Punjab

ਲੱਖਾ ਸਿਧਾਣਾ ਨੌਜਵਾਨਾਂ ਦੇ ਹੱਕਾਂ ਲਈ ਬਣਾਵੇਗਾ ਕਮੇਟੀ, ਲੋਕਾਂ ਦਾ ਮੰਗਿਆ ਸਹਿਯੋਗ

Lakha Sidhana will form a committee for the rights of the youth

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਸਮਾਜ ਸੇਵੀ ਵਜੋਂ ਜਾਣੇ ਜਾਂਦੇ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੇ ਇੱਕ ਕਮੇਟੀ ਤਿਆਰ ਕਰਨ ਦਾ ਐਲਾਨ ਕੀਤਾ ਹੈ। ਇਹ ਕਮੇਟੀ ਉਨ੍ਹਾਂ ਨੌਜਵਾਨਾਂ ਦੇ ਕੇਸ ਲੜੇਗੀ, ਜਿਨ੍ਹਾਂ ਖਿਲਾਫ਼ ਝੂਠੇ ਪਰਚੇ ਦਰਜ ਕੀਤੇ ਗਏ ਹਨ। ਇਸਦੇ ਲਈ ਲੱਖਾ ਸਿਧਾਣਾ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਲੱਖਾ ਸਿਧਾਣਾ ਨੇ ਪੰਜਾਬ ਦੇ ਲੋਕਾਂ ਨੂੰ ਪਿੱਠ ਨਾ ਦਿਖਾਉਣ ਦਾ ਦਾਅਵਾ ਕੀਤਾ ਹੈ।

ਸਿੱਧੂ ਮੂਸੇਵਾਲਾ ਕਤਲ ਮਾਮਲੇ ਬਾਰੇ ਬੋਲਦਿਆਂ ਸਿਧਾਣਾ ਨੇ ਕਿਹਾ ਕਿ ਜਿਸਨੇ ਪੰਜਾਬ ਦੀ ਵਿਰਾਸਤ, ਹੱਕਾਂ ਵਾਸਤੇ ਲਿਖਣਾ ਅਤੇ ਗਾਉਣਾ ਸ਼ੁਰੂ ਹੀ ਕੀਤਾ ਸੀ, ਉਸਨੂੰ ਮਰਵਾ ਦਿੱਤਾ ਗਿਆ ਹੈ। ਸਿਧਾਣਾ ਨੇ ਆਪਣੇ ਉੱਤੇ ਗੱਲ ਲਿਆਉਂਦਿਆਂ ਕਿਹਾ ਕਿ ਅਸੀਂ ਵੀ ਕੱਫ਼ਨ ਨਾਲ ਲੈ ਕੇ ਚੱਲਦੇ ਹਾਂ ਕਿਉਂਕਿ ਸਾਡੇ ਲਈ ਪੰਜਾਬ ਪਹਿਲਾਂ ਹੈ। ਮੌਤ ਜਦੋਂ ਆਉਣੀ ਹੈ ਉਦੋਂ ਆ ਹੀ ਜਾਣੀ ਹੈ, ਇਸ ਲਈ ਘਰੇ ਨਹੀਂ ਬੈਠ ਸਕਦੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੱਲ੍ਹ ਨੂੰ ਸਿੱਧੂ ਦੇ ਇਨਸਾਫ਼ ਲਈ ਸੜਕਾਂ ਉੱਤੇ ਉਤਰਨਾ ਪਿਆ ਤਾਂ ਮੂਸੇਵਾਲਾ ਦੇ ਪਰਿਵਾਰ ਦਾ ਸਾਥ ਜ਼ਰੂਰ ਦਿੱਤਾ ਜਾਵੇ।

ਗੈਂਗਸਟਰਾਂ ਬਾਰੇ ਬੋਲਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਜਿੰਨੇ ਵੀ ਗੈਂਗਸਟਰਾਂ ਨੂੰ ਜਿਹੜੇ ਮਰਜ਼ੀ ਜ਼ਿਲ੍ਹੇ ਤੋਂ ਰਿਮਾਂਡ ਮਿਲ ਜਾਵੇ, ਉਸਨੂੰ ਲਿਆਂਦਾ ਖਰੜ ਹੀ ਜਾਂਦਾ ਹੈ। ਗੈਂਗਸਟਰ ਖੁਸ਼ ਹੋ ਕੇ ਫੋਟੋਆਂ ਖਿਚਵਾਉਂਦੇ ਹਨ। ਜੇਲ੍ਹ ਅੰਦਰ ਉਨ੍ਹਾਂ ਨੂੰ ਵਧੀਆ ਸਹੂਲਤਾਂ ਮਿਲਦੀਆਂ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪਹਿਲੇ ਦੋ ਤਿੰਨ ਦਿਨ ਮਾੜੀ ਮੋਟੀ ਪੁੱਛਗਿੱਛ ਕੀਤੀ ਗਈ ਪਰ ਬਾਅਦ ਵਿੱਚ ਉਸਨੂੰ ਪੁੱਛਿਆ ਤੱਕ ਨਹੀਂ। ਉਸਨੂੰ ਜਵਾਈਆਂ ਵਾਂਗ ਰੱਖਿਆ ਹੋਇਆ ਹੈ, ਖਾਣ ਪੀਣ ਨੂੰ ਦਿੱਤਾ ਜਾਂਦਾ ਹੈ, ਮੋਬਾਈਲ ਵੀ ਦਿੱਤਾ ਗਿਆ ਹੈ। ਲੱਖਾ ਸਿਧਾਣਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਲਾਰੈਂਸ ਨੂੰ ਤਿਹਾੜ ਜੇਲ੍ਹ ਲੈ ਕੇ ਜਾਵੇਗੀ। ਤਿਹਾੜ ਇਨ੍ਹਾਂ ਲਈ ਕੋਈ ਜੇਲ੍ਹ ਨਹੀਂ ਹੈ, ਘਰ ਹੈ, ਜਿੱਥੇ ਇਹ ਆਪਣਾ ਸਾਰਾ ਕੰਮ ਚਲਾਉਂਦੇ ਹਨ।

ਜੈਨੀ ਜੌਹਲ ਦੇ ਗੀਤ ਨੂੰ ਯੂਟਿਊਬ ਤੋਂ ਹਟਾਏ ਜਾਣ ਦੀ ਲੱਖਾ ਸਿਧਾਣਾ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਲੱਖਾ ਸਿਧਾਣਾ ਨੇ ਕਿਹਾ ਕਿ ਇਕ ਪਾਸੇ ਇਹ ਕਹਿੰਦੇ ਹਨ ਕਿ ਬੋਲਣ ਦੀ ਆਜ਼ਾਦੀ ਹੈ ਤਾਂ ਫਿਰ ਉਸਦੇ ਗੀਤ ਨੂੰ ਬੰਦ ਕਿਉਂ ਕੀਤਾ ਗਿਆ ਹੈ। ਜੋ ਕੰਮ ਮੋਦੀ ਹਕੂਮਤ ਕਰ ਰਹੀ ਹੈ, ਉਹੀ ਕੰਮ ਪੰਜਾਬ ਵਿੱਚ ਜਿਸਨੂੰ ਅਸੀਂ ਬੜੇ ਚਾਵਾਂ ਨਾਲ ਸੱਤਾ ਵਿੱਚ ਲਿਆਂਦਾ ਹੈ, ਉਸ ਹਕੂਮਤ ਨੇ ਸ਼ੁਰੂ ਕਰ ਦਿੱਤਾ ਹੈ।