India Punjab

ਪੰਜਾਬ ‘ਚ ਅਸ਼ੀਸ਼ ਮਿਸ਼ਰਾ ਟੈਨੀ ਦੇ ਪੁਤਲੇ ਫੂਕਣ ਤੇ BJP ਦਫ਼ਤਰਾਂ ਦੇ ਘਿਰਾਓ ਦਾ ਐਲਾਨ

Lakhimpur Khiri murder case

ਚੰਡੀਗੜ੍ਹ : ਲਖੀਮਪੁਰ ਖੀਰੀ ਹੱਤਿਆ ਕਾਂਡ (Lakhimpur Khiri murder case) ਦੇ ਮੁੱਖ ਮੁਲਜ਼ਮ ਅਤੇ ਕੇਂਦਰੀ ਰਾਜ ਮੰਤਰੀ ਦਾ ਬੇਟੇ ਅਸ਼ੀਸ਼ ਮਿਸ਼ਰਾ ਟੈਨੀ (Ashish Mishra Teni) ਨੂੰ ਸਜ਼ਾ ਦਿਵਾਉਣ ਲਈ ਕਿਸਾਨਾਂ ਨੇ ਪੰਜਾਬ ਵਿੱਚ ਵੀ ਸੰਘਰਸ਼ (farmers protest) ਦਾ ਬਿਗੁਲ ਵਜਾ ਦਿੱਤਾ ਹੈ। 30 ਅਗਸਤ ਨੂੰ ਪੰਜਾਬ ਭਰ ਵਿੱਚ ਅਜੈ ਮਿਸ਼ਰਾ ਟੈਨੀ ਗ੍ਰਹਿ ਰਾਜ ਮੰਤਰੀ ਭਾਰਤ ਦੇ ਪੁਤਲੇ ਫੂਕਣ ਦਾ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ ਸੂਬੇ ਵਿੱਚ ਭਾਜਪਾ ਆਗੂਆਂ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਹ ਐਲਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕਰਕੇ ਕੀਤਾ ਹੈ।

ਇਹ ਮੀਟਿੰਗ  ਵੀਡੀਓ ਕਾਨਫਰੰਸਿੰਗ ਰਾਹੀਂ ਡਾ ਦਰਸ਼ਨਪਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਅੰਦਰ ਸਰਬਸੰਮਤੀ ਨਾਲ ਤੈਅ ਕੀਤਾ ਗਿਆ ਕਿ ਪੰਜਾਬ ਅੰਦਰ ਭਾਜਪਾ ਆਗੂਆਂ ਦੇ ਘਰਾਂ ਅਤੇ ਦਫਤਰਾਂ ਵੱਲ ਮਾਰਚ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁਤਲੇ ਫੂਕੇ ਜਾਣਗੇ। ਇਸ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਬੁੱਟਰ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ, ਜਨਰਲ ਸਕੱਤਰ ਸ਼ਾਮਲ ਹੋਏ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਲਖੀਮਪੁਰ ਖੀਰੀ ਕਿਸਾਨ ਹੱਤਿਆਕਾਂਡ ਦੇ ਸ਼ਾਜਸ਼ ਘਾੜੇ ਅਤੇ ਹੱਤਿਆ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਮੋਨੂੰ ਦੇ ਪਿਤਾ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੈਨੀ ਵੱਲੋਂ ਕਿਸਾਨਾਂ ਦੇ ਖ਼ਿਲਾਫ਼ ਨਫ਼ਰਤੀ ਬੋਲ ਬੋਲਣ ਦੇ ਵਿਰੋਧ ਵਿੱਚ 30 ਅਗਸਤ ਨੂੰ ਪੰਜਾਬ ਭਰ ਵਿਚ ਭਾਜਪਾ ਦੇ ਆਗੂਆਂ ਦੇ ਘਰਾਂ ਅਤੇ ਦਫਤਰਾਂ ਵੱਲ ਨੂੰ ਮਾਰਚ ਕਰਦੇ ਹੋਇਆਂ ਅਜੇ ਮਿਸ਼ਰਾ ਟੈਨੀ ਦੇ ਪੁਤਲੇ ਫੂਕ ਕੇ ਉਸ ਨੂੰ ਕੇਂਦਰੀ ਕੈਬਨਿਟ ਵਿੱਚੋਂ ਬਰਖਾਸਤ ਕਰਨ ਅਤੇ ਜੇਲ੍ਹ ਭੇਜਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਕਤਲੇਆਮ ਤੋਂ ਪਹਿਲਾਂ ਉਸ ਦੀ ਸਾਜ਼ਿਸ਼ ਕਰਨ ਅਤੇ ਕਿਸਾਨਾਂ ਨੂੰ ਧਮਕੀ ਦੇਣ ਕਰਕੇ ਪਹਿਲਾਂ ਹੀ ਸੁਪਰੀਮ ਕੋਰਟ ਵੱਲੋਂ ਅਜੇ ਮਿਸ਼ਰਾ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੋਇਆ ਹੈ ਪਰ ਯੂਪੀ ਵਿੱਚ ਭਾਜਪਾ ਦੀ ਸਰਕਾਰ ਹੋਣ ਕਰਕੇ ਅਤੇ ਪ੍ਰਸ਼ਾਸਨ ਵੱਲੋਂ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਹੁਣ ਜਦੋਂ ਕਿਸਾਨਾਂ ਵੱਲੋਂ ਲਖੀਮਪੁਰ ਖੀਰੀ ਵਿੱਚ ਤਿੰਨ ਦਿਨਾ ਧਰਨਾ ਦਿੱਤਾ ਗਿਆ ਹੈ ਤਾਂ ਉਸ ਤੋਂ ਬਾਅਦ ਕੇਂਦਰੀ ਮੰਤਰੀ ਵੱਲੋਂ ਕਿਸਾਨਾਂ ਖ਼ਿਲਾਫ਼ ਨਫ਼ਰਤ ਉਗਲਦਿਆਂ ਹੋਇਆ ਕਿਸਾਨਾਂ ਨੂੰ ਭੌਕਣ ਵਾਲੇ ਕੁੱਤੇ ਤੱਕ ਦੱਸਿਆ ਗਿਆ ਹੈ ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਅਗਵਾਈ ਕਰ ਰਹੇ ਉਸ ਇਲਾਕੇ ਦੇ ਕਿਸਾਨ ਆਗੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕਿਸਾਨ ਆਗੂ ਗੁਰਅਮਨੀਤ ਸਿੰਘ ਮਾਂਗਟ ਦੇ ਸਕੂਲ ਉੱਪਰ ਵੀ ਉਸ ਨੂੰ ਢਾਹੁਣ ਦੀ ਨੀਅਤ ਨਾਲ ਛਾਪਾ ਮਾਰਿਆ ਗਿਆ ਜੋ ਕਿ ਸਰਾਸਰ ਗ਼ਲਤ ਹੈ ਅਤੇ ਅਸੀਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।

ਆਗੂਆਂ ਨੇ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰ ਰਹੀ ਹੈ, ਉਥੇ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰਵਾਉਣ ਲਈ 30 ਅਗਸਤ ਨੂੰ ਮਾਰਚ ਕਰਦੇ ਹੋਏ ਪੰਜਾਬ ਭਰ ਵਿਚ ਪੁਤਲੇ ਫੂਕ ਕੇ ਵਿਰੋਧ ਪ੍ਰਦਰਸ਼ਨ ਕਰੇਗੀ । ਇਸ ਮੌਕੇ ਮੀਟਿੰਗ ਵਿਚ ਫਤਹਿਗੜ੍ਹ ਸਾਹਿਬ ਤੋਂ ਹਰਿੰਦਰ ਚਰਨਾਰਥਲ ਪਰਮਵੀਰ ਸਿੰਘ ਚਰਨਜੀਤ ਕੌਰ ਧੂੜੀਆ ਦਰਸ਼ਨ ਸਿੰਘ ਟਾਹਲੀਆਂ ਸਰਬਜੀਤ ਸਿੰਘ ਅਜਿੱਤਗਿੱਲ ਪਵਿੱਤਰ ਸਿੰਘ ਲਾਲੀ ਕੁਲਵੰਤ ਸਿੰਘ ਬਰਨਾਲਾ ਰਾਜਵਿੰਦਰ ਸਿੰਘ ਰੋਮਾਣਾ ਅਰਬੇਲ ਸਿੰਘ ਸੁਰਿੰਦਰ ਲਾਧੂਕਾ ਅਤਰਜੀਤ ਸਿੰਘ ਬਰਾੜ ਮਨਦੀਪ ਸਿੰਘ ਜਹੂਰਾ ਮਨਦੀਪ ਸਿੰਘ ਕਬਰਵਾਲਾ ਰਾਜਗੁਰਵਿੰਦਰ ਸਿੰਘ ਘੁਮਾਣ ਗੁਰਮੀਤ ਸਿੰਘ ਦਿੱਤੂਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ  ।