The Khalas Tv Blog Punjab ਝੂਠਾ ਪੁਲਿਸ ਮੁਕਾਬਲਾ : ਦੋ ਸਾਬਕਾ ਪੁਲੀਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ, ਪੰਜ-ਪੰਜ ਲੱਖ ਰੁਪਏ ਜੁਰਮਾਨਾ
Punjab

ਝੂਠਾ ਪੁਲਿਸ ਮੁਕਾਬਲਾ : ਦੋ ਸਾਬਕਾ ਪੁਲੀਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ, ਪੰਜ-ਪੰਜ ਲੱਖ ਰੁਪਏ ਜੁਰਮਾਨਾ

fake police encounter at Gurdaspur

ਬਲਵਿੰਦਰ ਸਿੰਘ ਦੀ ਫਾਈਲ ਫੋਟੋ।

ਗੁਰਦਾਸਪੁਰ : 30 ਸਾਲ ਪੁਰਾਣੇ ਇਕ ਮਾਮਲੇ ਵਿੱਚ ਝੂਠਾ ਮੁਕਾਬਲਾ(Fake Police encounter) ਕਰਨ ਵਾਲੇ ਦੋ ਸਾਬਕਾ ਪੁਲੀਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਅਤੇ ਪੰਜ-ਪੰਜ ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਬੀਤੇ ਦਿਨ ਗੁਰਦਾਸਪੁਰ(Gurdaspur) ਦੇ ਵਧੀਕ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਮੁਲਾਜ਼ਮਾਂ ਵਿੱਚ ਥਾਣਾ ਡੇਰਾ ਬਾਬਾ ਨਾਨਕ ਦੇ ਤਤਕਾਲੀ ਸਹਾਇਕ ਸਬ-ਇੰਸਪੈਕਟਰ ਚੰਨਣ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਤਰਲੋਕ ਸਿੰਘ ਦੇ ਨਾਂ ਸ਼ਾਮਲ ਹਨ।

ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਲਖਬੀਰ ਕੌਰ ਵਿਧਵਾ ਹਰਜੀਤ ਸਿੰਘ ਵਾਸੀ ਪਿੰਡ ਅਲਾਵਲਪੁਰ ਕਲਾਨੌਰ ਨੇ ਅਦਾਲਤ ਵਿੱਚ ਇਸਤਗਾਸਾ ਦਾਇਰ ਕੀਤਾ ਸੀ, ਜਿਸ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 302, 364 ਤਹਿਤ ਦੋਸ਼ ਆਇਦ ਹੋਏ ਸਨ।

ਇਹ ਸੀ ਸਾਰਾ ਮਾਮਲਾ :

ਰਿਪੋਰਟ ਮੁਤਾਬਿਕ ਸ਼ਿਕਾਇਤਕਰਤਾ ਨੇ ਦੱਸਿਆ ਕਿ “21 ਮਾਰਚ, 1993 ਨੂੰ ਦੁਪਹਿਰ ਸਮੇਂ ਉਹ ਆਪਣੇ ਪੁੱਤਰ ਬਲਵਿੰਦਰ ਸਿੰਘ ਨਾਲ ਬੱਸ ਵਿੱਚ ਸਵਾਰ ਹੋ ਕੇ ਪਿੰਡ ਭੋਮਾ ਤੋਂ ਵਾਪਸ ਆ ਰਹੀ ਸੀ। ਇਸੇ ਬੱਸ ਵਿੱਚ ਉਨ੍ਹਾਂ ਦੇ ਜਾਣਕਾਰ ਵਿਰਸਾ ਸਿੰਘ, ਉਸ ਦੀ ਪਤਨੀ ਸੁਖਵਿੰਦਰ ਕੌਰ ਅਤੇ ਪੁੱਤਰ ਬਲਜਿੰਦਰ ਸਿੰਘ ਉਰਫ ਲਾਟੂ ਵੀ ਸਫ਼ਰ ਕਰ ਰਹੇ ਸਨ। ਜਦੋਂ ਬੱਸ ਤਲਵੰਡੀ ਰਾਮਾ ਦੇ ਬੱਸ ਅੱਡੇ ’ਤੇ ਰੁਕੀ ਤਾਂ ਅਚਾਨਕ ਥਾਣਾ ਡੇਰਾ ਬਾਬਾ ਨਾਨਕ ਦੇ ਥਾਣਾ ਮੁਖੀ ਬਲਦੇਵ ਸਿੰਘ, ਕਾਂਸਟੇਬਲ ਚੰਨਣ ਸਿੰਘ, ਕਾਂਸਟੇਬਲ ਨਿਰਮਲ ਸਿੰਘ ਅਤੇ ਕੁਝ ਹੋਰ ਪੁਲੀਸ ਮੁਲਾਜ਼ਮ ਬੱਸ ਵਿੱਚ ਆ ਚੜ੍ਹੇ। ਉਨ੍ਹਾਂ ਨੇ ਜ਼ਬਰਦਸਤੀ ਉਸ ਦੇ ਪੁੱਤਰ ਬਲਵਿੰਦਰ ਸਿੰਘ ਅਤੇ ਨਾਲ ਸਫ਼ਰ ਕਰ ਰਹੇ ਨੌਜਵਾਨ ਬਲਜਿੰਦਰ ਸਿੰਘ ਉਰਫ ਲਾਟੂ ਨੂੰ ਬੱਸ ਵਿੱਚੋਂ ਉਤਾਰ ਲਿਆ। ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਫੜਨ ਦਾ ਕਾਰਨ ਪੁੱਛਣ ’ਤੇ ਪੁਲੀਸ ਨੇ ਕਿਹਾ ਕਿ ਇਹ ਨੌਜਵਾਨ ਅਤਿਵਾਦੀ ਹਨ। ਪੁਲੀਸ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਥਾਣੇ ਵਿੱਚ ਲੈ ਗਈ। ਪਰਿਵਾਰ ਅਤੇ ਪਿੰਡ ਵਾਲੇ ਥਾਣਾ ਡੇਰਾ ਬਾਬਾ ਨਾਨਕ ਗਏ ਅਤੇ ਨੌਜਵਾਨਾਂ ਨੂੰ ਬੇਕਸੂਰ ਦੱਸਦਿਆਂ ਰਿਹਾਅ ਕਰਨ ਦੀ ਮੰਗ ਕੀਤੀ ਪਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਉਸ ਸਮੇਂ ਪੁਲੀਸ ਨੇ ਥਾਣੇ ਵਿੱਚ ਬਲਵਿੰਦਰ ਸਿੰਘ ਨਾਮ ਦਾ ਇੱਕ ਹੋਰ ਨੌਜਵਾਨ ਵੀ ਬਿਠਾਇਆ ਹੋਇਆ ਸੀ। ਇਸ ਮਗਰੋਂ 23 ਮਾਰਚ, 1993 ਪੁਲੀਸ ਉਨ੍ਹਾਂ ਨੂੰ ਜਬਰੀ ਗੱਡੀ ਵਿੱਚ ਬਿਠਾ ਕੇ ਪਿੰਡ ਕਠਿਆਲੀ ਵੱਲ ਲੈ ਗਈ, ਜਦ ਕਿ ਨੌਜਵਾਨ ਰੌਲਾ ਪਾ ਰਹੇ ਸਨ ਕਿ ਪੁਲੀਸ ਉਨ੍ਹਾਂ ਨੂੰ ਮਾਰ ਦੇਵੇਗੀ। ਇਸ ਮਗਰੋਂ ਕਠਿਆਲੀ ਵਾਸੀਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ।”
ਦੋ ਪੁਲਿਸ ਅਫਸਰਾਂ ਨੂੰ ਉਮਰ ਕੈਦ, 30 ਸਾਲ ਬਾਅਦ ਇਨਸਾਫ । KHALAS TV
ਸ਼ਿਕਾਇਤਕਰਤਾ ਲਖਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਪੱਤਰ ਦੀ ਲਾਸ਼ ਵੀ ਨਹੀਂ ਦਿੱਤੀ ਤੇ ਖੁਦ ਹੀ ਸਸਕਾਰ ਕਰ ਦਿੱਤਾ ਸੀ। ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਕਰੀਬ 30 ਸਾਲ ਤੱਕ ਚੱਲੀ, ਜਿਸ ਦੌਰਾਨ ਤਿੰਨ ਹੋਰ ਪੁਲੀਸ ਮੁਲਜ਼ਮਾਂ ਥਾਣਾ ਮੁਖੀ ਬਲਦੇਵ ਸਿੰਘ, ਸਹਾਇਕ ਸਬ-ਇੰਸਪੈਕਟਰ ਗਿਆਨ ਸਿੰਘ ਅਤੇ ਹੈੱਡਕਾਂਸਟੇਬਲ ਨਿਰਮਲ ਸਿੰਘ ਦੀ ਮੌਤ ਹੋ ਗਈ।

Exit mobile version