ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਬਾਬਾ ਸ਼ੇਖ ਫਰੀਦ ਦੀ ਮੁਕਦਸ ਧਰਤੀ ਫਰੀਦਕੋਟ ਨੂੰ ਪੰਜਾਬ ਦੇ ਪਵਿੱਤਰ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਸਿਆਸਤ ਪੱਖੋਂ ਫਰੀਦਕੋਟ ਹਲਕਾ ਬਾਦਲ ਪਰਿਵਾਰ ਦੇ ਗੜ੍ਹ ਦੇ ਨਾਲ ਨਰਸਰੀ ਵੀ ਹੈ। 1977 ਵਿੱਚ ਜਦੋਂ ਫਰੀਦਕੋਟ ਲੋਕਸਭਾ ਹਲਕਾ ਹੋਂਦ ਵਿੱਚ ਆਇਆ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਇਸੇ ਹਲਕੇ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਕੇਂਦਰ ਦੀ ਵਜ਼ਾਰਤ ਵਿੱਚ ਮੰਤਰੀ ਬਣੇ ਸਨ। ਇਸ ਹਲਕੇ ਨੂੰ ਬਾਦਲ ਪਰਿਵਾਰ ਦੀ ਨਰਸਰੀ ਇਸ ਲਈ ਕਿਹਾ ਜਾਂਦਾ ਹੈ ਕਿਉਕਿ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਸਿਆਸੀ ਇਨਿੰਗ ਦੀ ਸ਼ੁਰੂਆਤ 1996 ਵਿੱਚ ਫਰੀਦਕੋਟ ਹਲਕੇ ਤੋਂ ਲੋਕਸਭਾ ਚੋਣ ਜਿੱਤ ਕੇ ਕੀਤੀ ਸੀ।
ਫਰੀਦਕੋਟ ਹਲਕੇ ਨੇ ਹੁਣ ਤੱਕ 12 ਵਾਰ ਦੇਸ਼ ਦੀ ਸਰਕਾਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ ਇਸ ਦੌਰਾਨ ਅਕਾਲੀ ਦਲ ਇਸ ਹਲਕੇ ਤੋਂ 5 ਵਾਰ ਜਿੱਤਿਆ ਜਦਕਿ ਕਾਂਗਰਸ ਚਾਰ ਵਾਰ ਜੇਤੂ ਰਹੀ। 1989 ਵਿੱਚ ਫਰੀਦਕੋਟ ਲੋਕਸਭਾ ਹਲਕਾ ਪੰਜਾਬ ਦੇ ਉਨ੍ਹਾਂ 10 ਲੋਕਸਭਾ ਹਲਕਿਆਂ ਵਿੱਚੋ ਇੱਕ ਸੀ ਜਿਸ ਨੇ ਸਿਮਰਜੀਤ ਸਿੰਘ ਮਾਨ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੂੰਝਾਫੇਰ ਜਿੱਤ ਦਿਵਾਈ ਸੀ।
ਸਿਰਫ਼ ਇੰਨਾ ਹੀ ਨਹੀਂ 2014 ਵਿੱਚ ਆਪ ਦੀ ਸਿਆਸੀ ਹਨੇਰੀ ਵਿੱਚ ਫਰੀਦਕੋਟ ਹਲਕਾ ਵੀ ਪੰਜਾਬ ਦੇ ਉਨ੍ਹਾਂ 4 ਲੋਕਸਭਾ ਹਲਕਿਆਂ ਵਿੱਚ ਸ਼ਾਮਲ ਸੀ ਜਿਸ ਨੇ ਪਹਿਲੀ ਵਾਰ ਮੈਦਾਨ ਵਿੱਚ ਉੱਤਰੀ ਆਮ ਆਦਮੀ ਪਾਰਟੀ ਦਾ ਵੱਡੀ ਜਿੱਤ ਨਾਲ ਦਿਲ ਖੋਲ੍ਹ ਕੇ ਸੁਆਗਤ ਕੀਤਾ ਸੀ। 2024 ਵਿੱਚ ਫਰੀਦਕੋਟ ਦੇ ਲੋਕ ਕਿਸ ਪਾਰਟੀ ਨੂੰ ਗਲ ਲਗਾਉਣਗੇ ਅਤੇ ਕਿਸ ਨਾਲ ਮੱਥਾ ਨਹੀਂ ਲਗਾਉਣਗੇ ਇਸ ਦੀ ਪਰਚੋਲ ਅਸੀਂ ਹਲਕੇ ਦੇ ਪੂਰੇ ਸਿਆਸੀ ਸਮੀਕਰਣ ਸਮਝ ਕੇ ਕਰਾਂਗੇ।
ਫਰੀਦਕੋਟ ਹਲਕੇ ਦੇ 2 ਸੁਨੇਹੇ
ਫਰੀਦਕੋਟ ਹਲਕੇ ਨੂੰ ਲੈ ਕੇ 2 ਗੱਲਾਂ ਸਾਫ਼ ਹਨ- ਪਹਿਲਾ ਇਹ ਕਿ ਇਹ ਹਲਕਾ ਅਕਾਲੀ ਦਲ ਤੋਂ ਜ਼ਿਆਦਾ ਬਾਦਲ ਪਰਿਵਾਰ ਦਾ ਗੜ੍ਹ ਹੈ, ਦੂਜਾ ਇਹ ਇੱਕ ਇਨਕਲਾਬੀ ਹਲਕਾ ਵੀ ਹੈ। ਜਦੋਂ ਵੀ ਸੂਬੇ ਜਾਂ ਫਿਰ ਕੇਂਦਰ ਵਿੱਚ ਵੱਡੇ ਬਦਲਾਅ ਦਾ ਦੌਰ ਹੁੰਦਾ ਹੈ ਫਰੀਦਕੋਟ ਦੇ ਲੋਕ ਪਹਿਲ ਕਦਮੀ ਕਰਦੇ ਹਨ। 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਜਿੱਤ, 1989 ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਜੇਤੂ ਬਣਾਇਆ ਤਾਂ 2014 ਵਿੱਚ ਆਮ ਆਦਮੀ ਪਾਰਟੀ ਹਲਕੇ ਵਿੱਚ ਜਿੱਤ ਇਸ ਦੇ ਉਦਾਹਰਣ ਹਨ। ਹੁਣ ਸਮਝਣ ਦੀ ਕੋਸ਼ਿਸ਼ ਕਰਾਂਗੇ 2024 ਵਿੱਚ ਫਰੀਦਕੋਟ ਦੇ ਲੋਕਾਂ ਦਾ ਮਨ ਕੀ ਕਹਿੰਦਾ ਹੈ।
ਫਰੀਦਕੋਟ ਹਲਕੇ ਤੋਂ ਅਕਾਲੀ ਦਲ ਨੂੰ ਸਭ ਤੋਂ ਵੱਧ ਉਮੀਦ
ਸ਼ੁਰੂਆਤ ਅਕਾਲੀ ਦਲ ਤੋਂ ਕਰਦੇ ਹਾਂ,ਅਕਾਲੀ ਦਲ ਨੇ ਟਕਸਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਦੇਵ ਸਿੰਘ ਬਾਦਲ ਦੇ ਪੋਤਰੇ ਰਾਜਵਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦੇ ਪਿਤਾ ਕੇਵਲ ਸਿੰਘ SGPC ਦੇ ਜਨਰਲ ਸਕੱਤਰ ਰਹੇ ਹਨ। ਪਰਿਵਾਰ ਦਾ 7 ਦਹਾਕਿਆਂ ਪੁਰਾਣਾ ਅਕਾਲੀ ਦਲ ਨਾਲ ਇਤਿਹਾਸ ਹੈ। ਰਾਜਵਿੰਦਰ ਦੇ ਸਿਆਸੀ ਪਛੋਕੜ ਵਜੋਂ ਉਨ੍ਹਾਂ ਦਾ ਕੱਦ ਵੱਡਾ ਹੈ।
ਸੁਖਬੀਰ ਸਿੰਘ ਬਾਦਲ ਨੇ 1996, 1999 ਅਤੇ 2004 ਵਿੱਚ ਤਿੰਨ ਵਾਰ ਜਿੱਤ ਹਾਸਲ ਕੀਤੀ ਹਾਲਾਂਕਿ 1999 ਵਿੱਚ ਉਹ ਕਾਂਗਰਸ ਦੇ ਜਗਮੀਤ ਬਰਾੜ ਕੋਲੋ ਹਾਰ ਵੀ ਗਏ ਸਨ। 2009 ਵਿੱਚ ਜਦੋਂ ਹੱਦਬੰਦੀ ਤੋਂ ਬਾਅਦ ਫਰੀਦਕੋਟ ਹਲਕਾ ਰਿਜ਼ਰਵ ਐੱਸਸੀ ਸੀਟ ਬਣ ਗਿਆ ਤਾਂ ਬਾਦਲ ਪਰਿਵਾਰ ਨੂੰ ਇਹ ਸੀਟ ਛੱਡਣੀ ਪਈ। ਪਰ ਅਕਾਲੀ ਦਲ ਦਾ ਗੜ੍ਹ ਫਿਰ ਵੀ ਬਣਿਆ ਰਿਹਾ।
2009 ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੇ ਇਹ ਸੀਟ ਜਿੱਤੀ ਸੀ। ਪਰ ਉਸ ਤੋਂ ਬਾਅਦ ਹੋਇਆ 2 ਚੋਣਾਂ 2014, 2019 ਵਿੱਚ ਅਕਾਲੀ ਦਲ ਲਗਾਤਾਰ 2 ਵਾਰ ਹਾਰੀ। ਇਸ ਦੌਰਾਨ ਅਕਾਲੀ ਦਲ ਸੂਬਾ ਪੱਧਰ ‘ਤੇ ਵੀ ਕਮਜ਼ੋਰ ਹੋਈ। ਆਪਣੇ ਸਭ ਤੋਂ ਬੁਰੇ ਦੌਰ ਤੋਂ ਗੁਜ਼ਰ ਰਹੀ ਅਕਾਲੀ ਦਲ ਨੂੰ ਫਰੀਦਕੋਟ ਤੋਂ ਬਹੁਤ ਆਸ ਹੋਵੇਗੀ, ਕੀ ਇਹ ਸੀਟ ਪਾਰਟੀ ਲਈ ਹਨੇਰੇ ਵਿੱਚ ਰੋਸ਼ਨੀ ਦਾ ਕੰਮ ਕਰੇਗੀ, ਇਹ ਕਹਿਣਾ ਮੁਸ਼ਕਿਲ ਹੈ।
ਬੀਜੇਪੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਏਗੀ
ਪਹਿਲੀ ਵਾਰ ਫਰੀਦੋਕਟ ਤੋਂ ਚੋਣ ਲੜ ਰਹੀ ਬੀਜੇਪੀ ਨੇ ਇਸ ਸੀਟ ‘ਤੇ ਸੂਫੀ ਗਾਇਕ ਹੰਸਰਾਜ ਹੰਸ ਨੂੰ ਉਤਾਰ ਕੇ ਵੱਡਾ ਦਾਅ ਖੇਡਿਆ ਹੈ। 2019 ਵਿੱਚ ਦਿੱਲੀ ਤੋਂ ਲੋਕਸਭਾ ਚੋਣ ਜਿੱਤਣ ਤੋਂ ਬਾਅਦ ਪਾਰਲੀਮੈਂਟ ਵਿੱਚ ਪਹੁੰਚੇ ਹੰਸਰਾਜ ਹੰਸ ਨੂੰ ਫਰੀਦਕੋਟ ਵਿੱਚ ਸਭ ਤੋਂ ਜ਼ਿਆਦਾ ਕਿਸਾਨ ਪਰੇਸ਼ਾਨ ਕਰ ਰਹੇ ਹਨ। ਜਦੋਂ ਤੋ ਉਹ ਫਰੀਦਕੋਟ ਪਹੁੰਚੇ ਹਨ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਉਨ੍ਹਾਂ ਨੂੰ ਕਿਸਾਨਾਂ ਨੇ ਨਾਂ ਘੇਰਿਆ ਹੋਏ। ਫਰੀਦਕੋਟ ਲੋਕਸਭਾ ਅਧੀਨ ਆਉਂਦੇ ਮੋਗਾ, ਬਾਘਾਪੁਰਾਣਾ, ਕੋਟਕਕਪੂਰਾ ਵਿਧਾਨਸਭਾ ਹਲਕੇ ਨੂੰ ਛੱਡ ਕੇ ਬੀਜੇਪੀ ਦਾ ਜ਼ਿਆਦਾ ਅਸਰ ਨਜ਼ਰ ਨਹੀਂ ਆ ਰਿਹਾ ਹੈ। 6 ਹਲਕਿਆਂ ਵਿੱਚ ਬੀਜੇਪੀ ਦਾ ਅਧਾਰ ਕਾਫ਼ਾ ਘੱਟ ਹੈ। ਬੀਜੇਪੀ ਨੂੰ ਪੈਣ ਵਾਲੇ ਵੋਟਾਂ ਦਾ ਨੁਕਸਾਨ ਅਕਾਲੀ ਦਲ ਨੂੰ ਹੋਵੇਗਾ।
ਫਰੀਦਕੋਟ ਤੋ ‘AAP’ ਨੂੰ 2 ਵਾਰ ਖੁਸ਼ਖਬਰੀ ਮਿਲੀ, ਤੀਜੀ ਵਾਰ ਵੀ ਉਮੀਦ
ਆਮ ਆਦਮੀ ਪਾਰਟੀ ਨੇ ਬੀਜੇਪੀ ਵਾਂਗ ਪੰਜਾਬੀ ਫਿਲਮਾਂ ਦੇ ਅਦਾਕਾਰ ਕਰਮਜੀਤ ਸਿੰਘ ਅਨਮੋਲ ਨੂੰ ਮੈਦਾਨ ਵਿੱਚ ਉਤਾਰਿਆ ਹੈ। ਆਪ ਦੇ ਹੱਕ ਵਿੱਚ ਵੱਡੀ ਗੱਲ ਇਹ ਹੈ ਕਿ ਪ੍ਰੋਫੈਸਰ ਸਾਧੂ ਸਿੰਘ ਨੇ 2014 ਵਿੱਚ ਪਾਰਟੀ ਦੇ ਉਮੀਦਵਾਰ ਨੇ ਪੋਨੇ 2 ਲੱਖ ਵੋਟਾਂ ਨਾਲ ਜਿੱਤ ਹਾਸਲ ਕੀਤੀ ਹਾਲਾਂਕਿ 2019 ਵਿੱਚ ਸਾਧੂ ਸਿੰਘ ਨੂੰ ਸਰਿਫ਼ 1 ਲੱਖ 15 ਹਜ਼ਾਰ ਵੋਟਾਂ ਹੀ ਮਿਲੀਆਂ ਸਨ।
ਹਾਲਾਂਕਿ 2022 ਦੇ ਨਤੀਜਿਆਂ ਨੂੰ ਵੇਖੀਏ ਤਾਂ ਫਰੀਦਕੋਟ ਲੋਕਸਭਾ ਅਧੀਨ ਆਉਣ ਵਾਲੇ 9 ਵਿਧਾਨਸਭਾ ਹਲਕਿਆਂ ਵਿੱਚ ਗਿੱਦੜਬਾਹਾ ਨੂੰ ਛੱਡ ਕੇ 8 ਵਿਧਾਨਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਸੀ। ਸਿਰਫ਼ ਗਿੱਦੜਬਾਹਾ ਤੋਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤੇ ਸਨ ਬਾਕੀ ਫਰੀਦੋਕਟ, ਕੋਟਕਪੂਰਾ, ਜੈਤੋ, ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਰਾਮਪੁਰਾ ਫੁੱਲ ਤੋਂ ਆਪ ਨੇ ਜਿੱਤ ਹਾਸਲ ਕੀਤੀ ਸੀ।
ਪਰ ਪੂਰੇ ਪੰਜਾਬ ਵਾਂਗ 2 ਸਾਲਾਂ ਵਿੱਚ ਸਿਆਸੀ ਸਮੀਕਰਣ ਕਾਫੀ ਬਦਲ ਗਏ ਹਨ। ਕਰਮਜੀਤ ਅਨਮੋਲ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫੀ ਕਰੀਬੀ ਹਨ। ਇਸ ਲਈ ਉਨ੍ਹਾਂ ਨੂੰ ਜਿੱਤ ਦਿਵਾਉਣ ਦੇ ਲਈ ਸੀਐੱਮ ਮਾਨ ਨੇ ਵੀ ਕਮਰ ਕੱਸੀ ਹੋਈ ਹੈ।
ਕਾਂਗਰਸ ਦਾ ਉਮੀਦਵਾਰ ਕਮਜ਼ੋਰ
ਕਾਂਗਰਸ ਨੇ ਆਪਣੇ ਮੌਜੂਦਾ ਐੱਮਪੀ ਮੁਹੰਮਦ ਸਦੀਕ ਦਾ ਟਿਕਟ ਕੱਟ ਕੇ ਅਮਰਜੀਤ ਕੌਰ ਸਹੋਕੇ ਨੂੰ ਉਮੀਦਵਾਰ ਬਣਾਇਆ ਹੈ। ਸਹੋਕੇ ਨੇ 2013 ਵਿੱਚ ਅਧਿਆਪਕ ਦੀ ਸਰਕਾਰੀ ਨੌਕਰੀ ਛੱਡੀ ਅਤੇ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਜ਼ਿਲ੍ਹਾ ਪਰਿਸ਼ਦ ਦੀ ਮੈਂਬਰ ਚੁਣੀ ਗਈ ਉਹ 2013 ਤੋਂ 2018 ਤੱਕ ਚੇਅਰਮੈਨ ਵੀ ਰਹੀ।
ਉਨ੍ਹਾਂ ਨੇ 2017 ਵਿੱਚ ਜਗਰਾਓ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੀ ਸੀ ਪਰ ਉਹ ਜਿੱਤ ਨਹੀਂ ਸਕੀ। ਫਿਰ ਕਾਂਗਰਸ ਵਿੱਚ ਸ਼ਾਮਲ ਹੋ ਗਈ। 2022 ਵਿੱਚ ਅਮਰਜੀਤ ਕੌਰ ਸਹੋਕੇ ਦੇ ਪਤੀ ਨੇ ਚੋਣ ਲੜੀ ਸੀ, ਪਰ ਉਹ ਵੀ ਜਿੱਤ ਨਹੀਂ ਸਕੀ। ਚਿਹਰੇ ਪੱਖੋਂ ਭਾਵੇਂ ਅਮਰਜੀਤ ਕੌਰ ਸਹੋਕੇ ਮੁਹੰਮਦ ਸਦੀਕ ਤੋਂ ਕਮਜ਼ੋਰ ਹੈ ਪਰ 5 ਸਾਲ ਜ਼ਿਲ੍ਹਾਂ ਪਰਿਸ਼ਦ ਦੀ ਚੇਅਰਮੈਨ ਵਜੋਂ ਕੰਮ ਕਰਨ ਤੋਂ ਬਾਅਦ ਟੱਕਰ ਦੇ ਸਕਦੀ ਹੈ।
ਫਰੀਦਕੋਟ ਹਲਕੇ ਦਾ ਇਸ਼ਾਰਾ
ਕੁੱਲ ਮਿਲਾਕੇ ਫਰੀਦਕੋਟ ਹਲਕਾ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਦੀ ਵੱਡੀ ਉਮੀਦ ਹੈ। ਇਸੇ ਲਈ ਹਲਕੇ ਨਾਲ ਜੁੜਿਆਂ ਵੱਡਾ ਪਿਛੋਕੜ ਵਾਲੇ ਸਿਆਸੀ ਪਰਿਵਾਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਬੀਜੇਪੀ ਲਈ ਹਲਕੇ ਵਿੱਚ ਕੁਝ ਖਾਸ ਨਹੀਂ ਹੈ। ਹੰਸਰਾਜ ਹੰਸ ਦੀ ਮਕਬੂਲੀਅਤ ਨੂੰ ਪਾਰਟੀ ਕੈਸ਼ ਕਰਨਾ ਚਾਹੁੰਦੀ ਹੈ।
2014 ਤੋਂ ਆਮ ਆਦਮੀ ਪਾਰਟੀ ਦੇ ਲਈ ਇਹ ਸੀਟ ਹਮੇਸ਼ਾ ਕਮਾਲ ਕਰਦੀ ਆਈ ਹੈ। ਤੀਜੀ ਵਾਰ ਲੋਕ ਪਾਰਟੀ ਦੇ ਹੱਕ ਫਤਵਾ ਦੇਣਗੇ ਜਾਂ ਨਹੀਂ ਇਸ ‘ਤੇ ਨਜ਼ਰਾਂ ਹਨ। ਕਾਂਗਰਸ ਨੇ 15 ਸਾਲ ਬਾਅਦ 2019 ਵਿੱਚ ਫਰੀਦਕੋਟ ਵਿੱਚ ਜਿੱਤ ਹਾਸਲ ਕੀਤੀ ਸੀ। ਪਰ ਕਮਜ਼ੋਰ ਉਮੀਦਵਾਰ ਦੇ ਬਾਵਜੂਦ ਟੱਕਰ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਰੇਸ ਵਿੱਚ ਰਹਿਣ ਵਾਲੀ ਹੈ। ਬੀਜੇਪੀ ਇਸ ਰੇਸ ਤੋਂ ਬਾਹਰ ਲੱਗ ਰਹੀ ਹੈ।