‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪਾਕਿਸਤਾਨ ਵਿਚ ਪ੍ਰਕਾਸ਼ ਪੁਰਬ ਮਨਾਉਣ ਗਈ ਇੱਕ ਬੰਗਾਲੀ ਸਿੱਖ ਮਹਿਲਾ ਦੇ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਲ ਹੀ ਉਸ ਨੇ ਉਥੇ ਇੱਕ ਮੁਸਲਿਮ ਵਿਅਕਤੀ ਨਾਲ ਵਿਆਹ ਵੀ ਕਰਵਾ ਲਿਆ। ਔਰਤ ਉਥੇ ਸਥਾਈ ਤੌਰ ’ਤੇ ਰਹਿਣਾ ਚਾਹੁੰਦੀ ਸੀ, ਪਰ ਵੀਜ਼ੇ ਵਿਚ ਦਿੱਕਤ ਦੇ ਕਾਰਨ ਉਸ ਨੂੰ ਭਾਰਤ ਵਾਪਸ ਆਉਣਾ ਪਿਆ।
ਜਾਣਕਾਰੀ ਮੁਤਾਬਿਕ ਕੁਝ ਸਿੱਖ ਸੰਗਠਨਾਂ ਨੇ ਇਸ ਘਟਨਾ ਦੀ ਨਿੰਦਾ ਵੀ ਕੀਤੀ ਹੈ ਤੇ ਨਾਲ ਹੀ ਸ਼ਰਧਾਲੂਆਂ ਨੂੰ ਸਿਰਫ ਧਾਰਮਿਕ ਸਰਗਰਮੀਆਂ ਤੱਕ ਹੀ ਸੀਮਤ ਰਹਿਣ ਦੀ ਸਲਾਹ ਦਿੱਤੀ। ਸੂਤਰਾਂ ਮੁਤਾਬਕ ਔਰਤ 17 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਅਟਾਰੀ ਬਾਰਡਰ ਦੇ ਜ਼ਰੀਏ ਪਾਕਿਸਤਾਨ ਗਈ ਸੀ। ਉਨ੍ਹਾਂ ਦੇ ਨਾਲ ਪਤੀ ਵੀ ਮੌਜੂਦ ਸੀ। ਇਸੇ ਯਾਤਰਾ ਦੇ ਦੌਰਾਨ 24 ਨਵੰਬਰ ਨੂੰ ਔਰਤ ਨੇ ਲਾਹੌਰ ਨਿਵਾਸੀ ਮੁਹੰਮਦ ਇਮਰਾਨ ਨਾਲ ਵਿਆਹ ਕੀਤਾ। ਸੂਤਰਾਂ ਮੁਤਾਬਕ ਔਰਤ ਨੇ ਵਿਆਹ ਤੋਂ ਪਹਿਲਾਂ ਅਪਣਾ ਧਰਮ ਪਰਿਵਰਤਨ ਕੀਤਾ। ਨਾਲ ਹੀ ਲਾਹੌਰ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਅਪਣਾ ਨਾਂ ਪਰਵੀਨਾ ਸੁਲਤਾਨਾ ਰੱਖ ਲਿਆ।
ਖ਼ਾਸ ਗੱਲ ਤਾਂ ਇਹ ਰਹੀ ਕਿ ਇਸ ਸਭ ਕਾਰਵਾਈ ਦੇ ਦੌਰਾਨ ਔਰਤ ਦਾ ਪਤੀ ਵੀ ਉਥੇ ਮੌਜੂਦ ਸੀ।ਲਾਹੌਰ ਦੇ ਡੀਡ ਰਾਈਟਰ ਰਾਣਾ ਸਜਵਾਲ ਨੇ ਦੱਸਿਆ ਕਿ ਇੱਕ ਭਾਰਤੀ ਔਰਤ, ਇੱਕ ਸਿੱਖ ਸਣੇ ਦੋ ਪੁਰਸ਼ਾਂ ਦੇ ਨਾਲ ਹਲਫਨਾਮਾ ਖਰੀਦਣ ਆਈ ਸੀ। ਉਨ੍ਹਾਂ ਦੇ ਕੋਲ ਕੋਈ ਪਾਕਿਸਤਾਨੀ ਦਸਤਾਵੇਜ਼ ਨਹੀਂ ਸੀ, ਜਿਸ ਕਾਰਨ ਰਾਜਨਪੁਰ ਇਲਾਕੇ ਦੇ ਨਿਵਾਸੀ ਇਮਰਾਨ ਦੇ ਨਾਂ ਤੋਂ ਉਨ੍ਹਾਂ ਨੇ ਦਸਤਾਵੇਜ਼ ਜਾਰੀ ਕੀਤੇ।
ਇਹ ਦੱਸਿਆ ਗਿਆ ਹੈ ਕਿ ਸਿੱਖ ਔਰਤ ਅਤੇ ਇਮਰਾਨ ਦੀ ਮੁਲਾਕਾਤ ਸੋਸ਼ਲ ਮੀਡੀਆ ਦੇ ਜ਼ਰੀਏ ਹੋਈ ਸੀ।ਇਸ ਬਾਰੇ ਵਿਚ ਉਸ ਦੇ ਪਤੀ ਨੂੰ ਵੀ ਪਤਾ ਸੀ। ਘਟਨਾ ’ਤੇ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਔਰਤ ਨੇ ਲਾਹੌਰ ਵਿਚ ਜੋ ਕੁਝ ਵੀ ਕੀਤਾ, ਉਸ ਨਾਲ ਸਿੱਖ ਭਾਈਚਾਰੇ ਨੂੰ ਸ਼ਰਮਿੰਦਗੀ ਝੱਲਣੀ ਪਈ। ਇਸ ਤਰ੍ਹਾਂ ਦੇ ਕੰਮ ਨਾਲ ਪਾਕਿਸਤਾਨ ਵਿਚ ਸਿੱਖ ਸੰਗਤਾਂ ਦੇ ਜਾਣ ’ਤੇ ਪਾਬੰਦੀ ਲੱਗ ਸਕਦੀ ਹੈ। ਉਨ੍ਹਾਂ ਨੇ ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਸਿਰਫ ਧਾਰਮਿਕ ਸਰਗਰਮੀਆਂ ਤੱਕ ਸੀਮਤ ਰਹਿਣ ਦੀ ਸਲਾਹ ਦਿੱਤੀ।