India

ਅਰੁਣਾਚਲ ਪ੍ਰਦੇਸ਼ ਵਿੱਚ ਲੈਂਡ ਸਲਾਈਡ, ਚੀਨ ਨਾਲ ਲੱਗਦੇ ਇਲਾਕੇ ਨਾਲ ਸੰਪਰਕ ਟੁੱਟਿਆ

ਅਰੁਣਾਚਲ ਪ੍ਰਦੇਸ਼ ਦੀ ਦਿਬਾਂਗ ਘਾਟੀ ‘ਚ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ ਹੈ। ਚੀਨ ਦੀ ਸਰਹੱਦ ਨਾਲ ਲੱਗਦੇ ਦਿਬਾਂਗ ਘਾਟੀ ਜ਼ਿਲ੍ਹੇ ਦਾ ਸੰਪਰਕ ਪੂਰੇ ਦੇਸ਼ ਨਾਲ ਟੁੱਟ ਗਿਆ ਹੈ। ਦਿਬਾਂਗ ਵੈਲੀ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਬੁੱਧਵਾਰ ਨੂੰ ਹਾਈਵੇਅ ‘ਤੇ ਢਿੱਗਾਂ ਡਿੱਗ ਗਈਆਂ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।

ਨੈਸ਼ਨਲ ਹਾਈਵੇਜ਼ ਐਂਡ ਇਨਫਰਾਸਟਰੱਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਨੇ ਮੌਕੇ ਤੇ ਇੱਕ ਟੀਮ ਭੇਜੀ ਹੈ ਤਾਂ ਜੋ ਹਾਈਵੇ ਨੂੰ ਜਲਦੀ ਤੋਂ ਜਲਦੀ ਖੋਲ੍ਹਿਆ ਜਾ ਸਕੇ। ਇਸ ਦੇ ਨਾਲ ਹੀ ਖਾਣ-ਪੀਣ ਦੀਆਂ ਵਸਤੂਆਂ ਸਮੇਤ ਸਾਰੀਆਂ ਵਸਤਾਂ ਮੌਕੇ ‘ਤੇ ਹੀ ਸਪਲਾਈ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਆਏ।

ਦਰਅਸਲ ਹਾਈਵੇਅ ਦਾ ਟੁੱਟਣਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਇਹ ਜ਼ਿਲ੍ਹੇ ਦੇ ਲੋਕਾਂ ਅਤੇ ਭਾਰਤੀ ਫੌਜ ਲਈ ਕਿਸੇ ਜੀਵਨ ਰੇਖਾ ਤੋਂ ਘੱਟ ਨਹੀਂ ਹੈ। ਚੀਨ ਨਾਲ ਲੱਗਦੀ ਸਰਹੱਦ ਤੱਕ ਪਹੁੰਚਣ ਲਈ ਫੌਜ ਇਸ ਰਸਤੇ ਦੀ ਵਰਤੋਂ ਕਰਦੀ ਹੈ। ਰਾਜ ਸਰਕਾਰ ਨੇ ਹਾਈਵੇਅ ਦੇ ਨੁਕਸਾਨ ਤੋਂ ਬਾਅਦ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਤਿੰਨ ਦਿਨਾਂ ਤੱਕ ਇਸ ਤੋਂ ਨਾ ਲੰਘਣ ਦੀ ਸਲਾਹ ਦਿੱਤੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਈਵੇਅ ਦੀ ਮੁਰੰਮਤ ਵਿੱਚ ਕੁਝ ਦਿਨ ਲੱਗ ਸਕਦੇ ਹਨ। ਇਸ ਦੌਰਾਨ ਅਰੁਣਾਚਲ ਪ੍ਰਦੇਸ਼ ਦੇ CM ਪੇਮਾ ਖਾਂਡੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਲਦੀ ਤੋਂ ਜਲਦੀ ਸੰਪਰਕ ਬਹਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿਉਂਕਿ ਇਹ ਸੜਕ ਦਿਬਾਂਗ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦੀ ਹੈ। CM ਨੇ ਕੁਦਰਤੀ ਆਫ਼ਤ ‘ਤੇ ਨਜ਼ਰ ਰੱਖਣ ਲਈ PMO ਨੂੰ ਵੀ ਟੈਗ ਕੀਤਾ ਹੈ।