‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸੰਗਤ ਨੂੰ ਅੱਜ ਪਹਿਲੀ ਵਾਰ 1984 ਵਿੱਚ ਸਾਕਾ ਨੀਲਾ ਤਾਰਾ ਕਰਕੇ ਨੁਕਸਾਨੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਦਰਸ਼ਨ ਕਰਾਏ ਜਾ ਰਹੇ ਹਨ।
ਅੱਜ ਤੋਂ 5 ਜੂਨ ਤੱਕ ਸੰਗਤ ਨੂੰ ਇਨ੍ਹਾਂ ਸਰੂਪਾਂ ਦੇ ਦਰਸ਼ਨ ਕਰਾਏ ਜਾਣਗੇ। ਇਨ੍ਹਾਂ ਪਾਵਨ ਸਰੂਪਾਂ ਦਾ ਪ੍ਰਕਾਸ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਨਿਹੰਗ ਸਿੰਘ ਜੀ ਵਿਖੇ ਕੀਤਾ ਗਿਆ ਹੈ, ਜਿੱਥੇ ਸੰਗਤ ਵੱਲੋਂ ਦਰਸ਼ਨ ਕੀਤੇ ਜਾ ਰਹੇ ਹਨ।
ਸੰਗਤਾਂ ਨੇ ਆਦਰ-ਸਤਿਕਾਰ ਵਜੋਂ ਆਪਣੇ ਹੱਥਾਂ ਦੇ ਵਿੱਚ ਫੁੱਲ ਵੀ ਫੜ੍ਹੇ ਹੋਏ ਹਨ ਤਾਂ ਜੋ ਜਦੋਂ ਉਹ ਇਨ੍ਹਾਂ ਪਾਵਨ ਸਰੂਪਾਂ ਦੇ ਦਰਸ਼ਨ ਕਰਨ ਤਾਂ ਗੁਰੂ ਸਾਹਿਬ ਜੀ ਨੂੰ ਫੁੱਲ ਭੇਟ ਕਰ ਸਕਣ।
ਸੰਗਤ ਨੂੰ ਉਸ ਗੋਲੀ ਦੇ ਦਰਸ਼ਨ ਵੀ ਕਰਾਏ ਗਏ, ਜੋ ਜੂਨ 1984 ਵਿੱਚ ਦੱਖਣੀ ਦਰਵਾਜ਼ੇ ਤੋਂ ਲੰਘ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਗੀ ਸੀ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕਰਕੇ ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ 1984 ਦੌਰਾਨ ਨੁਕਸਾਨੇ ਗਏ ਪਾਵਨ ਸਰੂਪਾਂ ਦੇ ਦਰਸ਼ਨ ਕਰਵਾਉਣ ਲਈ ਦੇਸ਼-ਵਿਦੇਸ਼ ਤੋਂ ਬਹੁਤ ਦੇਰ ਤੋਂ ਫੋਨ ਆ ਰਹੇ ਸੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਘੱਲੂਘਾਰੇ ਸਮੇਂ ਗੋਲੀਆਂ ਲੱਗੇ ਸੁਨਹਿਰੀ ਪੱਤਰੇ ਅਤੇ ਹੋਰ ਨਿਸ਼ਾਨੀਆਂ ਵੀ ਸੰਗਤ ਲਈ ਜਲਦ ਸੁਸ਼ੋਭਿਤ ਕੀਤੀਆਂ ਜਾਣਗੀਆਂ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਸਾਰੇ 37 ਸਾਲ ਤੋਂ ਜੂਨ 1984 ਦਾ ਦਰਦ ਆਪਣੇ ਅੰਦਰ ਸਾਂਭਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਰੂਪ ਦਾ ਪ੍ਰਕਾਸ਼ ਨਹੀਂ ਕਰ ਸਕਾਂਗੇ ਕਿਉਂਕਿ ਜਿੱਥੋਂ-ਜਿੱਥੋਂ ਗੋਲੀ ਲੰਘੀ ਹੈ, ਉੱਥੋਂ ਗੁਰੂ ਸਾਹਿਬ ਜੀ ਦੇ ਅੰਗ ਭੁਰਨੇ ਸ਼ੁਰੂ ਹੋ ਗਏ। ਇਸ ਲਈ ਅਸੀਂ ਇਹ ਫੈਸਲਾ ਕੀਤਾ ਹੈ ਕਿ ਇਸ ਪਾਵਨ ਸਰੂਪ ਦਾ ਸੁਖ ਆਸਣ ਸਾਹਿਬ ਕਰਕੇ ਹੀ ਰੱਖਿਆ ਜਾਵੇਗਾ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਸੰਗਤਾਂ ਨੂੰ ਇਸ ਪਾਵਨ ਸਰੂਪ ਦੇ ਉੱਥੋਂ ਤੱਕ ਹੀ ਦਰਸ਼ਨ ਕਰਾਂਵਾਗੇ, ਜਿੱਥੋਂ ਗੁਰਬਾਣੀ ਸ਼ੁਰੂ ਨਹੀਂ ਹੁੰਦੀ। ਦੋ ਕੈਮਰੇ 5 ਜੂਨ ਤੱਕ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਮੌਜੂਦ ਰਹਿਣਗੇ ਤਾਂ ਜੋ ਘਰਾਂ ਵਿੱਚ ਬੈਠੀ ਸੰਗਤ ਵੀ ਇਨ੍ਹਾਂ ਪਾਵਨ ਸਰੂਪਾਂ ਦੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ 6 ਜੂਨ ਨੂੰ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਜਾਣਗੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰ ਸਾਲ 3 ਜੂਨ ਤੋਂ 5 ਜੂਨ ਤੱਕ ਜੂਨ 1984 ਵਿੱਚ ਫੌਜ ਵੱਲੋਂ ਨੁਕਸਾਨੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਦਰਸ਼ਨ ਸੰਗਤ ਨੂੰ ਕਰਵਾਏ ਜਾਣਗੇ।