Punjab

ਬਾਜਵਾ ਅਤੇ ਧਾਲੀਵਾਲ ਦੇ ਸਿੰਗ ਫਸੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਦੀ ਅਲਫ਼ਾ ਸਿਟੀ ਜ਼ਮੀਨ ਨੂੰ ਲੈ ਕੇ ਸਾਬਕਾ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਮੌਜੂਦਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਸਿੰਗ ਫਸ ਗਏ ਹਨ। ਆਮ ਆਦਮੀ ਪਾਰਟੀ ਨੇ ਸਾਬਕਾ ਮੰਤਰੀ ਬਾਜਵਾ ਉੱਤੇ ਪੰਚਾਇਤੀ ਜ਼ਮੀਨ  ਨੂੰ ਵੇਚ ਕੇ ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਾਇਆ ਹੈ।

ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ

ਕੁਲਦੀਪ ਧਾਲੀਵਾਲ ਨੇ ਦੋਸ਼ ਲਾਇਆ ਕਿ ਅਲਫ਼ਾ ਸਿਟੀ ਵਾਲਿਆਂ ਨੇ ਪੰਚਾਇਤ ਤੋਂ ਮਤਾ ਪਵਾ ਕੇ ਉਸ ਸਮੇਂ ਦੀ ਅਕਾਲੀ ਦਲ ਦੀ ਪੰਚਾਇਤ ਤੋਂ ਜ਼ਮੀਨ ਖਰੀਦ ਲਈ ਸੀ। ਪਰ ਸਰਕਾਰੀ ਫਾਰਮੈਲਿਟੀ ਪੂਰੀ ਹੋਣ ਤੱਕ ਪੰਜਾਬ ਵਿੱਚ ਕਾਂਗਰਸ ਸਰਕਾਰ ਬਣ ਗਈ ਸੀ ਅਤੇ ਉਸ ਵੇਲੇ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਜ਼ਮੀਨ ਵੇਚਣ ਦੇ ਹੁਕਮ ਦਿੱਤੇ ਸਨ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਦੇ ਰਾਜ ਵਿੱਚ ਇੱਕ ਨਹੀਂ ਕਈ ਕਾਲੋਨੀਆਂ ਕੱਟੀਆਂ ਗਈਆਂ ਸਨ ਅਤੇ ਸਾਰਿਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਧਾਲੀਵਾਲ ਨੇ ਕਿਹਾ ਕਿ ਲੋਕ ਤਾਂ ਇਹ ਕਹਿੰਦੇ ਸਨ ਕਿ ਰਸੂਖਦਾਨਾਂ ਨੇ ਜ਼ਮੀਨ ਉੱਤੇ ਨਾਜਾਇਜ਼ ਕਬਜ਼ੇ ਨਹੀਂ ਛੱਡਣੇ ਪਰ ਸਰਕਾਰ ਨੇ ਟੀਚੇ ਤੋਂ ਵੱਧ 5400 ਏਕੜ ਜ਼ਮੀਨ ਛੁਡਾ ਲਈ ਹੈ। ਉਨ੍ਹਾਂ ਨੇ ਮੁਹਿੰਮ ਅੱਗੇ ਵੀ ਜਾਰੀ ਰੱਖਣ ਦਾ ਦਾਅਵਾ ਕੀਤਾ।

ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਕੋਲ ਪੈਂਦੀ ਇੱਕ ਮਹਿੰਗੇ ਭਾਅ ਦੀ ਜ਼ਮੀਨ ਕੌਡੀਆਂ ਦੇ ਮੁੱਲ ਵੇਚ ਦਿੱਤੀ। ਅਕਾਲੀ ਦਲ ਨੇ ਦੋਵੇਂ ਕੇਸ ਜਾਂਚ ਲਈ ਸੀਬੀਆਈ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ। ਚੇਤੇ ਕਰਾਇਆ ਜਾਂਦਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਉਨ੍ਹਾਂ ਉੱਤੇ ਅੰਮ੍ਰਿਤਸਰ ਦੇ ਨਾਲ ਲੱਗਦੀ ਜ਼ਮੀਨ ਕੌਡੀਆਂ ਭਾਅ ਅਲਾਟ ਕਰਨ ਦੇ ਦੋਸ਼ਾਂ ਵਿੱਚ ਇੱਕ ਪ੍ਰੈੱਸ ਕਾਨਫਰੰਸ ਸੱਦ ਕੇ ਸਪੱਸ਼ਟੀਕਰਨ ਦੇਣਾ ਪਿਆ ਸੀ।