India

ਕੇਰਲ ਤੱਟ ਨੇੜੇ ਲਾਈਬੇਰੀਆ ਦਾ ਜਹਾਜ਼ ਡੁੱਬਿਆ, 24 ਲੋਕਾਂ ਨੂੰ ਬਚਾਇਆ ਗਿਆ

ਕੇਰਲ ਦੇ ਤੱਟ ਨੇੜੇ ਇੱਕ ਲਾਇਬੇਰੀਅਨ ਕਾਰਗੋ ਜਹਾਜ਼ ਡੁੱਬ ਗਿਆ ਹੈ। ਭਾਰਤੀ ਤੱਟ ਰੱਖਿਅਕ ਅਤੇ ਭਾਰਤੀ ਜਲ ਸੈਨਾ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਜਹਾਜ਼ ਦੇ ਸਾਰੇ 24 ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ ਹੈ। ਤੱਟ ਰੱਖਿਅਕ ਨੇ ਐਤਵਾਰ ਨੂੰ X ‘ਤੇ ਆਪਣੀ ਪੋਸਟ ਵਿੱਚ ਕਿਹਾ, “ਜਹਾਜ਼ 640 ਕੰਟੇਨਰ ਲੈ ਕੇ ਜਾ ਰਿਹਾ ਸੀ, ਜਿਨ੍ਹਾਂ ਵਿੱਚੋਂ 13 ਕੰਟੇਨਰ ਖਤਰਨਾਕ ਸਮਾਨ ਨਾਲ ਭਰੇ ਹੋਏ ਸਨ ਅਤੇ 12 ਕੰਟੇਨਰ ਕੈਲਸ਼ੀਅਮ ਕਾਰਬਾਈਡ ਨਾਲ ਭਰੇ ਹੋਏ ਸਨ।” ਜਹਾਜ਼ ‘ਤੇ ਲੱਦੇ 640 ਕੰਟੇਨਰਾਂ ਵਿੱਚ ਕੈਲਸ਼ੀਅਮ ਕਾਰਬਾਈਡ, ਡੀਜ਼ਲ, ਫਰਨੇਸ ਤੇਲ ਸਮੇਤ ਕੁਝ ਖਤਰਨਾਕ ਰਸਾਇਣ ਸਨ।

ਜਹਾਜ਼ 23 ਮਈ ਨੂੰ ਕੇਰਲ ਦੇ ਵਿਝਿੰਜਮ ਬੰਦਰਗਾਹ ਤੋਂ ਕੋਚੀ ਲਈ ਰਵਾਨਾ ਹੋਇਆ। 24 ਮਈ ਨੂੰ ਦੁਪਹਿਰ ਲਗਭਗ 1:25 ਵਜੇ, ਕੋਚੀ ਤੱਟ ਤੋਂ 38 ਸਮੁੰਦਰੀ ਮੀਲ ਦੀ ਦੂਰੀ ‘ਤੇ ਇਸ ਦੇ ਲਗਭਗ 26 ਡਿਗਰੀ ਝੁਕਣ ਦੀ ਰਿਪੋਰਟ ਮਿਲੀ। ਐਮਰਜੈਂਸੀ ਦੀ ਸੂਚਨਾ ਮਿਲਦੇ ਹੀ, ਕੋਚੀ ਵਿੱਚ ਆਈਸੀਜੀ ਦੇ ਮਰੀਨ ਰੈਸਕਿਊ ਸਬ ਸੈਂਟਰ (ਐਮਆਰਐਸਸੀ) ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਦੇਰ ਸ਼ਾਮ ਤੱਕ, ਰੂਸ, ਯੂਕਰੇਨ, ਜਾਰਜੀਆ ਅਤੇ ਫਿਲੀਪੀਨਜ਼ ਦੇ 24 ਚਾਲਕ ਦਲ ਦੇ ਮੈਂਬਰਾਂ ਵਿੱਚੋਂ 21 ਨੂੰ ਬਚਾ ਲਿਆ ਗਿਆ। ਬਾਕੀ ਤਿੰਨ ਸੀਨੀਅਰ ਚਾਲਕ ਦਲ ਦੇ ਮੈਂਬਰ ਜਹਾਜ਼ ਨੂੰ ਡੁੱਬਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਲਈ ਜਹਾਜ਼ ‘ਤੇ ਹੀ ਰਹੇ। ਹਾਲਾਂਕਿ, ਜਹਾਜ਼ ਦਾ ਝੁਕਾਅ ਵਧਦਾ ਰਿਹਾ ਅਤੇ ਇਹ ਅੱਜ ਡੁੱਬ ਗਿਆ। ਜਲ ਸੈਨਾ ਦੇ ਜਹਾਜ਼ ਆਈਐਨਐਸ ਸੁਜਾਤਾ ਨੇ ਵੀ ਬਾਕੀ ਤਿੰਨ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ। ਜਹਾਜ਼ ਦੇ ਇੱਕ ਪਾਸੇ ਝੁਕਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।