ਚੰਡੀਗੜ੍ਹ : ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ) Meet Hayer) ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇੰਨਾ ਹੀ ਨਹੀਂ ਉਸ ਨੇ ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਹੇ ਵਿਅਕਤੀ ਨਾਲ ਨੇੜਤਾ ਬਾਰੇ ਵੀ ਪੁੱਛਿਆ ਹੈ।
ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਕਿ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਜੀਵਨਜੋਤ ਉਰਫ਼ ਜੁਗਨੂੰ ਨਜ਼ਰ ਆ ਰਿਹਾ ਹੈ। ਇਹ ਉਹੀ ਜੁਗਨੂੰ ਹੈ, ਜਿਸ ਦਾ ਨਾਮ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਾਇਰ ਚਾਰਜਸ਼ੀਟ ਵਿੱਚ ਹੈ।
ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਖਹਿਰਾ ਨੇ ਲਿਖਿਆ-”ਮੈਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ ਪੱਤਰ ‘ਚ ਨਾਮਜ਼ਦ ਕੀਤੇ ਗਏ ਜੀਵਨਜੋਤ ਉਰਫ ਜੁਗਨੂੰ ਨਾਲ ਆਪਣੀ ਨੇੜਤਾ ਦਾ ਖੁਲਾਸਾ ਕਰੇ।
ਕਿਉਂਕਿ ਉਹ ਆਪਣੇ ਪਰਿਵਾਰਕ ਸਮਾਗਮਾਂ ‘ਚ ਸ਼ਾਮਲ ਹੋਣ ਤੋਂ ਇਲਾਵਾ ਹੇਅਰ ਨਾਲ ਚੋਣ ਪ੍ਰਚਾਰ ਕਰਦੇ ਨਜ਼ਰ ਆ ਚੁੱਕੇ ਹਨ। ਖਹਿਰਾ ਨੇ ਕਿਹਾ ਕਿ ਇਹ ਬਲਕੌਰ ਸਿੰਘ ਮੂਸੇਵਾਲਾ ਦੇ ਦੋਸ਼ਾਂ ਨੂੰ ਸਾਬਤ ਕਰਦਾ ਹੈ ਕਿ ਭਗਵੰਤ ਮਾਨ ਸਰਕਾਰ ਜਾਣਬੁੱਝ ਕੇ ਦੋਸ਼ੀਆਂ ਨੂੰ ਬਚਾ ਰਹੀ ਹੈ ਅਤੇ ਵਹਿਸ਼ੀਆਨਾ ਕਤਲ ਲਈ ਇਨਸਾਫ਼ ਤੋਂ ਇਨਕਾਰ ਕਰ ਰਹੀ ਹੈ।
ਪੁਲੀਸ ਵੱਲੋਂ ਦਾਖ਼ਲ ਚਾਰਜਸ਼ੀਟ ਵਿੱਚ ਜੀਵਨਜੋਤ ਦਾ ਨਾਂ ਦਰਜ ਹੈ ਪਰ ਪੁਲੀਸ ਨੇ ਇਸ ਨੂੰ ਕਾਲਮ ਨੰਬਰ 2 ਵਿੱਚ ਰੱਖਿਆ ਹੋਇਆ ਹੈ। ਮਤਲਬ ਕਿ ਨਾ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਾ ਹੀ ਉਸ ਦੇ ਨਾਂ ‘ਤੇ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਪੁਲਸ ਨੇ ਉਸ ਦੇ ਨਾਂ ਅੱਗੇ ਲਿਖਿਆ ਹੈ ਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਅਤੇ ਉਸ ਦੇ ਨਾਂ ‘ਤੇ ਅਜੇ ਤੱਕ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ ਹੈ।
ਸੁਖਪਾਲ ਖਹਿਰਾ ਹੀ ਨਹੀਂ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ‘ਆਪ’ ਸਰਕਾਰ ਖਿਲਾਫ ਬੋਲਦੇ ਰਹੇ ਹਨ। ਬਲਕੌਰ ਸਿੰਘ ਦਾ ਦਾਅਵਾ ਹੈ ਕਿ ਸੁਰੱਖਿਆ ਘਟਾਉਣ ਅਤੇ ਉਸ ਦੀ ਰਿਪੋਰਟ ਜਨਤਕ ਕਰਨ ਕਾਰਨ ਮੂਸੇਵਾਲਾ ਦੀ ਮੌਤ ਹੋਈ।