ਚੰਡੀਗੜ੍ਹ : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਭਲਵਾਨਾਂ ਦੇ ਸੰਘਰਸ਼ ਨੂੰ ਜ਼ਬਰ ਅਤੇ ਬਦਨਾਮ ਕਰਕੇ ਦਬਾਉਣ ਦੇ ਹੱਥਕੰਡਿਆਂ ਵਿਰੁੱਧ ਅੱਜ ਸੰਯੁਕੁਤ ਮੋਰਚੇ ਵੱਲੋਂ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਅਤੇ ਤਹਿਸੀਲ ਕੇਂਦਰਾਂ ਤੇ ਵੱਡੀ ਪੱਧਰ ‘ਤੇ ਕੇਂਦਰ ਸਰਕਾਰ ਦੇ ਅਰਥੀ ਫੂਕ ਰੋਸ ਮੁਜ਼ਾਹਰੇ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਇਨਸਾਫਪਸੰਦ ਲੋਕਾਂ ਨੇ ਕੇਂਦਰ ਸਰਕਾਰ ਰੋਸ ਪ੍ਰਗਟ ਕਰਦਿਆਂ ਮੁਲਜ਼ਮ ਭਾਜਪਾ ਐਮ ਪੀ ਬ੍ਰਿਜ ਭੂਸ਼ਨ ਸ਼ਰਣ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਭਲਵਾਨਾਂ ਤੇ ਦਰਜ਼ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਵੱਡੀ ਪੱਧਰ ਤੇ ਕਿਸਾਨ, ਮਜ਼ਦੂਰ, ਔਰਤ, ਨੌਜਵਾਨ, ਮੁਲਾਜ਼ਮ ਅਤੇ ਵਿਦਿਆਰਥੀ ਜੱਥੇਬੰਦੀਆਂ ਨੇ ਭਾਜਪਾ ਸਰਕਾਰ ਦੀ ਤਾਨਾਸ਼ਾਹ ਅਤੇ ਔਰਤ ਵਿਰੋਧੀ ਸੋਚ ਨੂੰ ਕੂੜੇਦਾਨ ਵਿਚ ਸੁੱਟਣ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ। ਸੂਬੇ ਦੇ ਪਟਿਆਲਾ, ਸੰਗਰੂਰ, ਬਰਨਾਲਾ,ਜਲੰਧਰ, ਫਰੀਦਕੋਟ, ਬਠਿੰਡਾ, ਮੋਗਾ, ਮਾਨਸਾ, ਲੁਧਿਆਣਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਤਰਨਤਾਰਨ ,ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਮੁਕਤਸਰ, ਕਪੂਰਥਲਾ, ਫਤਿਹਗੜ੍ਹ ਸਾਹਿਬ ਅਤੇ ਰੋਪੜ ਜ਼ਿਲ੍ਹਿਆਂ ਦੀਆਂ ਤਹਿਸੀਲਾਂ ਅਤੇ ਹੋਰ ਕਈ ਥਾਵਾਂ ਤੇ ਲੋਕਾਂ ਨੇ ਜ਼ਬਰ ਵਿਰੁੱਧ ਭਲਵਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ।
ਅੱਜ ਦੇ ਅਰਥੀ ਫੂਕ ਮੁਜ਼ਾਹਰਿਆਂ ਚ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ 32 ਕਿਸਾਨ ਜਥੇਬੰਦੀਆਂ ਤੋਂ ਇਲਾਵਾ ਪ੍ਰਮੁੱਖ ਟ੍ਰੇਡ ਯੂਨੀਅਨਾਂ ਏਟਕ,ਸੀਟੂ, ਇਫਟੂ ਦੇ ਨਾਲ ਨਾਲ ਪੇਂਡੂ ਮਜ਼ਦੂਰਾਂ ਦੀਆਂ ਸਾਰੀਆਂ ਪ੍ਰਮੁੱਖ ਜੱਥੇਬੰਦੀਆਂ,ਔਰਤ, ਮੁਲਾਜ਼ਮ,ਵਿਦਿਆਰਥੀ ਅਤੇ ਨੌਜਵਾਨ ਜੱਥੇਬੰਦੀਆਂ ਨੇ ਹਿੱਸਾ ਲਿਆ। ਬਹੁਤ ਸਾਰੀਆਂ ਥਾਵਾਂ ਤੇ ਜਮਹੂਰੀ ਅਧਿਕਾਰਾਂ ਦੀ ਲਹਿਰ ਨਾਲ ਜੁੜੇ ਪ੍ਰੋਫੈਸਰ, ਵਕੀਲ ਅਤੇ ਲੇਖਕਾ ਵੀ ਇਨ੍ਹਾਂ ਮੁਜ਼ਾਹਰਿਆਂ ਵਿਚ ਸ਼ਾਮਲ ਹੋਏ।
ਬੁਲਾਰਿਆਂ ਨੇ ਭਾਜਪਾ ਦੀ ਤਾਨਾਸ਼ਾਹ ਅਤੇ ਔਰਤ ਵਿਰੋਧੀ ਸੋਚ ਨੂੰ ਨਿਸ਼ਾਨੇ ਤੇ ਰੱਖਦਿਆਂ ਭਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਕੀਤੇ ਦੁਰਵਿਹਾਰ ਨੂੰ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਚੁਣੌਤੀ ਗਰਦਾਨਿਆ। ਉਨ੍ਹਾਂ ਮੰਗ ਕੀਤੀ ਕਿ ਭਲਵਾਨਾਂ ਨੂੰ ਇਨਸਾਫ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਪ੍ਰਦਰਸ਼ਨ ਕਰਨ ਲਈ ਥਾਂ ਦਿੱਤੀ ਜਾਵੇ।
ਬੁਲਾਰਿਆਂ ਨੇ ਕਿਹਾ ਕਿ ਭਾਜਪਾ ਔਰਤਾਂ ਵਿਰੁੱਧ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਸ਼ਰਨ ਦੇਣ ਵਾਲੀ ਦੁਕਾਨ ਬਣ ਗਈ ਹੈ। ਇਸੇ ਲਈ ਪੋਸਕੋ ਵਰਗੇ ਗੰਭੀਰ ਅਪਰਾਧ ਵਿੱਚ ਕੇਸ ਦਰਜ ਹੋਣ ਦੇ ਬਾਵਜੂਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਸ ਨੂੰ ਇੱਕਠ ਕਰਨ ਲਈ ਖੁੱਲ੍ਹ ਦਿੱਤੀ ਜਾ ਰਹੀ ਹੈ ਜਦੋਂ ਕਿ ਭਲਵਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਕੇ ਕੁਚਲਣ ਦੇ ਯਤਨ ਕੀਤੇ ਜਾ ਰਹੇ ਹਨ।ਬੁਲਾਰਿਆਂ ਨੇ ਕਿਹਾ ਕਿ ਤਮਗੇ ਜੇਤੂ ਲੜਕੀਆਂ ਨਾਲ ਹੋਏ ਦੁਰਵਿਹਾਰ ਨੇ ਹਰ ਇਨਸਾਫਪਸੰਦ ਵਿਅਕਤੀ ਦਾ ਹਿਰਦਾ ਵਲੂੰਧਰਿਆ ਹੈ। ਜੇਕਰ ਇਹ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਨਾਅਰੇ ਦਾ ਮੂਲ ਹੈ ਤਾਂ ਦੇਸ਼ ਦੇ ਲੋਕਾਂ ਨੂੰ ਅਜਿਹੀ ਸੋਚ ਨੂੰ ਕੂੜੇ ਦੇ ਢੇਰ ਚ ਦਫਨ ਕਰ ਦੇਣਾ ਚਾਹੀਦਾ ਹੈ।
ਭਾਜਪਾ ਐਮ ਪੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਵੱਲੋਂ 5 ਜੂਨ ਨੂੰ ਅਯੁੱਧਿਆ ਵਿਖੇ ਕੀਤੇ ਜਾ ਰਹੇ ਇੱਕਠ ਦਾ ਸਖ਼ਤ ਨੋਟਿਸ ਲੈਂਦਿਆਂ ਸੰਯੁਕਤ ਕਿਸਾਨ ਮੋਰਚੇ ਨੇ 5 ਜੂਨ ਨੂੰ ਸੂਬੇ ਵਿੱਚ ਥਾਂ ਥਾਂ ਬ੍ਰਿਜ ਭੂਸ਼ਨ ਸ਼ਰਣ ਸਿੰਘ ਦੇ ਪੁਤਲੇ ਫੂਕਣ ਦਾ ਸੱਦਾ ਦਿੰਦੇ ਹੋਏ ਸਮੂਹ ਇਨਸਾਫ ਪਸੰਦ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ 5 ਜੂਨ ਦੇ ਪ੍ਰਦਰਸ਼ਨ
ਵਿਆਪਕ ਜਨਤਕ ਐਕਸ਼ਨ ਵਜੋਂ ਲਾਗੂ ਕਰਨ ਦੇ ਯਤਨ ਕੀਤੇ ਜਾਣ।
ਅੱਜ ਦੇ ਅਰਥੀ ਫੂਕ ਮੁਜ਼ਾਹਰਿਆਂ ਦੀ ਅਗਵਾਈ ਹਰਿੰਦਰ ਸਿੰਘ ਲੱਖੋਵਾਲ,ਡਾ. ਦਰਸ਼ਨਪਾਲ, ਨਿਰਭੈ ਸਿੰਘ ਢੁੱਡੀਕੇ,ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਬਹਿਰੂ,ਰੁਲਦੂ ਸਿੰਘ ਮਾਨਸਾ, ਜੰਗਵੀਰ ਸਿੰਘ ਚੌਹਾਨ,ਵੀਰ ਸਿੰਘ ਬੜਵਾ, ਬਲਜੀਤ ਸਿੰਘ, ਗਰੇਵਾਲ,ਮਨਜੀਤ ਸਿੰਘ ਧਨੇਰ, ਡਾ.ਸਤਨਾਮ ਸਿੰਘ ਅਜਨਾਲਾ, ਵੀਰਪਾਲ ਸਿੰਘ ਢਿੱਲੋਂ, ਫੁਰਮਾਨ ਸਿੰਘ ਸੰਧੂ,ਰਣਜੀਤ ਕੌਰ ਰਾਜੂ, ਹਰਬੰਸ ਸਿੰਘ ਸੰਘਾ, ਮਲੂਕ ਸਿੰਘ ਹੀਰਕੇ, ਹਰਜੀਤ ਸਿੰਘ ਰਵੀ, ਬਲਕਰਨ ਸਿੰਘ ਬਰਾੜ, ਬਲਵਿੰਦਰ ਸਿੰਘ ਰਾਜੂ ਔਲਖ, ਬਲਵਿੰਦਰ ਸਿੰਘ ਮੱਲੀਨੰਗਲ, ਬਿੰਦਰ ਸਿੰਘ ਗੋਲੇਵਾਲਾ, ਧਨਵੰਤ ਸਿੰਘ, ਕਿਰਨਜੀਤ ਸਿੰਘ ਸੇਖੋਂ,ਬੂਟਾ ਸਿੰਘ ਸ਼ਾਦੀਪੁਰ, ਕੁਲਦੀਪ ਸਿੰਘ ਵਜੀਦਪੁਰ ਅਤੇ ਕਿਰਪਾ ਸਿੰਘ ਆਦਿ ਹਾਜ਼ਰ ਸਨ।