ਇੰਗਲੈਂਡ ਦੀ ਲੇਬਰ ਪਾਰਟੀ ਨੇ ਸਹੁੰ ਚੁੱਕੀ ਹੈ ਕਿ ਉਹ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ 1984 ਵਿੱਚ ਕੀਤੇ ਫੌਜੀ ਹਮਲੇ ਦੀ ਕਾਰਵਾਈ ਵਿੱਚ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਇਲਜ਼ਾਮਾਂ ਤੇ ਭੂਮਿਕਾ ਦੀ ਵਿਸਥਾਰ ਨਾਲ ਜਾਂਚ ਕਰਵਾਉਗੇ। ਜੇ 4 ਜੁਲਾਈ ਨੂੰ UK ਵਿੱਚ ਹੋਣ ਵਾਲੀਆਂ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਜਿੱਤ ਜਾਂਦੀ ਹੈ ਤਾਂ ਉਹ 1984 ਘੱਲੂਘਾਰਾ ਵਿੱਚ ਇੰਗਲੈਂਡ ਦੀ ਭੂਮਿਕਾ ਦੀ ਜਾਂਚ ਸ਼ੁਰੂ ਕਰੇਗੀ। ਲੇਬਰ ਪਾਰਟੀ ਨੇ ਇਹ ਗੱਲ ਕਹੀ ਹੈ ਕਿਉਂਕਿ UK ‘ਚ ਕਰਵਾਏ ਗਏ ਚੋਣ ਸਰਵੇਖਣ ‘ਚ ਇਸ ਵਾਰ ਆਮ ਚੋਣਾਂ ‘ਚ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਹੈ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਲੇਬਰ ਪਾਰਟੀ ਨੇ ਸਹੁੰ ਚੁੱਕੀ ਹੈ ਕਿ ਉਹ ਸ੍ਰੀ ਹਰਿਮੰਦਰ ਸਾਹਿਬ ‘ਤੇ ਭਾਰਤੀ ਫੌਜ ਦੀ ਕਾਰਵਾਈ ਵਿੱਚ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਇਲਜ਼ਾਮਾਂ ਤੇ ਭੂਮਿਕਾ ਦੀ ਵਿਸਥਾਰ ਨਾਲ ਜਾਂਚ ਕਰਵਾਉਗੇ। ਲੇਬਰ ਪਾਰਟੀ ਦੇ ਉਮੀਦਵਾਰ ਜ਼ਰਾਹ ਸੁਲਤਾਨਾ (Zarah Sultana) ਨੇ ਵੀ ਕਿਹਾ ਕਿ ਥੈਚਰ ਸਰਕਾਰ (Margaret Thatcher) ਵੱਲੋਂ ਨਿਭਾਈ ਗਈ ਭੂਮਿਕਾ ਰਹੱਸਮਈ ਹੈ। ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਲਿਆਉਣ ਲਈ ਜਾਂਚ ਦੀ ਮੰਗ ਨੂੰ ਲੈ ਕੇ ਮੈਂ ਸਿੱਖ ਕੌਮ ਦੇ ਨਾਲ ਖੜ੍ਹਾ ਹਾਂ।
ਦੱਸ ਦੇਈਏ 6 ਜੂਨ, 1984 ਨੂੰ, ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਤੋਂ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਬਾਹਰ ਕੱਢਣ ਲਈ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ‘ਆਪਰੇਸ਼ਨ ਬਲੂ ਸਟਾਰ’ ਨਾਂ ’ਤੇ ਫੌਜੀ ਕਾਰਵਾਈ ਕੀਤੀ ਗਈ ਸੀ। ਇਸ ਫੌਜੀ ਕਾਰਵਾਈ ਨੂੰ ਲੈ ਕੇ ਕੁਝ ਖ਼ੁਫੀਆ ਦਸਤਾਵੇਜ਼ ਵੀ ਸਾਹਮਣੇ ਆਏ ਸਨ। ਇਨ੍ਹਾਂ ‘ਚ ਇਸ ਕਾਰਵਾੀ ਵਿੱਚ ਇੰਗਲੈਂਡ ਦੀ ਭੂਮਿਕਾ ‘ਤੇ ਸਵਾਲ ਚੁੱਕੇ ਗਏ ਸਨ।
ਬੀਬੀਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦੇ ਅਨੁਸਾਰ, ਇੰਗਲੈਂਡ ਦੀ ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਬ੍ਰਿਟਿਸ਼ ਸਪੈਸ਼ਲ ਏਅਰ ਸਰਵਿਸ (ਐਸਏਐਸ) ਨੇ ਇਸ ਪੂਰੀ ਕਾਰਵਾਈ ਵਿੱਚ ਮਦਦ ਕੀਤੀ ਸੀ। ਬ੍ਰਿਟੇਨ ਨੇ ਫੌਜੀ ਹਮਲੇ ਤੋਂ ਪਹਿਲਾਂ, ਸ੍ਰੀ ਦਰਬਾਰ ਸਾਹਿਬ ਤੋਂ ਸਿੱਖ ਖਾੜਕੂਆਂ ਦਾ ਸਫ਼ਾਇਆ ਕਰਨ ਦੀ ਯੋਜਨਾ ਉਲੀਕਣ ਲਈ ਫਰਵਰੀ ਵਿੱਚ ਇੱਕ SAS ਅਧਿਕਾਰੀ ਨੂੰ ਭਾਰਤ ਭੇਜਿਆ ਸੀ ਅਤੇ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indira Gandhi) ਵੱਲੋਂ ਅਜਿਹਾ ਕਰਨ ਲਈ ਕਿਹਾ ਗਿਆ ਸੀ।
2014 ਵਿੱਚ ਇਨ੍ਹਾਂ ਦਸਤਾਵੇਜ਼ਾਂ ਦੇ ਜਾਰੀ ਹੋਣ ਤੋਂ ਬਾਅਦ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਵੀ ਇਸ ਸਬੰਧ ਵਿੱਚ ਜਾਂਚ ਦੇ ਹੁਕਮ ਦਿੱਤੇ ਸਨ। ਇਹ ਫਰਵਰੀ 2014 ਵਿੱਚ ਪ੍ਰਕਾਸ਼ਿਤ ਹੇਵੁੱਡ ਰਿਵਿਊ ਵਿੱਚ ਖ਼ੁਲਾਸੇ ਤੋਂ ਬਾਅਦ ਹੋਇਆ ਸੀ ਕਿ 23,000 ਤੋਂ ਵੱਧ ਦਸਤਾਵੇਜ਼ਾਂ ‘ਤੇ ਆਧਾਰਿਤ ਸਮੀਖਿਆ ਵਿੱਚ ‘ਸੀਮਤ ਫੌਜੀ ਸਲਾਹ’ ਤੋਂ ਇਲਾਵਾ ਜੂਨ 1984 ਦੇ ਘੱਲੂਘਾਰੇ ਵਿੱਚ ਯੂਕੇ ਦੀ ਸਹਾਇਤਾ ਦਾ ਕੋਈ ਰਿਕਾਰਡ ਨਹੀਂ ਮਿਲਿਆ। ਹਾਲਾਂਕਿ, ਸਰਕਾਰ ਨੂੰ ਦੋਸ਼ੀ ਠਹਿਰਾਉਣ ਵਾਲੇ ਇਨ੍ਹਾਂ ਦਸਤਾਵੇਜ਼ਾਂ ਦੇ ਜਾਰੀ ਹੋਣ ਦੇ ਬਾਵਜੂਦ, ਘੱਲੂਘਾਰੇ ਵਿੱਚ ਮਾਰਗਰੇਟ ਥੈਚਰ ਦੀ ਸ਼ਮੂਲੀਅਤ ਬਾਰੇ ਕੋਈ ਸੁਤੰਤਰ ਜਨਤਕ ਜਾਂਚ ਨਹੀਂ ਕਰਵਾਈ ਗਈ ਸੀ।
ਚੋਣ ਸਰਵੇਖਣ ਮੁਤਾਬਕ ਬ੍ਰਿਟੇਨ ‘ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਤੋਂ ਇਲਾਵਾ ਇਸ ਵਾਰ ਲੇਬਰ ਪਾਰਟੀ ਚੋਣਾਂ ‘ਚ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰ ਸਕਦੀ ਹੈ। ਇਸ ਸਮੇਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਹਨ ਤੇ ਉਹ ਕੰਜ਼ਰਵੇਟਿਵ ਪਾਰਟੀ ਤੋਂ ਹਨ। ਸਰਵੇਖਣ ਕਰਨ ਵਾਲੀ ਏਜੰਸੀ YouGov ਨੇ ਇਸ ਦੇ ਭਾਰੀ ਬਹੁਮਤ ਦੀ ਭਵਿੱਖਬਾਣੀ ਕੀਤੀ ਹੈ।
ਡਿਪਟੀ ਲੇਬਰ ਲੀਡਰ ਐਂਜੇਲਾ ਰੇਨਰ ਨੇ ਕਿਹਾ ਕਿ ਜਿਵੇਂ ਅਸੀਂ ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜੀ ਹਮਲੇ ਦੀ 40ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਬਰਤਾਨੀਆ ਵੱਲੋਂ ਨਿਭਾਈ ਗਈ ਇਤਿਹਾਸਕ ਭੂਮਿਕਾ ਦੀ ਜਾਂਚ ਦੀ ਮੰਗ ਕਰਨ ਲਈ ਲੇਬਰ ਸਿੱਖ ਭਾਈਚਾਰੇ ਦੇ ਨਾਲ ਖੜ੍ਹੀ ਹੈ।