ਸ਼ਹੀਦ ਭਗਤ ਸਿੰਘ ਨਗਰ : ਸਾਰੇ ਖੇਤ ਵਿੱਚ ਹਰੀ ਭਰੀ ਫਸਲ ਇੱਕ ਦਮ ਸੁੱਕ ਗਈ। ਪੱਤਿਆਂ ਸਮੇਤ ਸਾਰਾ ਬੂਟਾ ਹੀ ਸੜ ਗਿਆ ਜਦੋਂ ਬੂਟੇ ਦਾ ਫਲ ਦੇਣ ਦਾ ਸਮਾਂ ਆਇਆ ਤਾਂ ਖੇਤਾਂ ਦੇ ਖੇਤ ਸੁੱਕ ਕੇ ਤਬਾਹ ਹੋਣ ਲੱਗੇ..ਜੀ ਹਾਂ ਇਹ ਭਿਆਨਕ ਹਾਲਤ ਆਲੂ ਦੀ ਫਸਲ ਦੀ ਹੈ। ਇਸ ਦੀ ਵਜ੍ਹਾ ਆਲੂ ਨੂੰ ਲੱਗਿਆ ਝੁਲਸ ਰੋਗ ਹੈ, ਜਿਸ ਕਾਰਨ ਕਿਸਾਨਾਂ ਦੀ ਸੱਠ ਫੀਸਦੀ ਤੋਂ ਵੱਧ ਫਸਲ ਨੁਕਸਾਨੀ ਜਾ ਚੁੱਕੀ ਹੈ। ਇਹ ਤਸਵੀਰਾਂ ਲੁਧਿਆਣਾ ਦੇ ਕਸਬਾ ਮਾਛੀਵਾੜਾ ਸਾਹਿਬ ਦੇ ਪਿੰਡ ਅਡਿਆਣਾ ਦੀਆਂ ਹਨ।
ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਕਿਸਾਨਾਂ ਨੇ ਅੰਤਾਂ ਦੀ ਸਪਰੇਅ ਕੀਤੀ ਪਰ ਆਖਿਰਕਾਰ ਨਿਰਾਸ਼ਾ ਹੀ ਪੱਲੇ ਪਈ। ਇੰਨਾ ਹੀ ਨਹੀਂ ਜਿਹੜੇ ਕਿਸਾਨਾਂ ਨੇ ਮਾੜੀ ਮੋਟੀ ਬਚੀ ਫਸਲ ਨੂੰ ਪੁੱਟਣ ਦਾ ਫੈਸਲ ਕੀਤਾ ਉਨ੍ਹਾਂ ਨਾਲ ਵੀ ਬੁਰੀ ਹੋਈ। ਬਿਮਾਰੀ ਨਾਲ ਸਿਰਫ਼ ਪੈਦਾਵਾਰ ਹੀ ਨਹੀਂ ਘਟੀ ਸਗੋਂ ਆਲੂਆਂ ਦੇ ਭਾਅ ਡਿੱਗਣ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਘਾਟਾ ਝੱਲਣਾ ਪੈ ਰਿਹਾ ਹੈ।
ਹਾਲਤ ਇਹ ਹੈ ਕਿ ਕਿਸਾਨਾਂ ਨੂੰ ਆਲੂ ਦੀ ਫਸਲ ਤੋਂ ਕਮਾਈ ਤਾਂ ਕੀ ਹੋਣ ਸੀ ਲਾਗਤ ਵੀ ਪੱਲੇ ਨਹੀਂ ਪੈ ਰਹੀ ਹੈ। ਇਨ੍ਹਾਂ ਆਲੂ ਉਤਪਾਦਕਾਂ ਵਿੱਚੋਂ ਤਾਂ ਕਈਆਂ ਨੇ ਕਣਕ ਨੂੰ ਛੱਡ ਕੇ ਖੇਤੀ ਵਿਭਿੰਨਤਾ ਦਾ ਰਾਹ ਚੁਣਿਆ ਸੀ। ਕਈ ਨੇ ਜ਼ਮੀਨ ਠੇਕੇ ਉੱਤੇ ਲਈ ਪਰ ਆਲੂ ਨੂੰ ਲੱਗੀ ਬਿਮਾਰੀ ਨੇ ਸਾਰਿਆਂ ਦਾ ਲੱਕ ਤੋੜ ਦਿੱਤਾ..ਲਾਗਤ ਤਾਂ ਪੂਰੀ ਨਹੀਂ ਹੋਈ ਅਗਲੀ ਫਸਲ ਦੀ ਬਿਜਾਈ ਜੋਗਾ ਪੈਸਾ ਵੀ ਨਹੀਂ ਬਚਿਆ..ਹੁਣ ਕਿਸਾਨਾਂ ਨੇ ਸਰਕਾਰ ਅੱਗੇ ਮੁਆਵਜ਼ ਦੀ ਗੁਹਾਰ ਲਾਈ ਹੈ।
ਪਹਿਲਾ ਝੁਲਸ ਰੋਗ ਦਵਾਈਆਂ ਨਾਲ ਕੰਟੋਰਲ ਹੋ ਜਾਂਦਾ ਸੀ ਪਰ ਇਸ ਵਾਰ ਮੌਸਮ ਸਾਜਗਾਰ ਨਾ ਹੋਣ ਕਾਰਨ ਇਸ ਨੇ ਕਿਸਾਨਾਂ ਦੇ ਵੱਡਾ ਨੁਕਾਸਨ ਕੀਤਾ । ਸਿਰਫ ਲੁਧਿਆਣਾ ਜ਼ਿਲੇ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਤਮਾਮ ਆਲੂ ਦੀ ਪੈਦਵਾਰ ਵਾਲੇ ਇਲਾਕੇ ਇਸ ਬਿਮਾਰੀ ਤੋਂ ਬਚ ਨਾ ਸਕੇ।