International

ਕਸੂਰ ਕੋਈ ਨਹੀਂ, ਜੇਲ੍ਹ ਕੱਟਣੀ ਪਈ 40 ਸਾਲ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਜਿਹੇ ਬਹੁਤ ਕਿੱਸੇ ਹਨ ਜਾਂ ਇਹ ਕਹਿ ਲਓ ਕਿ ਬਹੁਤ ਸਾਰੇ ਲੋਕ ਹਨ ਜੋ ਬੇਕਸੂਰੇ ਹੀ ਜੇਲ੍ਹ ਕੱਟ ਰਹੇ ਹਨ। ਪਰ ਫਿਰ ਵੀ ਦੇਰ ਸਵੇਰ ਨਿਆਂ ਮਿਲ ਹੀ ਜਾਂਦਾ ਹੈ। ਅਮਰੀਕਾ ਵਿਚ ਮਿਸੌਰੀ ਦੀ ਜੇਲ੍ਹ ਵਿਚ ਬੰਦ ਕੇਵਿਨ ਸਟਰਿਕਲੈਂਡ ਵੀ ਅਜਿਹੇ ਇਕ ਮਾਮਲੇ ਵਿਚ ਬਰੀ ਹੋ ਗਏ। ਉਨ੍ਹਾਂ ਨੂੰ 3 ਲੋਕਾਂ ਦੀ ਹੱਤਿਆ ਦੇ ਜੁਰਮ ਵਿਚ ਸਜ਼ਾ ਸੁਣਾਈ ਗਈ ਸੀ, ਜੋ ਉਨ੍ਹਾਂ ਨੇ ਕੀਤਾ ਹੀ ਨਹੀਂ ਸੀ।

ਬਿਨਾਂ ਅਪਰਾਧ ਦੇ ਹੀ ਉਨ੍ਹਾਂ ਦਾ 40 ਸਾਲ ਤੋਂ ਜ਼ਿਆਦਾ ਸਮਾਂ ਜੇਲ੍ਹ ਵਿਚ ਗੁਜ਼ਰ ਗਿਆ। ਹੁਣ ਜਦ ਉਹ ਆਜ਼ਾਦ ਹੋਏ ਤਾਂ ਅਣਜਾਣ ਲੋਕਾਂ ਨੇ ਉਨ੍ਹਾਂ ਦੀ ਆਰਥਿਕ ਮਦਦ ਦੇ ਲਈ ਆਨਲਾਈਨ ਮੁਹਿੰਮ ਚਲਾਈ, ਤਾਕਿ ਉਹ ਸਮਾਜ ਵਿਚ ਮੁੜ ਤੋਂ ਸਨਮਾਨਪੂਰਵਕ ਅਪਣੀ ਜ਼ਿੰਦਗੀ ਜੀਅ ਸਕੇ।
ਇਹ ਮੁਹਿੰਮ ਰੰਗ ਵੀ ਲਿਆ ਰਹੀ ਹੈ। ਕਰੀਬ 20 ਹਜ਼ਾਰ ਲੋਕ ਉਨ੍ਹਾਂ ਦੇ ਲਈ ਹੁਣ ਤੱਕ 14.5 ਲੱਖ ਡਾਲਰ ਯਾਨੀ ਕਿ ਕਰੀਬ 10.7 ਕਰੋੜ ਰੁਪਏ ਜੁਟਾ ਚੁੱਕੇ ਹਨ।
ਮਿਸੌਰੀ ਦੀ ਅਦਾਲਤ ਨੇ ਬੀਤੇ ਹਫਤੇ ਰਿਹਾਈ ਦਾ ਆਦੇਸ਼ ਦਿੱਤਾ। ਅਦਾਲਤ ਨੇ ਦੇਖਿਆ ਕਿ ਕੇਵਿਨ ਸਟਰਿਕਲੈਂਡ ਨੂੰ ਦੋਸ਼ੀ ਠਹਿਰਾਉਣ ਦੇ ਲਈ ਸਬੂਤ ਨਾਕਾਫੀ ਸੀ। ਫੈਸਲਾ ਬਦਲ ਜਾਣ ਦੇ ਬਾਵਜੂਦ ਕੇਵਿਨ ਮੁਆਵਜ਼ੇ ਦੇ ਹੱਕਦਾਰ ਨਹੀਂ ਹਨ। ਕਾਰਨ ਹੈ ਕਿ ਸੂਬਾ ਗਲਤ ਫੈਸਲੇ ਦੇ ਕਾਰਨ ਜੇਲ੍ਹ ਦੀ ਸਜ਼ਾ ਭੁਗਤਣ ਵਾਲੇ ਸਿਰਫ ਉਨ੍ਹਾਂ ਲੋਕਾਂ ਨੂੰ ਭੁਗਤਾਨ ਦੀ ਆਗਿਆ ਦਿੰਦਾ ਹੈ ਜਿਨ੍ਹਾਂ ਡੀਐਨਏ ਸਬੂਤ ਦੇ ਜ਼ਰੀਏ ਦੋਸ਼ ਮੁਕਤ ਕੀਤਾ ਗਿਆ ਹੋਵੇ।
ਕੇਵਿਨ ਕਹਿੰਦੇ ਆਏ ਹਨ ਕਿ ਉਨ੍ਹਾਂ ਦਾ 1978 ਵਿਚ ਹੋਈ ਉਨ੍ਹਾਂ ਹੱਤਿਆਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਘਟਨਾ ਦੇ ਸਮੇਂ ਉਹ ਘਰ ’ਤੇ ਟੀਵੀ ਦੇਖ ਰਹੇ ਸੀ। ਗੋਲੀਬਾਰੀ ਵਿਚ ਬਚਣ ਵਾਲੀ ਮੁੱਖ ਗਵਾਹ ਨੇ ਕਈ ਸਾਲ ਅਪਣੀ ਗਵਾਹੀ ਨੂੰ ਟਾਲਣ ਦੀ ਕੋਸ਼ਿਸ਼ ਕੀਤੀ। ਉਸ ਦਾ ਕਹਿਣਾ ਸੀ ਕਿ ਪੁਲਿਸ ਦਬਾਅ ਪਾ ਰਹੀ ਸੀ। ਕੇਵਿਨ ਨੇ ਬਰੀ ਹੋਣ ’ਤੇ ਕਿਹਾ ਕਿ ਉਹ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਨ। ਕੇਵਿਨ ਦੇ ਬਰੀ ਹੋਣ ਤੇ ਫੰਡ ਜੁਟਾਉਣ ਲਈ ਮਿਡਵੈਸਟ ਇਨੋਸੈਂਸ ਪ੍ਰੋਜੈਕਟ ਦੇ ਰੋਜੋ ਬੁਸ਼ਨੈਲ ਨੇ ਮੁਹਿੰਮ ਚਲਾਈ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਕੇਵਿਨ ਦੇ ਕੋਲ ਨਾ ਤਾਂ ਬੈਂਕ ਖਾਤਾ ਹੈ ਅਤੇ ਨਾ ਹੀ ਫੋਨ ਨੰਬਰ ਅਤੇ ਨਾ ਹੀ ਪਛਾਣ ਦਾ ਕੋਈ ਸਰਕਾਰੀ ਦਸਤਾਵੇਜ਼। ਫਿਲਹਾਲ ਉਹ ਅਪਣੇ ਭਰਾ ਦੇ ਘਰ ਰਹਿ ਰਹੇ ਹਨ। ਉਨ੍ਹਾਂ ਨੂੰ ਜਲਦ ਹੀ ਰਕਮ ਮਿਲ ਜਾਵੇਗੀ।