India Punjab

ਪਹਿਲਵਾਨਾਂ ਦਾ ਧਰਨਾ: ਗ੍ਰਿਫ਼ਤਾਰ ਕੀਤੇ ਕਿਸਾਨ ਆਗੂ, ਵਿਰੋਧ ਵਜੋਂ ਪੰਜਾਬ ਭਰ ‘ਚ ਰੇਲਾਂ ਜਾਮ ਕਰਨ ਦਾ ਐਲਾਨ

Kisan Mazdoor Sangharsh Committee , Wrestlers protest, police

ਚੰਡੀਗੜ੍ਹ : ਦਿੱਲੀ ਦੇ ਜੰਤਰ ਮੰਤਰ ਵਿਖੇ ਐਥਲੀਟ ਪਹਿਲਵਾਨਾਂ ਵੱਲੋਂ ਲਗਾਏ ਧਰਨੇ ਨੂੰ ਸਮਰਥਨ ਦੇਣ ਗਏ ਕਿਸਾਨ ਮਜ਼ਦੂਰ ਜਥੇਬੰਦੀ ਦੇ ਵਫਦ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਹੈ।  ਇਸ ਦੇ ਵਿਰੋਧ ਵਜੋਂ ਕੱਲ ਨੂੰ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਰੇਲਾਂ ਜਾਮ ਕਰਨ ਦਾ ਐਲਾਨ ਕੀਤਾ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ, ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਪ੍ਰੈੱਸ ਨੂੰ ਦੱਸਿਆ ਕਿ ਭਾਜਪਾ ਸੰਸਦ ਅਤੇ ਕੁਸ਼ਤੀ ਮਹਾਂਸੰਘ ਦੇ ਮੁਖੀ ਬ੍ਰਿਜਭੁਸ਼ਣ ਸ਼ਰਨ ਸਿੰਘ ਵਲੋ ਮਹਿਲਾ ਪਹਿਲਵਾਨਾਂ ਨਾਲ ਯੋਨ ਸੋਸ਼ਣ ਕਰਨ ਖਿਲਾਫ ਪਹਿਲਵਾਨਾਂ ਵਲੋ ਜੰਤਰ ਮੰਤਰ ਦਿੱਲੀ ਵਿਖੇ ਪਿਛਲੇ 12 ਦਿਨਾਂ ਤੋਂ ਲਗਾਏ ਧਰਨੇ ਦੀ ਹਮਾਇਤ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜੱਥਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜਨ ਸਕੱਤਰ ਰਾਣਾ ਰਣਬੀਰ ਸਿੰਘ, ਸੂਬਾ ਆਗੂ ਡਾ:ਕੰਵਰਦਲੀਪ ਸਿੰਘ,ਸਤਨਾਮ ਸਿੰਘ ਹਰੀਕੇ, ਹਰਿਆਣਾ ਦੇ ਕਿਸਾਨ ਆਗੂ ਅਭਿਮੰਨਉ ਕੋਹਾੜ,ਸੰਜੇ ਖਰੇਟਾ ਦੀ ਅਗਵਾਈ ਹੇਠ ਜਾ ਰਹੇ ਜਥੇ ਨੂੰ ਦਿੱਲੀ ਪੁਲਿਸ ਵੱਲੋਂ ਦਿੱਲੀ ਸਿੰਘੁ ਬਾਰਡਰ ਵਿਖੇ ਗ੍ਰਿਫ਼ਤਾਰ ਕਰਕੇ ਬਵਾਨਾ ਥਾਣੇ ਲਿਜਾਇਆ ਗਿਆ ਹੈ। ਪੁਲਿਸ ਦੀ ਇਸ ਕਾਰਵਾਈ ਦਾ ਜਥੇਬੰਦੀ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।

ਜੰਤਰ-ਮੰਤਰ ‘ਤੇ ਦਿੱਲੀ ਪੁਲਿਸ ਨਾਲ ਹੋਇਆ ਇਹ ਕਾਰਾ ! ਪਹਿਲਵਾਨ ਬੋਲੇ ਕੀ ਇਹ ਦਿਨ ਦੇਖਣ ਲਈ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ ?

ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆ ਕਿਹਾ ਕਿ ਜੰਤਰ ਮੰਤਰ ਵਿਖੇ ਪੁਰਅਮਨ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਨਾ ਅਤੇ ਦੇਸ਼ ਵਾਸੀਆਂ ਵੱਲੋਂ ਉਸਦਾ ਸਮਰਥਨ ਕਰਨਾ ਲੋਕਤੰਤਰੀ ਅਤੇ ਜਮਹੂਰੀ ਹੱਕ ਹੈ,ਜੇਕਰ ਦਿੱਲੀ ਪੁਲਿਸ ਹਰਿਆਣਾ ਅਤੇ ਯੂ ਪੀ ਦੇ ਕਿਸਾਨ ਆਗੂਆਂ ਸਮੇਤ ਜਥੇਬੰਦੀ ਦੇ ਆਗੂਆਂ ਨੂੰ ਰਿਹਾਅ ਨਹੀਂ ਕਰਦੀ ਤਾਂ ਕੱਲ ਨੂੰ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਜਿਸਦੀ ਜਿੰਮੇਵਾਰ ਕੇਂਦਰ ਸਰਕਾਰ ਹੋਵੇਗੀ।

ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਪਹਿਲਵਾਨਾਂ ਨੂੰ ਨਿਆਂ ਦਿਵਾਉਣ ਦੀ ਜਗ੍ਹਾ ਮੁਲਜ਼ਮ ਭਾਜਪਾ ਸੰਸਦ ਬ੍ਰਿਜ਼ ਭੂਸ਼ਣ ਸ਼ਰਨ ਸਿੰਘ ਦੇ ਹੱਕ ਵਿੱਚ ਖੜਨਾ ਦੇਸ਼ ਹਿੱਤ ਲਈ ਚੰਗਾ ਸੰਕੇਤ ਨਹੀਂ ਹੈ। ਕੇਂਦਰ ਸਰਕਾਰ ਦੇਸ਼ ਦੇ ਆਮ ਲੋਕਾਂ ਲਈ ਕਨੂੰਨ ਕੁਝ ਹੋਰ ਅਤੇ ਭਾਜਪਾ ਆਗੂਆਂ ਲਈ ਕਾਨੂੰਨ ਕੁਝ ਹੋਰ ਵਰਤ ਰਹੀ ਹੈ,ਜਿਸਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।