‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਵਿਚਕਾਰ ਸਰਹੱਦੀ ਵਿਵਾਦ ਉਲਝਦਾ ਜਾ ਰਿਹਾ ਹੈ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਹਿੰਸਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ (LAC) ‘ਤੇ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। ਜੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਰਹੱਦ ‘ਤੇ ਜੰਗ ਵਰਗੀ ਸਥਿਤੀ ਬਣ ਗਈ ਹੈ। ਸਰਹੱਦ ਉੱਤੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਖੜ੍ਹੀਆਂ ਹਨ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਚੀਨ ਹੁਣ ਆਪਣੇ ਸੈਨਿਕਾਂ ਨੂੰ ਮਾਰਸ਼ਲ ਆਰਟ ਦੀ ਸਿਖਲਾਈ ਵੀ ਦੇਣ ਜਾ ਰਿਹਾ ਹੈ। ਇਸ ਦੇ ਲਈ ਇੱਕ ਟ੍ਰੇਨਰ ਬਾਰਡਰ ‘ਤੇ ਭੇਜਿਆ ਜਾ ਰਿਹਾ ਹੈ।

ਭਾਰਤ-ਚੀਨ ਵਿਚਾਲੇ ਵਧ ਰਹੇ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਸੈਨਾ ਦੇ ਮੁਖੀ ਜਨਰਲ ਨਰਵਾਨੇ ਦੋ ਦਿਨਾਂ ਲਈ ਲੱਦਾਖ ਵਿਚ ਸਨ। ਆਰਮੀ ਚੀਫ ਦੇ ਲੱਦਾਖ ਦੇ ਦੌਰੇ ਤੋਂ ਇੱਕ ਦਿਨ ਬਾਅਦ ਹੀ ਭਾਰਤੀ ਹਥਿਆਰਬੰਦ ਸੈਨਾਵਾਂ ਨੇ ਅਸਲ ਕੰਟਰੋਲ ਰੇਖਾ ਉੱਤੇ  ਚੀਨੀ ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀਆਂ ਵੱਧ ਰਹੀਆਂ ਗਤੀਵਿਧੀਆਂ ਦੇ ਵਿਚਕਾਰ ਇੱਕ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦੀ ਤਾਇਨਾਤੀ ਕੀਤੀ ਹੈ।

 

ਭਾਰਤੀ ਫੌਜ ਵਲੋਂ ਚੀਨ ਨਾਲ ਲੱਗਦੀ 3,488 ਕਿਲੋਮੀਟਰ ਲੰਬੀ ਸਰਹੱਦ ’ਤੇ ਵਧੇਰੇ ਜਵਾਨ ਅਤੇ ਲੜਾਕੂ ਸਮੱਗਰੀ ਲਿਜਾਈ ਗਈ ਹੈ। ਭਾਰਤ ਅਤੇ ਚੀਨ ਵਿਚਾਲੇ ਪਿਛਲੇ ਅੱਠ ਹਫ਼ਤਿਆਂ ਤੋਂ ਬਣੀ ਤਲਖ਼ੀ ਦੇ ਮੱਦੇਨਜ਼ਰ ਭਾਰਤ ਵੱਲੋਂ ਸਰਹੱਦ ’ਤੇ ਪਿਛਲੇ ਕੁਝ ਸਾਲਾਂ ਨਾਲੋਂ ਸਭ ਤੋਂ ਵੱਡੀ ਤਾਇਨਾਤੀ ਕੀਤੀ ਗਈ ਹੈ।

ਸੂਤਰਾਂ ਅਨੁਸਾਰ ਭਾਰਤੀ ਫੌਜ ਵੱਲੋਂ ਪੂਰਬੀ ਲੱਦਾਖ ਖੇਤਰ ਵਿੱਚ ਤਿੰਨ ਹੋਰ ਡਿਵੀਜ਼ਨਾਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਅਸਲ ਕੰਟਰੋਲ ਰੇਖਾ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਜਾ ਸਕੇ। ਟੈਂਕਾਂ ਅਤੇ ਤੋਪਾਂ ਤੋਂ ਇਲਾਵਾ ਫੌਜ ਵੱਲੋਂ ਆਪਣੀਆਂ ਆਧੁਨਿਕ ਅਤੇ ਤੇਜ਼ ਰਫ਼ਤਾਰ ਵਾਲੀਆਂ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਜਿਨ੍ਹਾਂ ’ਚ ਆਕਾਸ਼ ਮਿਜ਼ਾਈਲ ਵੀ ਸ਼ਾਮਲ ਹੈ, ਤਾਇਨਾਤ ਕੀਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ। ਭਾਰਤੀ ਹਵਾਈ ਫੌਜ ਨੇ ਲੱਦਾਖ ਲਈ ਕਈ ਐੱਸਏਜੀਡਬਲਿਯੂ ਸਿਸਟਮ ਤਾਇਨਾਤ ਕੀਤੇ ਹਨ। ਸਰਹੱਦ ’ਤੇ ਵਧੇਰੇ ਬਲਾਂ ਅਤੇ ਲੜਾਕੂ ਸਮੱਗਰੀ ਦੀ ਤਾਇਨਾਤੀ ਉਸ ਸਮੇਂ ਕੀਤੀ ਗਈ, ਜਦੋਂ ਲੱਦਾਖ ਦੇ ਚੁਸ਼ੂਲ-ਮੋਲਦੋ ਵਿੱਚ ਫੌਜੀ ਕਮਾਂਡਰਾਂ ਵਿਚਾਲੇ ਗੱਲਬਾਤ ਸਹਿਮਤੀ ’ਤੇ ਖ਼ਤਮ ਹੋ ਗਈ ਹੈ। ਪੂਰਬੀ ਲੱਦਾਖ ਦੇ ਚਾਰ ਮੁੱਖ ਖੇਤਰਾਂ ਗਲਵਾਨ ਵਾਦੀ, ਹੌਟ ਸਪਰਿੰਗਜ਼, ਦੇਪਸਾਂਗ ਅਤੇ ਪੈਂਗੌਂਗ ਝੀਲ ’ਤੇ ਸਥਿਤੀ ਤਣਾਅਪੂਰਵਕ ਬਣੀ ਹੋਈ ਹੈ।