ਕੈਪਟਨ ਦੀ ਤਾਕਤ ਘਟੀ

2014 ਵਿੱਚ ਦੇਸ਼ ਵਿੱਚ ਕਾਂਗਰਸ ਦੇ ਖਿਲਾਫ ਹਵਾ ਬਣੀ, ਕੈਪਟਨ ਦੀ ਅਗਵਾਈ ਵਿੱਚ ਕਾਂਗਰਸ 2007 ਅਤੇ 2012 ਦੀ ਵਿਧਾਨਸਭਾ ਚੋਣ ਹਾਰੀ ਤਾਂ ਕੈਪਟਨ ਦਾ ਕਿਲ੍ਹਾ ਪਟਿਆਲਾ ਵੀ ਹਿੱਲਿਆ। ਉੱਤੋਂ 2014 ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਨੇ ਕਾਂਗਰਸ ਨੂੰ 15 ਸਾਲ ਬਾਅਦ ਹਰਾ ਦਿੱਤਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਜਿੱਤ ਹਾਸਲ ਕੀਤੀ। ਇਹ ਉਹ ਸ਼ਖਸ ਸੀ ਜਿਸ ਨੂੰ ਪਹਿਲਾ ਲੋਕ ਸਿਰਫ਼ ਡਾਕਟਰ ਦੇ ਤੌਰ ‘ਤੇ ਜਾਣ ਦੇ ਸਨ ਪਰ ਰਾਤੋ ਰਾਤ ਡਾ. ਗਾਂਧੀ ਦਾ ਨਾਂ ਪੰਜਾਬ ਦੇ ਨਾਲ ਦੇਸ਼ ਦੀਆਂ ਅਖ਼ਬਾਰਾਂ ਦੀ ਸੁਰੱਖਿਆ ਬਣ ਗਿਆ।

ਇਹ ਸ਼ਾਇਦ ਪਹਿਲੀ ਵਾਰ ਸੀ ਜਦੋਂ ਪਟਿਆਲਾ ਦੇ ਲੋਕਾਂ ਨੇ ਸੱਤਾਧਾਰੀ ਪਾਰਟੀ ਨਾਲ ਨਾ ਜਾ ਕੇ ਨਵੀਂ ਪਾਰਟੀ ‘ਤੇ ਦਾਅ ਖੇਡਿਆ। ਪਰ ਪੰਜ ਸਾਲ ਵਿੱਚ ਮੁੜ ਤੋਂ 2019 ਵਿੱਚ ਕਾਂਗਰਸ ਦੀ ਪਟਿਆਲਾ ਵਿੱਚ ਵਾਪਸੀ ਹੋਈ ਪਰਨੀਤ ਕੌਰ ਚੌਥੀ ਵਾਰ ਜਿੱਤੇ ਕਿਉਂ ਸੂਬੇ ਵਿੱਚ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਸੀ। ਫਿਰ ਸਾਬਿਤ ਪਟਿਆਲਾ ਦੇ ਲੋਕਾਂ ਦਾ ਝੁਕਾਅ ਸੱਤਾਧਾਰੀ ਪਾਰਟੀ ਵੱਲ ਰਹਿੰਦਾ ਹੈ।

2021 ਵਿੱਚ ਕੈਪਟਨ ਦੀ ਮੁੱਖ ਮੰਤਰੀ ਦੀ ਕੁਰਸੀ ਗਈ ਤਾਂ ਉਨ੍ਹਾਂ ਨੇ ਕਾਂਗਰਸ ਛੱਡੀ ਅਤੇ ਆਪਣੀ ਨਵੀਂ ਪਾਰਟੀ ਬਣਾਈ, ਪਰ ਪਟਿਆਲਾ ਵਿਧਾਨਸਭਾ ਦੇ ਲੋਕਾਂ ਨੇ 2 ਵਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਆਮ ਆਦਮੀ ਪਾਰਟੀ ਦੀ ਨਾ ਸਿਰਫ਼ ਪਟਿਆਲਾ ਵਿਧਾਨਸਭਾ ਹਲਕੇ ਵਿੱਚ ਜਿੱਤ ਹੋਈ ਬਲਕਿ 7 ਹੋਰ ਵਿਧਾਨਸਭਾ ਵਿੱਚ ਵੀ ਕਾਂਗਰਸ ਦੀ ਹਾਰ ਹੋਈ।

ਹੁਣ ਤੱਕ ਦੀ ਪੜਚੋਲ ਤੋਂ ਸਾਫ ਹੈ ਕਿ ਪਟਿਆਲਵੀ ਸੱਤਾ ਦੀ ਹਵਾ ਦੇ ਨਾਲ ਹੀ ਰਹਿਣਾ ਪਸੰਦ ਕਰਦੇ ਹਨ ਉਹ ਭਾਵੇਂ ਸੂਬੇ ਦੀ ਵਜ਼ਾਰਤ ਹੋਵੇ ਜਾਂ ਫਿਰ ਕੇਂਦਰ ਦੀ, ਕਾਂਗਰਸ ਦਾ ਗੜ੍ਹ ਤਾਂ ਇਹ ਹਲਕਾ ਰਿਹਾ ਹੈ, ਪਰ ਕੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਵੇਲੇ ਹਲਕੇ ਵਿੱਚ ਇੰਨਾ ਵੱਡਾ ਕੱਦ ਹੈ ਕਿ ਉਨ੍ਹਾਂ ਦੇ ਨਾਂ ‘ਤੇ ਲੋਕ ਵੋਟ ਪਾਉਣਗੇ ਇਸ ‘ਤੇ ਯਕੀਨ ਕਰਨਾ ਮੁਸ਼ਕਿਲ ਹੈ। ਕਿਉਂਕਿ ਜਦੋਂ ਕੈਪਟਨ ਸੱਤਾ ਤੋਂ ਦੂਰ ਹੋਏ ਹਨ, ਪਟਿਆਲਾ ਵਿੱਚ ਜਿੱਤ ਵੀ ਉਨ੍ਹਾਂ ਤੋਂ ਦੂਰ ਹੋਈ ਹੈ।

ਇਸ ਵਾਰ ਕਿਸ ਵੱਲ ਜਾਣਗੇ ਪਟਿਆਲਵੀਂ?

ਜਾਣਗੇ ਹਾਂ ਕਿ 2024 ਦੇ ਲੋਕਸਭਾ ਚੋਣਾਂ ਦੇ ਨਤੀਜੇ ਕੀ ਰਹਿਣਗੇ? ਇੱਥੇ ਵੀ ਪਟਿਆਲਾ ਦੇ ਲੋਕਾਂ ਦੇ ਸਾਹਮਣੇ 3 ਸਵਾਲ ਹਨ। ਪਹਿਲਾ ਇਹ ਕਿ ਉਹ ਸੂਬੇ ਦੀ ਅਗਲੇ ਤਿੰਨ ਸਾਲ ਦੀ ਸਿਆਸਤ ਨਾਲ ਜਾਣਾ ਚਾਹੁਣਗੇ ਯਾਨੀ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ? ਜਾਂ ਫਿਰ ਇਸ ਵਾਰ ਪਾਰਟੀ ਬਦਲ ਕੇ ਬੀਜੇਪੀ ਵੱਲੋਂ ਦਾਅਵੇਦਾਰੀ ਪੇਸ਼ ਕਰਨ ਵਾਲੀ ਆਪਣੀ ਚਾਰ ਦੀ ਐੱਮਪੀ ਪਰਨੀਤ ਕੌਰ ਦੇ ਨਾਲ ਜਾਣਾ ਚਾਉਣਗੇ? ਦੇਸ਼ ਦਾ ਹਰ ਸਰਵੇ ਇਸ ਵੇਲੇ ਕੇਂਦਰ ਦੀ ਸੱਤਾ ਵਿੱਚ ਬੀਜੇਪੀ ਦੀ ਵਾਪਸੀ ਦਾ ਇਸ਼ਾਰਾ ਕਰ ਰਿਹਾ ਹੈ। ਕੀ ਪਟਿਆਲਾ ਦੇ ਲੋਕ ਪਰਨੀਤ ਕੌਰ ਨੂੰ ਵੋਟ ਕਰਨਗੇ? ਜਾਂ ਫਿਰ ਇੱਕ ਵਾਰ ਮੁੜ ਤੋਂ ਕਾਂਗਰਸ ਦੇ ਹੱਕ ਵਿੱਚ ਮੋਹਰ ਲਗਾ ਕੇ ਸਾਬਿਤ ਕਰਨਗੇ ਕਿ ਪਟਿਆਲਾ ਕਾਂਗਰਸੀਆਂ ਦਾ ਗੜ੍ਹ ਹੈ।

ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਹੈ ਕਿ ਸਿਰਫ਼ ਬੀਜੇਪੀ ਦੇ ਵੋਟ ’ਤੇ ਜਿੱਤ ਹਾਸਲ ਕਰਨਾ ਪਟਿਆਲਾ ਵਿੱਚ ਅਸਾਨ ਨਹੀਂ ਹੈ। ਬੀਜੇਪੀ ਜਿਸ ਜੋਸ਼ੋ-ਖਰੋਸ਼ ਨਾਲ ਕੈਪਟਨ ਨੂੰ ਆਪਣੇ ਨਾਲ ਲੈਕੇ ਆਈ ਸੀ ਉਸ ਦੇ ਸਿਆਸੀ ਕੱਦ ਦਾ ਵੀ ਵੱਡਾ ਟੈਸਟ ਹੈ, ਇਸੇ ਲਈ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਬੀਜੇਪੀ ਦੇ ਆਗੂਆਂ ਤੇ ਅਕਾਲੀ ਦਲ ਨਾਲ ਗਠਜੋੜ ਦਾ ਦਬਾਅ ਪਾ ਰਹੇ ਸਨ। ਉਨ੍ਹਾਂ ਨੇ ਆਪ ਖੁੱਲ੍ਹ ਕੇ ਇਸ ਗੱਲ ਦਾ ਦਾਅਵਾ ਕੀਤਾ ਹੈ। ਪਰ ਕੈਪਟਨ ਦਾ ਇਹ ਦਾਅ ਨਹੀਂ ਚੱਲਿਆ, ਅਕਾਲੀ ਦਲ ਅਤੇ ਬੀਜੇਪੀ ਦਾ ਗਠਜੋੜ ਨਹੀਂ ਹੋ ਸਕਿਆ ਹੈ।

ਅਕਾਲੀ ਦਲ ਨੇ ਪਟਿਆਲਾ ਤੋਂ ਕਮਜ਼ੋਰ ਉਮੀਦਵਾਰ ਐਨ ਕੇ ਸ਼ਰਮਾ ਨੂੰ ਟਿਕਟ ਦਿੱਤੀ ਹੈ। ਹਾਲਾਂਕਿ ਐਨਕੇ ਸ਼ਰਮਾ 2 ਵਾਰ ਦੇ ਵਿਧਾਇਕ ਹਨ ਪਰ ਲੋਕਸਭਾ ਦੇ ਉਮੀਦਵਾਰ ਵਜੋਂ ਉਨ੍ਹਾਂ ਦਾ ਕੱਦ ਛੋਟਾ ਹੈ। ਆਪ ਨੇ ਹਰ ਹਾਲ ਵਿੱਚ ਸੀਟ ਜਿੱਤਣ ਲਈ ਕੈਬਨਿਟ ਮੰਤਰੀ ਡਾ.ਬਲਬੀਰ ਸਿੰਘ ਉਮੀਦਵਾਰ ਬਣਾਇਆ ਹੈ। ਮੰਤਰੀ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਕੱਦ ਵੱਡਾ ਹੋ ਗਿਆ ਹੈ। ਕਾਂਗਰਸ ਨੇ ਧਰਮਵੀਰ ਗਾਂਧੀ ‘ਤੇ ਦਾਅ ਖੇਡਿਆ ਹੈ, ਹਾਲਾਂਕਿ ਗਾਂਧੀ ਦੇ ਨਾਂ ‘ਤੇ ਟਕਸਾਲੀ ਕਾਂਗਰਸੀਆਂ ਨੇ ਬਹੁਤ ਸ਼ੋਰ ਮਚਾਇਆ ਪਰ ਕਾਂਗਰਸ ਕੋਲ ਕੋਈ ਵੱਡਾ ਨਾਂ ਨਹੀਂ ਸੀ।

2019 ਵਿੱਚ ਗਾਂਧੀ ਅਜ਼ਾਦ ਉਮੀਦਵਾਰ ਵਜੋਂ ਤੀਜੇ ਨੰਬਰ ‘ਤੇ ਰਹੇ ਸਨ ਅਤੇ ਤਕਰੀਬਨ ਡੇਢ ਲੱਖ ਵੋਟ ਹਾਸਲ ਕੀਤੇ ਜੇਕਰ ਕਾਂਗਰਸ ਦੇ ਵੋਟ ਨਾਲ ਮਿਲ ਗਏ ਤਾਂ ਕੁਝ ਵੀ ਹੋ ਸਕਦਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਗਾਂਧੀ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਕਿਉਂਕਿ ਸਿਆਸਤਦਾਨ ਹੋਣ ਤੋਂ ਪਹਿਲਾਂ ਡਾਕਟਰ ਰਹਿੰਦੇ ਹੋਏ ਉਨ੍ਹਾਂ ਨੇ ਲੋਕਾਂ ਦੀ ਕਾਫੀ ਸੇਵਾ ਕੀਤੀ। ਯਾਨੀ ਗਾਂਧੀ ਇਸ ਵਾਰ ਮੁੜ ਤੋਂ ਵੱਡਾ ਉਲਟ ਫੇਰ ਕਰਨ ਦਾ ਦਮ ਰੱਖ ਦੇ ਹਨ ਜੇਕਰ ਟਕਸਾਲੀ ਕਾਂਗਰਸ ਟੰਗ ਨਾਲ ਖਿਚਣ।

ਹੁਣ ਵੱਡਾ ਸਵਾਲ ਇਹ ਹੈ ਕਿ ਲੋਕ ਪਟਿਆਲਾ ਨੂੰ ਕਾਂਗਰਸ ਦਾ ਗੜ੍ਹ ਬਣਾਈ ਰੱਖਣਾ ਚਾਹੁੰਦੇ ਹਨ ਜਾਂ ਫਿਰ ਸੂਬੇ ਜਾਂ ਕੇਂਦਰ ਦੀ ਸੱਤਾ ਨਾਲ ਜਾਣਾ ਚਾਹੁਣਗੇ। ਪਰਨੀਤ ਕੌਰ ਦੇ ਹੱਕ ਵਿੱਚ ਸਿਰਫ਼ ਇੱਕ ਹੀ ਚੀਜ਼ ਹੈ ਉਹ ਜਿਸ ਬੀਜੇਪੀ ਪਾਰਟੀ ਵੱਲੋਂ ਮੈਦਾਨ ‘ਚ ਹਨ ਕੇਂਦਰ ਵਿੱਚ ਉਨ੍ਹਾਂ ਦੀ ਵਾਪਸੀ ਦੀ ਸਥਿਤੀ ਮਜ਼ਬੂਤ ਹੈ। ਆਪ ਦੀ ਮਜ਼ਬੂਤ ਇਸ ਲਈ ਜ਼ਿਆਦਾ ਹੈ ਕਿਉਂਕਿ ਲੋਕ ਸੱਤਾਧਾਰੀ ਪਾਰਟੀ ਨੂੰ ਨਰਾਜ਼ ਕਰਕੇ ਅਗਲੇ 3 ਸਾਲਾਂ ਵਿੱਚ ਹੋਣ ਵਾਲੇ ਵਿਕਾਸ ਦੇ ਕੰਮਾਂ ਤੇ ਬ੍ਰੇਕ ਨਹੀਂ ਲਗਾਉਣਾ ਚਾਹੁੰਦੇ ਹਨ। ਪਰ ਗਰਾਉਂਡ ‘ਤੇ ਮੁਕਾਬਲਾ ਕਾਂਗਰਸ, ਆਪ ਅਤੇ ਬੀਜੇਪੀ ਵਿੱਚ ਨਜ਼ਰ ਆ ਰਿਹਾ ਹੈ,ਅਕਾਲੀ ਦਲ ਇਸ ਰੇਸ ਵਿੱਚ ਨਜ਼ਰ ਨਹੀਂ ਆ ਰਹੀ ਹੈ।

ਸਬੰਧਿਤ ਹੋਰ ਖ਼ਾਸ ਲੇਖ –
ਖ਼ਾਸ ਰਿਪੋਰਟ – ਅੰਮ੍ਰਿਤਸਰ ਲੋਕ ਸਭਾ ਹਲਕਾ ਕਰੇਗਾ ਵੱਡਾ ਉਲਟਫੇਰ! ਕਾਂਗਰਸ ਲਈ ਵੱਡੀ ਚੁਣੌਤੀ ਬਣਿਆ ‘ਵਿਕਾਸ ਪੁਰਸ਼’ ਉਮੀਦਵਾਰ
ਖ਼ਾਸ ਰਿਪੋਰਟ- ਜਲੰਧਰ ’ਚ ਨਹੀਂ ਚੱਲੇਗੀ ‘ਸਿਆਸੀ ਤਿਤਲੀਆਂ’ ਦੀ ਖੇਡ! ਬਾਹਰੀ ‘ਟੈਗ’ ਵਾਲੇ ਉਮੀਦਵਾਰ ਦਾ ਪੱਲਾ ਭਾਰੀ!
Exit mobile version