‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਲੰਬੇ ਇੰਤਜ਼ਾਰ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅੱਜ ਤੋਂ ਦੋ ਰੋਜ਼ਾ ਕਿਸਾਨ ਮੇਲੇ ਦੀ ਸ਼ੁਰੂਆਤ ਹੋ ਗਈ ਹੈ। ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਇਸ ਮੇਲੇ ਵਿੱਚ ਸ਼ਿਰਕਤ ਕਰ ਰਹੇ ਹਨ। ਇਹ ਮੇਲਾ ਕੱਲ੍ਹ ਤੱਕ ਚੱਲੇਗਾ। ਪਿਛਲੇ ਦੋ ਸਾਲਾਂ ਤੋਂ ਕਰੋਨਾ ਮਹਾਂਮਾਰੀ ਦੀ ਵਜ੍ਹਾ ਕਰਕੇ ਵਰਚੁਅਲ ਕਿਸਾਨ ਮੇਲੇ ਲੱਗ ਰਹੇ ਸਨ। ਇਸ ਮਹਾਂਮਾਰੀ ਦੀ ਵਜ੍ਹਾ ਕਰਕੇ ਕਿਸਾਨਾਂ ਨੂੰ ਆਪਣੇ ਘਰਾਂ ਵਿੱਚ ਬੈਠ ਕੇ ਹੀ ਇੰਟਰਨੈੱਟ ਦੇ ਜ਼ਰੀਏ ਖੇਤੀਬਾੜੀ ਮਾਹਿਰਾਂ ਤੋਂ ਨਵੇਂ ਬੀਜਾਂ ਦੀ ਜਾਣਕਾਰੀ ਹਾਸਿਲ ਕਰਨ ਦੇ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ।

 

ਕੀ ਹੈ ਕਿਸਾਨ ਮੇਲੇ ਦਾ ਥੀਮ ?

ਇਸ ਵਾਰ ਕਿਸਾਨ ਮੇਲੇ ਦਾ ਥੀਮ ਹੈ ‘ਕਿਸਾਨੀ, ਜਵਾਨੀ ਅਤੇ ਪੌਣ ਪਾਣੀ ਬਚਾਈਏ, ਆਉ ਰੰਗਲਾ ਪੰਜਾਬ ਬਣਾਈਏ।’ ਮੇਲੇ ਵਿੱਚ ਕਿਸਾਨਾਂ ਦੇ ਲਈ ਵੱਖ ਵੱਖ ਫਸਲਾਂ, ਸਬਜ਼ੀਆਂ ਦੇ ਪੌਦਿਆਂ, ਫ਼ਲ ਅਤੇ ਫੁੱਲਾਂ ਦੇ ਬੂਟਿਆਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਔਸ਼ਦੀ ਪੌਦਿਆਂ ਸਮੇਤ ਟਰੇਆਂ ਵਿੱਚ ਤਿਆਰ ਕੀਤੀ ਪਨੀਰੀ ਵੀ ਕਿਸਾਨਾਂ ਦਾ ਧਿਆਨ ਖਿੱਚ ਰਹੀ ਹੈ।

ਕਿਸਾਨ ਮੇਲੇ ਵਿੱਚ ਕਿਸਾਨਾਂ ਦੇ ਲਈ ਖੇਤੀਬਾੜੀ ਦੇ ਨਵੇਂ ਸੰਦ ਲਗਾਏ ਗਏ ਹਨ। ਕਿਸਾਨਾਂ ਦੇ ਲਈ ਖਾਣ ਪੀਣ ਦੇ ਲਈ ਸਟਾਲ ਵੀ ਲਗਾਏ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਨ। ਉਨ੍ਹਾਂ ਸਮੇਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਦੇ ਲਈ ਪਹੁੰਚੇ।

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਵੀ ਦੋ ਰੋਜ਼ਾ ਪਸ਼ੂ ਪਾਲਣ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਮੇਲਾ ਅੱਜ ਅਤੇ ਕੱਲ੍ਹ ਤੱਕ ਚੱਲੇਗਾ। ਇਸ ਮੇਲੇ ਦਾ ਨਾਅਰਾ ‘ਵਿਗਿਆਨ ਦਾ ਫੜੋ ਲੜ, ਸਿਖਰਾਂ ’ਤੇ ਜਾਓ ਚੜ੍ਹ’ ਰੱਖਿਆ ਗਿਆ ਹੈ।

ਸਫ਼ਲਤਾ ਦੇ ਤਿੰਨ ਸੱਸੇ

ਕਿਸਾਨ ਮੇਲੇ ਵਿੱਚ ਕੁਝ ਨੌਜਵਾਨ ਇੱਕ ਅਲੱਗ ਤਰੀਕੇ ਦਾ ਪੋਸਟਰ ਫੜੇ ਹੋਏ ਵੀ ਦਿਖਾਈ ਦਿੱਤੇ। ਪੋਸਟਰਾਂ ਵਿੱਚ ਤਿੰਨ ‘ਸ’ ਨੂੰ ਸਫ਼ਲਤਾ ਦਾ ਰਾਜ਼ ਦੱਸਿਆ ਗਿਆ। ਇਨ੍ਹਾਂ ਤਿੰਨ ‘ਸ’ ਸ਼ਬਦ ਦੇ ਅਰਥ ਸਨ : ਸੈਲਫ਼ ਸਟੱਡੀ, ਸਕਿੱਲ ਅਤੇ ਸਕਾਲਰਸ਼ਿਪ। ਇਸਦੇ ਨਾਲ ਹੀ ਬੱਚਿਆਂ ਨੂੰ ਕਿਤਾਬਾਂ ਪੜ ਕੇ ਆਗੂ ਬਣਨ ਦਾ ਹੋਕਾ ਵੀ ਦਿੱਤਾ ਗਿਆ।

ਖ਼ਾਲਸਾ ਏਡ ਤੋਂ ਤਾਂ ਹਰ ਕੋਈ ਜਾਣੂ ਹੀ ਹੈ। ਜਿੱਥੇ ਵੀ ਕਿਤੇ ਮਦਦ ਦੀ ਲੋੜ ਹੋਵੇ, ਖ਼ਾਲਸਾ ਏਡ ਉੱਥੇ ਪਹਿਲਾਂ ਤੋਂ ਹੀ ਹਾਜ਼ਿਰ ਹੁੰਦਾ ਹੈ ਤਾਂ ਫਿਰ ਸੇਵਾ ਵਿੱਚ ਕਿਵੇਂ ਪਿੱਛੇ ਰਹਿ ਜਾਵੇ। ਕਿਸਾਨ ਮੇਲੇ ਵਿੱਚ ਖ਼ਾਲਸਾ ਏਡ ਆਪਣੀਆਂ ਸੇਵਾਵਾਂ ਦੇਣ ਦੇ ਲਈ ਪਹਿਲਾਂ ਦੀ ਤਰ੍ਹਾਂ ਹੀ ਹਾਜ਼ਿਰ ਹੈ। ਖ਼ਾਲਸਾ ਏਡ ਵੱਲੋਂ ਕਿਸਾਨਾਂ ਦੇ ਲਈ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ।

ਕੀ ਹੈ ਕਿਸਾਨ ਮੇਲਿਆਂ ਦਾ ਇਤਿਹਾਸ ?

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਲ ਭਰ ਵਿੱਚ ਦੋ ਵਾਰ ਹਾੜੀ ਅਤੇ ਸਾਉਣੀ ਦੌਰਾਨ ਕਿਸਾਨ ਮੇਲੇ ਲਗਾਏ ਜਾਂਦੇ ਹਨ। ਹਾੜੀ ਅਤੇ ਸਾਉਣੀ ਵਿੱਚ ਕਰੀਬ ਸੱਤ ਵੱਡੇ ਸੂਬਾ ਪੱਧਰੀ ਮੇਲੇ ਲੱਗਦੇ ਹਨ। ਬਾਕੀ ਕਰੀਬ 10 ਕੁ ਕਿਸਾਨ ਮੇਲੇ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਲੱਗਦੇ ਹਨ। ਸਭ ਤੋਂ ਪਹਿਲਾ ਕਿਸਾਨ ਮੇਲਾ 1967 ਵਿੱਚ ਲੁਧਿਆਣਾ ਵਿੱਚ ਲੱਗਿਆ ਸੀ। ਉਸ ਸਮੇਂ ਯੂਨੀਵਰਸਿਟੀ ਨਹੀਂ ਬਣੀ ਸੀ। ਕਿਸਾਨ ਮੇਲੇ ਲੱਗਣ ਤੋਂ ਤਕਰੀਬਨ ਪੰਜ ਸਾਲ ਬਾਅਦ ਯੂਨੀਵਰਸਿਟੀ ਹੋਂਦ ਵਿੱਚ ਆਈ ਸੀ।

ਕਿਸਾਨ ਮੇਲੇ ਲਗਾਉਣ ਦਾ ਮੁੱਖ ਮਕਸਦ ਕਿਸਾਨਾਂ ਨੂੰ ਨਵੇਂ ਬੀਜਾਂ ਦੀ ਜਾਣਕਾਰੀ ਦੇਣੀ, ਖੇਤੀਬਾੜੀ ਨਾਲ ਸਬੰਧਿਤ ਨਵੀਆਂ ਖੋਜਾਂ ਬਾਰੇ ਕਿਸਾਨਾਂ ਨੂੰ ਦੱਸਣਾ, ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਸੁਝਾਅ ਦਿੱਤੇ ਜਾਂਦੇ ਹਨ। ਸਿਰਫ਼ ਪੰਜਾਬ ਤੋਂ ਹੀ ਨਹੀਂ, ਬਲਕਿ ਵੱਖ ਵੱਖ ਥਾਵਾਂ ਤੋਂ ਕਿਸਾਨ ਇਨ੍ਹਾਂ ਮੇਲਿਆਂ ਦਾ ਹਿੱਸਾ ਬਣਦੇ ਹਨ।

ਮੀਂਹ ਕਰ ਸਕਦਾ ਹੈ ਮੇਲੇ ਨੂੰ ਪ੍ਰਭਾਵਿਤ

ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ ਕਿਸਾਨ ਮੇਲੇ ਦੀਆਂ ਰੌਣਕਾਂ ਘਟਾ ਸਕਦਾ ਹੈ। ਪੀਏਯੂ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਬੱਦਲਵਾਈ ਬਣੇ ਰਹਿਣ ਕਾਰਨ ਕਿਤੇ ਕਿਤੇ ਛਿੱਟੇ ਪੈਣਾ ਦਾ ਅਨੁਮਾਨ ਹੈ।