Punjab

ਮੰਤਰੀ ਕਟਾਰੂਚੱਕ ਵੀਡੀਓ ਮਾਮਲੇ ‘ਚ SC ਕਮਿਸ਼ਨ ਦਾ ਵੱਡਾ ਐਕਸ਼ਨ ! ਪ੍ਰਸ਼ਾਸਨਿਕ ਤੋਂ ਪੁਲਿਸ ਅਧਿਕਾਰੀ ਤੱਕ ਸਾਰੇ ਅਫ਼ਸਰ ਹਿੱਲੇ !

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮਾਮਲੇ ਵਿੱਚ ਪੀੜਤ ਵੱਲੋਂ ਆਪਣਾ ਬਿਆਨ ਵਾਪਸ ਲੈਣ ਤੋਂ ਬਾਅਦ ਹੁਣ SC ਕਮਿਸ਼ਨ ਐਕਸ਼ਨ ਵਿੱਚ ਆ ਗਈ ਹੈ। ਇਸ ਮਾਮਲੇ ਵਿੱਚ DIG ਅੰਮ੍ਰਿਤਸਰ ਬਾਰਡਰ ਰੇਂਜ ਅਧੀਨ ਬਣੀ SIT ਨੇ 12 ਜੂਨ ਨੂੰ ਕੌਮੀ SC ਕਮਿਸ਼ਨ ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤਾ ਸੀ ਪਰ ਵਿਰੋਧੀ ਧਿਰ ਵੱਲੋਂ ਲਗਾਤਾਰ ਪੀੜਤ ਨੂੰ ਡਰਾਉਣ ਦੇ ਇਲਜ਼ਾਮ ਤੋਂ ਬਾਅਦ SC ਕਮਿਸ਼ਨ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ।

ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਡ ਕਾਸਟ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ 31 ਜੁਲਾਈ ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਵਿੱਚ ਕਮਿਸ਼ਨ ਹੈੱਡਕੁਆਟਰ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ।

ਇਨ੍ਹਾਂ ਅਧਿਕਾਰੀਆਂ ਨੂੰ ਪੇਸ਼ ਹੋਣ ਦੇ ਨਿਰਦੇਸ਼

ਕਮਿਸ਼ਨ ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ‘ਤੇ ਪੰਜਾਬ ਦੇ ਮੁੱਖ ਸਕੱਤਰ, ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਅਤੇ ਅੰਮ੍ਰਿਤਸਰ ਬਾਰਡਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਨੂੰ 31 ਜੁਲਾਈ ਨੂੰ ਸਵੇਰੇ 11 ਵਜੇ ਦਿੱਲੀ ਵਿੱਚ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਕਮਿਸ਼ਨ ਨੇ ਪਟੀਸ਼ਨਕਰਤਾ ਨੂੰ ਵੀ ਨਿੱਜੀ ਤੌਰ ‘ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਮਿਸ਼ਨ ਨੇ ਅਧਿਕਾਰੀਆਂ ਨੂੰ ਤਾਜ਼ਾ ਕਾਰਵਾਈ ਦੀ ਰਿਪੋਰਟ ਅਤੇ ਸਬੰਧਿਤ ਫਾਈਲਾਂ, ਕੇਸ ਡਾਇਰੀਆਂ ਅਤੇ ਹੋਰ ਕਾਰਵਾਈਆਂ ਸਮੇਤ ਸਾਰੇ ਸਬੰਧਿਤ ਦਸਤਾਵੇਜ਼ ਲਿਆਉਣ ਲਈ ਵੀ ਕਿਹਾ ਹੈ।

5 ਮਈ ਨੂੰ SC ਕਮਿਸ਼ਨ ਨੇ ਜਾਂਚ ਦੇ ਨਿਰਦੇਸ਼ ਦਿੱਤੇ ਸਨ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ‘ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੇ ਪੀੜਤ ਦੀ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦਿਆਂ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ 5 ਮਈ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਨੂੰ ਕਾਰਵਾਈ ਦੀ ਰਿਪੋਰਟ ਸੌਂਪਣ ਅਤੇ ਪੀੜਤ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ। ਇਲਜ਼ਾਮ ਸੀ ਕਿ ਮੰਤਰੀ ਵੱਲੋਂ ਪੀੜਨ ਨੂੰ ਧਮਕੀਆਂ ਦੇ ਫ਼ੋਨ ਆ ਰਹੇ ਸਨ। 5 ਮਈ ਦੇ ਨੋਟਿਸ ਤੋਂ ਬਾਅਦ 25 ਮਈ ਅਤੇ 5 ਜੂਨ ਨੂੰ ਇੱਕ ਹੋਰ ਨੋਟਿਸ ਦਿੱਤਾ ਗਿਆ ਸੀ। ਇਨ੍ਹਾਂ ਨੋਟਿਸਾਂ ਤੋਂ ਬਾਅਦ ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀਆਈਜੀ ਵੱਲੋਂ 12 ਜੂਨ ਨੂੰ ਕਮਿਸ਼ਨ ਨੂੰ ਕਾਰਵਾਈ ਰਿਪੋਰਟ ਸੌਂਪ ਦਿੱਤੀ ਗਈ ਸੀ।

ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਨੂੰ ਸੌਂਪੀ ਸੀ ਵੀਡੀਓ

ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੰਤਰੀ ਕਟਾਰੂਚੱਕ ਦੀ ਇਤਰਾਜ਼ਯੋਗ ਵੀਡੀਓ ਰਾਜਪਾਲ ਬਨਵਾਲੀ ਲਾਲ ਪੁਰੋਹਿਤ ਨੂੰ ਸੌਂਪੀ ਸੀ ਅਤੇ ਇਸ ਦੀ ਫੋਰੈਂਸਿਕ ਜਾਂਚ ਦੀ ਅਪੀਲ ਕੀਤੀ ਸੀ। ਰਾਜਪਾਲ ਵੱਲੋਂ ਕਰਵਾਈ ਗਈ ਜਾਂਚ ਤੋਂ ਬਾਅਦ ਵੀਡੀਓ ਸਹੀ ਸਾਬਤ ਹੋਈ ਸੀ । ਜਿਸ ਤੋਂ ਬਾਅਦ ਕਾਂਗਰਸ,ਅਕਾਲੀ ਦਲ ਅਤੇ ਬੀਜੇਪੀ ਨੇ ਕਟਾਰੂਚੱਕ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਸਿਰਫ਼ ਇੰਨਾ ਹੀ ਨਹੀਂ ਰਾਜਪਾਲ ਵੀ 2 ਵਾਰ ਮੁੱਖ ਮੰਤਰੀ ਮਾਨ ਨੂੰ ਕਟਾਰੂਚੱਕ ਨੂੰ ਹਟਾਉਣ ਬਾਰੇ ਬਿਆਨ ਦੇ ਚੁੱਕੇ ਹਨ ਪਰ ਮਾਨ ਸਰਕਾਰ ਆਪਣੇ ਸਟੈਂਡ ‘ਤੇ ਕਾਇਮ ਹੈ, ਉਹ ਕਿਸੇ ਵੀ ਸੂਰਤ ਵਿੱਚ ਫ਼ਿਲਹਾਲ ਲਾਲ ਚੰਦ ਕਟਾਰੂਚੱਕ ਨੂੰ ਹਟਾਉਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ।