ਲੁਧਿਆਣਾ : ਲੰਘੇ ਕੱਲ੍ਹ ਲੁਧਿਆਣਾ ਵਿੱਚ ਬੁੱਢਾ ਨਾਲੇ ਵਿੱਚ ਫੈਲੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਲੁਧਿਆਣਾ ਵੱਲ ਮਾਰਚ ਕਰ ਰਹੇ ਕਈ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇਸਦੇ ਨਾਲ ਹੀ ਲੱਖਾ ਸਿਧਾਣਾ ਅਤੇ ਉਸਦੇ ਸਾਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਸੀ। ਇਸ ਤੋਂ ਪਹਿਲਾਂ ਵੀ ਬਠਿੰਡਾ ਪੁਲਿਸ ਨੇ ਲੱਖਾ ਸਿਧਾਣਾ ਦੇ ਸਾਥੀਆਂ ਨੂੰ ਨਜ਼ਰਬੰਦ ਕਰ ਦਿੱਤਾ ਸੀ।
ਜਿਸ ਤੋਂ ਬਾਅਦ ਦੇਰ ਰਾਤ ਲੱਖਾ ਸਿਧਾਣਾ ਕਾਲੇਪਾਣੀ ਦੇ ਮੋਰਚੇ ’ਚ ਪਹੁੰਚਿਆ। ਇਸੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਲੱਖੇ ਨੇ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਵੱਲੋਂ ਹੱਦ ਤੋਂ ਵੱਧ ਧੱਕੇਸ਼ਾਹੀ ਕੀਤੀ ਗਈ ਜਿਸ ਦੇ ਚੱਲਦਿਆਂ ਕਈ ਜਣਿਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਲਗਾਤਾਰ 40 ਸਾਲਾਂ ਤੋਂ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਲੱਖੇ ਨੇ ਕਿਹਾ ਕਿ ਬਹਾਦਰ ਕੇ ਪਲਾਂਟ ਦਾ 1.5 ਕਰੋੜ ਲੀਟਰ ਗੰਦਾ ਪਾਣੀ ਨੂੰ ਰੋਕਣ ਲਈ ਏ.ਡੀ.ਸੀ ਦੋ ਦਿਨ ਦਾ ਸਮਾਂ ਲਿਆ ਹੈ। ਲੱਖੇ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਗੱਲ ਕਰਨ ਵਾਲਿਆਂ ਨੂੰ ਪ੍ਰਸ਼ਾਸਨ ਨੇ ਰਾਹ ਵਿੱਚ ਰੋਕਿਆ, ਘਰਾਂ ਵਿੱਚ ਨਜ਼ਰਬੰਦ ਕੀਤਾ ਪਰ ਦੂਜੇ ਪਾਸੇ ਸਾਡਾ ਵਿਰੋਧ ਕਰਨ ਵਾਲਿਆਂ ਦੀ ਸਰਕਾਰ ਵੱਲੋਂ ਹਿਮਾਇਤ ਕੀਤੀ ਗਈ। ਪੁਲਿਸ ਕਰਮਚਾਰੀਆਂ ਨੂੰ ਸਵਾਲ ਕਰਦਿਆਂ ਲੱਖੇ ਨੇ ਕਿਹਾ ਕਿ ਉਹ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਣ ਕਿ ਉਹ ਲੜਾਈ ਸਹੀ ਹਾ ਜਾਂ ਨਹੀਂ।
ਇਸਦੇ ਨਾਲ ਉਨ੍ਹਾਂ ਨੇ ਮੋਰਚੇ ’ਚ ਪਹੁੰਚੇ ਲੋਕਾਂ ਦਾ ਅਤੇ ਅਮਿਤੋਜ ਮਾਨ ਨੂੰ ਜੱਫੀ ਪਾ ਕੇ ਸਮੁੱਚੇ ਪੰਜਾਬੀਆਂ ਦਾ ਧੰਨਵਾਦ ਕੀਤਾ।
ਕਾਲਾ ਪਾਣੀ ਮੋਰਚਾ ਦੇ ਬੈਨਰ ਹੇਠ ਪ੍ਰਦਰਸ਼ਨ
ਕਾਲੇ ਪਾਣੀ ਅਤੇ ਲੁਧਿਆਣਾ ਦੇ ਬੁੱਢੇ ਡਰੇਨ ਦੀ ਸਫ਼ਾਈ ਖ਼ਿਲਾਫ਼ ਕਾਲਾ ਪਾਣੀ ਮੋਰਚਾ ਜਥੇਬੰਦੀ ਬਣਾਈ ਗਈ ਹੈ, ਜਿਸ ਦੇ ਬੈਨਰ ਹੇਠ ਰਾਜਸਥਾਨ ਤੋਂ 1500 ਦੇ ਕਰੀਬ ਲੋਕ ਮੰਗਲਵਾਰ ਨੂੰ ਪੰਜਾਬ ਦੇ ਲੁਧਿਆਣਾ ਪੁੱਜ ਰਹੇ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਬੁੱਢਾ ਡਰੇਨ ‘ਚ ਫੈਲੀ ਗੰਦਗੀ ਅਤੇ ਕਾਲੇ ਕੈਮੀਕਲ ਵਾਲਾ ਪਾਣੀ ਸਤਲੁਜ ‘ਚ ਮਿਲ ਜਾਂਦਾ ਹੈ ਅਤੇ ਬਾਅਦ ‘ਚ ਇਹ ਪਾਣੀ ਰਾਜਸਥਾਨ ਪਹੁੰਚ ਜਾਂਦਾ ਹੈ, ਜਿਸ ਨੂੰ ਪੀਣ ਨਾਲ ਰਾਜਸਥਾਨ ਦੇ ਸੈਂਕੜੇ ਲੋਕ ਬੀਮਾਰ ਹੋ ਚੁੱਕੇ ਹਨ।
ਰਾਜਸਥਾਨ ਦੇ ਲੋਕਾਂ ਵੱਲੋਂ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਕਰਨ ਦੀਆਂ ਖ਼ਬਰਾਂ ਨਾਲ ਪੁਲਿਸ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸਰਹੱਦਾਂ ‘ਤੇ 2 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਸਨ। ਇਸ ਦੇ ਨਾਲ ਹੀ ਹਰ ਪੁਲਿਸ ਮੁਲਾਜ਼ਮਾਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਕਾਨੂੰਨ ਆਪਣੇ ਹੱਥ ਵਿੱਚ ਲੈਂਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇ।