ਅੰਮ੍ਰਿਤਸਰ : ਆਸਟ੍ਰੇਲੀਆ, ਮਲੇਸ਼ੀਆ, ਸਿੰਗਾਪੁਰ, ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਤੋਂ ਅੰਮ੍ਰਿਤਸਰ, ਤੱਕ ਦਾ ਹਵਾਈ ਸਫਰ ਹੁਣ ਹੋਰ ਸੁਖਾਲਾ ਹੋ ਜਾਵੇਗਾ। ਆਸਟ੍ਰੇਲੀਆ (Australia) ਸਮੇਤ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਪ੍ਰਵਾਸੀਆਂ ਅਤੇ ਸੈਲਾਨੀਆਂ ਲਈ ਵੱਡੀ ਖੁਸ਼ਖਬਰੀ ਹੈ। ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਚਕਾਰ ਮਲੇਸ਼ੀਆ ਦੀ ਮਲਿੰਡੋ ਏਅਰ ਵਲੋਂ 9 ਸਤੰਬਰ ਤੋਂ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਪੰਜਾਬ ਅਤੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚਕਾਰ ਹਵਾਈ ਸਫ਼ਰ ਕਰਨਾ ਹੋਰ ਸੁਖਾਲਾ ਹੋ ਜਾਵੇਗਾ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਤੋਂ ਮਲੇਸ਼ੀਆ ਅਤੇ ਆਸਟ੍ਰੇਲੀਆ ਲਈ ਯਾਤਰੀਆਂ ਦੀ ਗਿਣਤੀ ਮੁੜ ਵਧਣ ਅਤੇ ਹੋਰ ਉਡਾਣਾਂ ਦੀ ਲਗਾਤਾਰ ਮੰਗ ਤੋਂ ਬਾਅਦ ਮਲਿੰਡੋ ਏਅਰ ਦੀਆਂ ਉਡਾਣਾਂ ਦੇ ਮੁੜ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ ਹੁਣ ਕੁਆਲਾਲੰਪੁਰ ਦੇ ਨਾਲ-ਨਾਲ ਆਸਟ੍ਰੇਲੀਆ ਦੇ ਮੈਲਬੋਰਨ, ਪਰਥ, ਬ੍ਰਿਸਬੇਨ, ਇੰਡੋਨੇਸ਼ੀਆ ਦੇ ਬਾਲੀ, ਬੈਂਕਾਕ ਅਤੇ ਹੋਰ ਮੁਲਕਾਂ ਦਾ ਸਫਰ ਹੋਰ ਆਸਾਨ ਹੋ ਜਾਵੇਗਾ।

ਗੁਮਟਾਲਾ ਨੇ ਦੱਸਿਆ ਕਿ ਸਿੰਗਾਪੁਰ ਏਅਰਲਾਈਨਜ਼ ਗਰੁੱਪ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਸਕੂਟ ਵੀ ਫਰਵਰੀ 2022 ਤੋਂ ਅੰਮ੍ਰਿਤਸਰ ਅਤੇ ਸਿੰਗਾਪੁਰ ਵਿਚਕਾਰ ਉਡਾਣਾਂ ਸ਼ੁਰੂ ਕਰਨ ਤੋਂ ਬਾਅਦ ਹੁਣ ਹਫਤੇ ਵਿੱਚ ਪੰਜ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ। ਸਕੂਟ ਵੀ ਆਪਣੀ ਭਾਈਵਾਲ ਸਿੰਗਾਪੁਰ ਏਅਰ ਦੇ ਨਾਲ ਅੰਮ੍ਰਿਤਸਰ ਨੂੰ ਆਸਟ੍ਰੇਲੀਆ (ਮੇਲਬੋਰਨ, ਸਿਡਨੀ, ਬ੍ਰਿਸਬੇਨ, ਪਰਥ), ਅਮਰੀਕਾ (ਸਿਆਟਲ, ਸੈਨ ਫ੍ਰਾਂਸਿਸਕੋ, ਲਾਸ ਏਂਜਲਸ) ਅਤੇ ਕੈਨੇਡਾ ਦੇ ਵੈਨਕੂਵਰ ਸਮੇਤ ਦੁਨੀਆ ਭਰ ਦੇ ਹੋਰ ਕਈ ਹਵਾਈ ਅੱਡਿਆਂ ਨਾਲ ਜੋੜ ਰਹੀ ਹੈ ਜਿੱਥੇ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਵੱਸਦਾ ਹੈ।

Sameep Singh Gumtala
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ

ਮਲਿੰਡੋ ਏਅਰ ਜੋ ਕਿ ਹੁਣ ਬੈਟਿਕ ਏਅਰ ਵਜੋਂ ਜਾਣੀ ਜਾਂਦੀ ਹੈ, ਦੀ ਵੈੱਬਸਾਈਟ ਉੱਤੇ ਦਿੱਤੇ ਪ੍ਰੋਗਰਾਮ ਦੇ ਮੁਤਾਬਕ :

  • ਏਅਰਲਾਈਨ ਸਤੰਬਰ ਵਿੱਚ ਸ਼ੁੱਕਰਵਾਰ ਅਤੇ ਐਤਵਾਰ ਨੂੰ 2-ਹਫਤਾਵਾਰੀ
  • ਅਕਤੂਬਰ ਵਿੱਚ ਤਿੰਨ
  • ਨਵੰਬਰ ਤੋਂ ਚਾਰ ਹਫਤਾਵਾਰੀ ਉਡਾਣਾਂ ਦਾ ਸੰਚਾਲਨ ਕਰੇਗੀ।
  • ਇਹ ਉਡਾਣ ਕੁਆਲਾਲੰਪੁਰ ਤੋਂ ਸ਼ਾਮ 6:15 ਵਜੇ ਰਵਾਨਾ ਹੋਵੇਗੀ ਅਤੇ ਰਾਤ 9:40 ਵਜੇ ਅੰਮ੍ਰਿਤਸਰ ਪਹੁੰਚੇਗੀ।
  • ਇਹੀ ਜਹਾਜ਼ ਫਿਰ ਰਾਤ ਨੂੰ 10:30 ਵਜੇ ਵਾਪਸੀ ਦੀ ਉਡਾਣ ਭਰੇਗਾ ਅਤੇ ਸਵੇਰੇ 6:50 ਵਜੇ ਕੁਆਲਾਲੰਪੁਰ ਪਹੁੰਚੇਗਾ।
  • ਏਅਰਲਾਈਨ ਇਸ ਰੂਟ ਉੱਤੇ ਆਪਣੇ ਬੋਇੰਗ 737-8 ਜਹਾਜ਼ ਦੀ ਵਰਤੋਂ ਕਰੇਗੀ।

ਗੁਮਟਾਲਾ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਦੀ ਆਮਦ ਤੋਂ ਪਹਿਲਾਂ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸੰਪਰਕ ਨੂੰ ਇਹ ਇੱਕ ਹੋਰ ਵੱਡਾ ਹੁਲਾਰਾ ਹੈ। ਖਾਸਕਰ ਜਦੋਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਜਾਬ ਦਾ ਦੌਰਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮਲੇਸ਼ੀਆ ਲਈ ਉਡਾਣਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਦਾ ਸਭ ਤੋਂ ਵੱਡਾ ਹਵਾਈ ਅੱਡਾ ਅੰਮ੍ਰਿਤਸਰ, ਲੰਡਨ, ਬਰਮਿੰਘਮ, ਦੁਬਈ, ਸ਼ਾਰਜਾਹ, ਦੋਹਾ ਅਤੇ ਸਿੰਗਾਪੁਰ ਸਮੇਤ ਵਿਦੇਸ਼ ਦੇ 8 ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲ ਸਿੱਧਾ ਜੁੜ ਜਾਵੇਗਾ। ਗੁਮਟਾਲਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹਵਾਈ ਅੱਡੇ ਲਈ ਬੱਸ ਸੇਵਾ ਸ਼ੁਰੂ ਕਰਨ ਦੀ ਬੇਨਤੀ ਕਰ ਰਹੇ ਹਾਂ, ਜਿਸ ਨਾਲ ਯਾਤਰੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ।