‘ਦ ਖ਼ਾਲਸ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਖੇਤੀ ਕਾਨੂੰਨਾਂ ਦੇ ਹੱਕ ‘ਚ ਦਿੱਤੇ ਗਏ ਬਿਆਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪਿਊਸ਼ ਗੋਇਲ ਦਾ ਬਿਆਨ ਕਾਰਪੋਰੇਟਜੀਵੀ ਹੋਣ ਦਾ ਸਬੂਤ ਹੈ। ਪਿਊਸ਼ ਗੋਇਲ ਨੇ ਕਿਹਾ ਸੀ ਕਿ ‘ਅਸੀਂ ਵਿਸ਼ਵ ਵਪਾਰ ਸੰਸਥਾ ਦੀ ਨੀਤੀ ਅਨੁਸਾਰ ਐੱਮਐੱਸਪੀ ’ਤੇ ਖਰੀਦ ਕਰ ਰਹੇ ਹਾਂ’।
ਪੰਧੇਰ ਨੇ ਕਿਹਾ ਕਿ ‘ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ ਹੈ। ਸਾਮਰਾਜੀ ਦਿਸ਼ਾ-ਨਿਰਦੇਸ਼ ਦੀ ਨੀਤੀ ਤਹਿਤ ਕਾਰਪੋਰੇਟ ਪੱਖੀ ਤਿੰਨੋਂ ਖੇਤੀ ਕਾਨੂੰਨ ਲਿਆਂਦੇ ਗਏ, ਜਿਸ ਦੀ ਤਸਦੀਕ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਬਿਆਨ ਤੋਂ ਹੋ ਜਾਂਦੀ ਹੈ। ਉਹਨਾਂ ਦਾ ਬਿਆਨ ਵਿਸ਼ਵ ਵਪਾਰ ਸੰਸਥਾ ਦੇ ਪੈ ਰਹੇ ਦਬਾਅ ਦਾ ਪ੍ਰਮਾਣ ਹੈ। ਪੰਧੇਰ ਨੇ ਕਿਸਾਨਾਂ, ਮਜ਼ਦੂਰਾਂ ਨੂੰ ਕਾਰਪੋਰੇਟ ਘਰਾਣਿਆਂ ਦੀਆਂ ਵਸਤੂਆਂ ਦਾ ਹੋਰ ਤੇਜ਼ੀ ਨਾਲ ਬਾਈਕਾਟ ਕਰਨ ਦੀ ਅਪੀਲ ਕੀਤੀ।
ਪੰਧੇਰ ਨੇ ਪੰਜਾਬ ਸਰਕਾਰ ਨੂੰ ਮੰਗ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਡਾ. ਆਹਲੂਵਾਲੀਆ ਕਮੇਟੀ ਦੇ ਖਰੜੇ ਨੂੰ ਰੱਦ ਕਰੇ, ਜਿਸ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਨੂੰ ਉਤਸ਼ਾਹਤ ਕਰਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਨਾਲ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਦਾ ਹੋਰ ਵਧੇਰੇ ਨੁਕਸਾਨ ਹੋਵੇਗਾ।
ਕਿਸਾਨ ਲੀਡਰਾਂ ਨੇ ਕਿਸਾਨੀ ਅੰਦੋਲਨ ਦੌਰਾਨ ਗ੍ਰਿਫਤਾਰ ਹੋਏ ਕਿਸਾਨਾਂ-ਮਜ਼ਦੂਰਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਰਿਹਾਈ ਲਈ ਸਾਰੇ ਹੀ ਕਾਨੂੰਨੀ ਸੈੱਲ ਆਪਣੇ ਪੱਧਰ ’ਤੇ ਕੰਮ ਕਰ ਰਹੇ ਹਨ। ਇਹ ਅੰਦੋਲਨ ਸਾਰੇ ਹੀ ਕਿਸਾਨਾਂ, ਮਜ਼ਦੂਰਾਂ ਨੂੰ ਰਿਹਾਅ ਕਰਵਾ ਕੇ ਕੇਸ ਵਾਪਸੀ ਕਰਵਾਏਗਾ।
ਜਥੇਬੰਦੀ ਨੇ ਨੌਦੀਪ ਕੌਰ ਨਾਲ ਹੋਏ ਧੱਕੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਪੰਧੇਰ ਨੇ ਸਿੰਘੂ ਬਾਰਡਰ ’ਤੇ 29 ਜਨਵਰੀ ਨੂੰ ਉਨ੍ਹਾਂ ਦੇ ਕੈਂਪ ਉੱਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਤੁਰੰਤ ਪਰਚੇ ਦਰਜ਼ ਕਰਨ ਦੀ ਮੰਗ ਵੀ ਕੀਤੀ।