‘ਦ ਖ਼ਾਲਸ ਬਿਊਰੋ :- ਪਿੰਡ ਕਸੇਲ ਦੀ ਸਿੱਖ ਸੰਗਤ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ’ਤੇ ਇੱਕ ਪੱਤਰ ਸੌਂਪ ਕੇ ਪਿੰਡ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨਾਲ ਜੋੜ ਕੇ ਬਣਾਏ ਜਾ ਰਹੇ ਗੁਰਦੁਆਰੇ ਦੀ ਉਸਾਰੀ ਨੂੰ ਰੋਕਣ ਦੀ ਅਪੀਲ ਕੀਤੀ ਹੈ। ਪਿੰਡ ਦੀ ਸਿੱਖ ਸੰਗਤ ਨੇ ਕਿਹਾ ਕਿ ਪਿੰਡ ਕਸੇਲ ਦੇ ਨੇੜੇ ਕੁੱਝ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਇੱਕ ਗੁਰਦੁਆਰਾ ਬਣਾਇਆ ਜਾ ਰਿਹਾ ਹੈ।
ਇਸ ਦੀ ਉਸਾਰੀ ਲਈ 16 ਜੁਲਾਈ ਨੂੰ ਟੱਕ ਲਾਇਆ ਗਿਆ ਸੀ। ਇਸ ਸਬੰਧੀ ਇੱਕ ਬੋਰਡ ਵੀ ਪਿੰਡ ਢੰਡ ਤੋਂ ਸਰਾਏ ਅਮਾਨਤ ਖਾਂ ਨੂੰ ਜਾਂਦੀ ਸੜਕ ’ਤੇ ਲਾਇਆ ਗਿਆ ਹੈ। ਇਸ ਬੋਰਡ ਉੱਪਰ ਲਿਖਿਆ ਗਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਅਤੇ ਉਨ੍ਹਾਂ ਨੇ ਸੰਗਤ ਨਾਲ ਭਜਨ ਬੰਦਗੀ ਕੀਤੀ ਸੀ। ਇੱਥੇ ਪੰਜ ਐਤਵਾਰ ਇਸ਼ਨਾਨ ਕਰਨ ਨਾਲ ਮਨੋਕਾਮਨਾ ਪੂਰੀ ਹੋਵੇਗੀ।
ਪਿੰਡ ਦੀ ਸੰਗਤ ਨੇ ਦੋਸ਼ ਲਾਇਆ ਕਿ ਸਿੱਖ ਇਤਿਹਾਸ ਵਿੱਚ ਅਜਿਹਾ ਕਿਧਰੇ ਵੀ ਦਰਜ ਨਹੀਂ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਪਿੰਡ ਕਸੇਲ ਆਏ ਸਨ ਅਤੇ ਉਨ੍ਹਾਂ ਇੱਥੇ ਭਜਨ ਬੰਦਗੀ ਕੀਤੀ ਸੀ। ਉਨ੍ਹਾਂ ਇਸ ਇਮਾਰਤ ਦੀ ਉਸਾਰੀ ’ਤੇ ਰੋਕ ਲਾਉਣ ਦੇ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਾਈ ਜਾਵੇ ਅਤੇ ਗਲਤ ਇਤਿਹਾਸ ਦੱਸਣ ਵਾਲਿਆਂ ਖਿਲਾਫ਼ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।