ਬਿਊਰੋ ਰਿਪੋਰਟ : ਪਿਛਲੇ ਇੱਕ ਸਾਲ ਵਿੱਚ ਪੰਜਾਬ ਲਾਅ ਐਂਡ ਆਰਡਰ ਪੱਖੋਂ ਕਿਸ ਨਾਜ਼ੁਕ ਦੌਰ ਤੋਂ ਗੁਜ਼ਰ ਰਿਹਾ ਹੈ,ਇਹ ਕਿਸੇ ਤੋਂ ਲੁੱਕਿਆ ਨਹੀਂ ਹੈ । ਮਸ਼ਹੂਰ ਕਬੱਡੀ ਸੰਦੀਪ ਨੰਗਲ ਅੰਬਿਆ ਦੇ ਕਤਲਕਾਂਡ ਤੋਂ ਸ਼ੁਰੂ ਹੋਈ ਪੰਜਾਬ ਦੀ ਖੂਨੀ ਜੰਗ ਸਿੱਧੂ ਮੂਸੇਵਾਲ ਦੇ ਭਿਆਨਕ ਕਤਰ ਦੇ ਰੂਪ ਵਿੱਚ ਸਾਹਮਣੇ ਆਈ । ਅਜਿਹੇ ਵਿੱਚ ਸਿਰਫ਼ TRP ਦੀ ਰੇਸ ਵਿੱਚ ਆਪਣੇ ਆਪ ਨੂੰ ਲਿਆਉਣ ਦੇ ਲ਼ਈ ਕੁਝ ਚੈਨਲਾਂ ਵੱਲੋਂ ਜਿਹੜਾ ਖੇਡ ਖੇਡਿਆਂ ਜਾ ਰਿਹਾ ਹੈ ਉਹ ਪੰਜਾਬ ਦੇ ਦਿਲ ਦੀ ਧੜਕਨਾਂ ਵਧਾਉਣ ਵਾਲਾ ਹੈ। ਉਨ੍ਹਾਂ ਸਵਾਲਾਂ ਨੂੰ ਕੁਰੇਦਿਆਂ ਜਾ ਰਿਹਾ ਹੈ ਜਿਸ ਦਾ ਨਤੀਜਾ ਪੰਜਾਬ ਨੂੰ ਅੱਗ ਵਿੱਚ ਧਕੇਲ ਸਕਦਾ ਹੈ। ਸ਼ਰੇਆਮ ਸਿੱਧੂ ਮੂਸਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਅਤੇ ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਨੂੰ ਹਰ ਹਾਲ ਵਿੱਚ ਮਾਰਨ ਦੀ ਧਮਕੀ ਦੇਣ ਵਾਲੇ ਤੋਂ ਖਾਲਿਸਤਾਨ ਅਤੇ ਅੰਮ੍ਰਿਤਪਾਲ ਸਿੰਘ ਦੇ ਮੁੱਦੇ ‘ਤੇ ਉਸ ਦਾ ਸਟੈਂਡ ਪੁੱਛਿਆ ਜਾ ਰਿਹਾ ਹੈ ।
ਨਸ਼ੇ ਅਤੇ ਖਾਲਿਸਤਾਨ ਦੇ ਬਹਾਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਅੰਮ੍ਰਿਤਾਪਲ ਸਿੰਘ ਨੂੰ ਆਹਮੋ ਸਾਹਮਣੇ ਕਰਨ ਦੀ ਕੋਸ਼ਿਸ਼ ਕੀਤੀ ਗਈ । ਸਿਰਫ਼ ਇੰਨਾਂ ਹੀ ਨਹੀਂ ਗੈਂਗਸਟਰ ਲੌਰੈਂਸ ਬਿਸ਼ਨੋਈ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਖਾਲਿਸਤਾਨ ਦੀ ਹਮਾਇਤ ਦਾ ਵਿਰੋਧ ਕਰਕੇ ਆਪਣੇ ਆਪ ਨੂੰ ਦੇਸ਼ ਭਗਤ ਸਾਬਿਤ ਕਰਦਾ ਰਿਹਾ । ਇੰਟਰਵਿਊ ਦੌਰਾਨ ਗੈਂਗਸਟਰ ਲੌਰੈਂਸ ਅੰਮ੍ਰਿਤਪਾਲ ਨੂੰ ਸਿੱਧੀ ਚੁਣੌਤੀ ਵੀ ਦਿੰਦਾ ਹੈ ਕਿ ਜੇਕਰ ਹਿੰਮਤ ਹੈ ਤਾਂ ਪੰਜਾਬ ਵਿੱਚ ਮੇਰੇ ਪਿੰਡ ਦੀ ਇੱਕ ਇੰਚ ਜ਼ਮੀਨ ਵੀ ਖਿਸਕਾ ਕੇ ਵਿਖਾਏ । ਸ਼ੁਰੂਆਤ ਹੁੰਦੀ ਹੈ ਨਸ਼ੇ ਦੇ ਸਵਾਲ ਤੋਂ,ਕਈ ਘਰ ਉਜਾੜਨ ਵਾਲਾ ਗੈਂਗਸਟਰ ਲਾਰੈਂਸ ਕਹਿੰਦਾ ਹੈ ਉਹ ਨਸ਼ਾ ਵੇਚਣ ਵਾਲਿਆਂ ਖਿਲਾਫ ਆਪ ਕਾਰਵਾਈ ਕਰੇਗਾ ਤਾਂ ਸਵਾਲ ਵਿੱਚ ਬਿਨਾਂ ਵਜ੍ਹਾ ਅੰਮ੍ਰਿਤਪਾਲ ਸਿੰਘ ਦਾ ਨਾਂ ਵਾੜ ਦਿੱਤਾ ਜਾਂਦਾ ਹੈ ਕਿ ਅੰਮ੍ਰਿਤਪਾਲ ਸਿੰਘ ਵੀ ਨਸ਼ਾ ਦੂਰ ਕਰਨ ਦੇ ਨਾਂ ‘ਤੇ ਖਾਲਿਸਤਾਨ ਦੀ ਮੰਗ ਕਰਦਾ ਹੈ । ਗੈਂਗਸਟਰ ਲੌਰੈਂਸ ਸਵਾਲ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਗੈਂਗਸਟਰ ਨੂੰ ਪੁੱਛਿਆ ਜਾਂਦਾ ਹੈ ਕਿ ਅੰਮ੍ਰਿਤਪਾਲ ਸਿੰਘ ਕਹਿੰਦਾ ਹੈ ਕਿ ਪੰਜਾਬ ਦੀ ਥਾਂ ਖਾਲਿਸਤਾਨ ਹੋਣਾ ਚਾਹੀਦਾ ਹੈ। ਤਾਂ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਜਵਾਬ ਦਿੰਦਾ ਹੈ ਕਿ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦੇ ਮੁੱਦੇ ‘ਤੇ ਸ਼ੋਰ ਮੱਚਾ ਰਿਹਾ ਹੈ ਉਹ ਵੀ ਪੰਜਾਬ ਦੇ ਪਿੰਡ ਤੋਂ ਹੀ ਹੈ ਕਦੇ ਉਸ ਨੇ ਖਾਲਿਸਤਾਨ ਨਹੀਂ ਸੁਣਿਆ ਹੈ । ਫਿਰ ਉਹ ਤਿਹਾੜ ਜੇਲ੍ਹ ਵਿੱਚ ਜਗਤਾਰ ਸਿੰਘ ਹਵਾਰਾ ਅਤੇ ਪਟਿਆਲਾ ਜੇਲ੍ਹ ਵਿੱਚ ਬਲਵੰਤ ਸਿੰਘ ਰਾਜੌਆਣਾ ਦਾ ਜ਼ਿਕਰ ਕਰਦੇ ਹੋਏ ਕਹਿੰਦਾ ਹੈ ਕਿ ਉਨ੍ਹਾਂ ਦੇ ਮੂੰਹ ਤੋਂ ਵੀ ਉਸ ਨੇ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਸੁਣੀ ਹੈ । ਇਸ ਤੋਂ ਬਾਅਦ ਲੌਰੈਂਸ ਟਾਇਟਲਰ ਅਤੇ ਸੱਜਣ ਕੁਮਾਰ ਦਾ ਮੁੱਦਾ ਚੁੱਕ ਕੇ ਅੰਮ੍ਰਿਤਪਾਲ ਸਿੰਘ ਨੂੰ ਮਾਰਨ ਦੀ ਚੁਣੌਤੀ ਦਿੰਦਾ ਹੈ ਅਤੇ ਸਾਥ ਦੇਣ ਦਾ ਵਾਅਦਾ ਕਰਦਾ ਹੈ । ਇੱਕ ਗੈਂਗਸਟਰ ਦੇ ਇਹ ਬਿਆਨ ਪੰਜਾਬ ਨੂੰ ਆਖਿਰ ਕਿਸ ਪਾਸੇ ਲਿਜਾਉਣਗੇ।
ਇੰਨੀ ਮਾਵਾਂ ਦੀ ਗੋਦ ਉਜਾੜਨ ਵਾਲੇ ਗੈਂਗਸਟਰ ਤੋਂ ਪੰਜਾਬ ਦੇ ਖਾਲਿਸਤਾਨ ਵਰਗੇ ਇੰਨੇ ਸੰਜੀਦਾ ਮੁੱਦੇ ‘ਤੇ ਸਵਾਲ ਪੁੱਛਣਾ ਅਤੇ ਫਿਰ ਉਸ ਦੇ ਜਵਾਬਾਂ ਨੂੰ ਧਮਕੀ ਅਤੇ ਚੁਣੌਤੀ ਦੇ ਰੂਪ ਵਿੱਚ ਵਿਖਾਉਣਾ ਕਿੱਥੋਂ ਤੱਕ ਜਾਇਜ਼ ਹੈ। ਇਹ ਵੱਡਾ ਸਵਾਲ ਹੈ । ਇੰਟਰਵਿਊ ਤੋਂ ਬਾਅਦ ਤੁਸੀਂ ਇਹ ਕਹਿਕੇ ਆਪਣਾ ਪਲਾ ਨਹੀਂ ਝਾੜ ਸਕਦੇ ਹੋ ਕਿ ਸਾਡਾ ਮਕਸਦ ਸਿਸਟਮ ਨੂੰ ਸੁਧਾਰਨਾ ਹੈ,ਜੇਲ੍ਹ ਪ੍ਰਸ਼ਾਸਨ ਦੇ ਅੰਦਰ ਦੀ ਨਕਾਮਿਆਂ ਨੂੰ ਉਜਾਗੜ ਕਰਨਾ ਹੈ। ਉਹ ਤਾਂ ਜੇਲ੍ਹ ਤੋਂ ਗੈਂਗਸਟਰ ਦਾ ਇੰਟਰਵਿਊ ਕਰਕੇ ਸਾਬਿਤ ਹੋ ਗਿਆ ਸੀ ।ਪਰ ਇੰਟਰਵਿਊ ਦੌਰਾਨ ਪੇਸ਼ੇਵਰ ਗੈਂਗਸਟਰ ਤੋਂ ਜਿਹੜੇ ਸਵਾਲ ਪੁੱਛੇ ਗਏ ਉਹ ਪਰੇਸ਼ਾਨ ਕਰਨ ਵਾਲੇ ਸਨ । ਉਨ੍ਹਾਂ ਦੇ ਜਿਹੜੇ ਜਵਾਬ ਲੋਕਾਂ ਵਿੱਚ ਜਾ ਰਹੇ ਹਨ,ਉਹ ਕਿੰਨੇ ਖਤਰਨਾਕ ਸਾਬਿਤ ਹੋ ਸਕਦੇ ਹਨ ਇਸ ਬਾਰੇ ਵੀ ਸੋਚਣ ਦੀ ਜ਼ਰੂਰਤ ਸੀ ।