‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਸਿਆਸੀ ਧਿਰਾਂ ਦੇ ਲੀਡਰਾਂ ਨੂੰ ਮੀਟਿੰਗ ਵਿੱਚ ਸੱਦਿਆ ਹੈ। ਇਹ ਮੀਟਿੰਗ ਸੈਕਟਰ-36 ਸਥਿਤ ਕਨਵੈਂਸਨ ਹਾਲ ਵਿੱਚ ਹੋ ਰਹੀ ਹੈ।ਜਾਣਕਾਰੀ ਅਨੁਸਾਰ ਭਾਜਪਾ ਨੂੰ ਇਸ ਮੀਟਿੰਗ ਲਈ ਨਹੀਂ ਬੁਲਾਇਆ ਗਿਆ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਹੋ ਰਹੀਆਂ ਹਨ।ਇਸ ਮੀਟਿੰਗ ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣਾਂ ਦੇ ਐਲਾਨ ਤੱਕ ਚੋਣ ਪ੍ਰਚਾਰ ਵਿੱਚ ਹਿੱਸਾ ਨਾ ਲੈਣ ਜਾਂ ਸਿਆਸੀ ਰੈਲੀਆਂ ਨਾ ਕਰਨ ਲਈ ਕਿਹਾ ਜਾਵੇਗਾ ਕਿਉਂਕਿ ਇਹ ਚੱਲ ਰਹੇ ਕਿਸਾਨ ਸੰਘਰਸ਼ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਦਲਜੀਤ ਸਿੰਘ ਚੀਮਾ ਨੂੰ ਨਿਯੁਕਤ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਪਾਰਟੀ ਦੇ ਨੁਮਾਇੰਦੇ ਹਿੱਸਾ ਲੈਣਗੇ।
ਜਾਣਕਾਰੀ ਅਨੁਸਾਰ ਕਿਸਾਨ ਜਥੇਬੰਦੀਆਂ ਨੇ ਸਿਆਸੀ ਲੀਡਰਾਂ ਨਾਲ ਗੱਲਬਾਤ ਕਰਨ ਲਈ ਫੇਜ ਬਣਾਏ ਗਏ ਹਨ। 11.15 ਮਿੰਟ ‘ਤੇ ਮੀਟਿੰਗ ਸ਼ੁਰੂ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਵੀ ਮੀਟਿੰਗ ਵਿੱਚ ਜਾ ਰਹੇ ਹਨ। ਉਨ੍ਹਾਂ ਨਾਲ ਕੁਲਜੀਤ ਨਾਗਰਾ ਵੀ ਹੋਣਗੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਐੱਮਐੱਲਏ ਕੁਲਤਾਰ ਸਿੰਘ ਸੰਧਵਾ, ਐੱਮਐੱਲਏ ਅਮਨ ਅਰੋੜਾ, ਬਲਜਿੰਦਰ ਕੌਰ ਤੇ ਜਗਤਾਰ ਸਿੰਘ ਸੰਘੇੜਾ ਵੀ ਕਿਸਾਨਾਂ ਨਾਲ ਮੀਟਿੰਗ ਵਿੱਚ ਸ਼ਾਮਿਲ ਹੋਣਗੇ। ਇੱਥੇ ਦੱਸ ਦਈਏ ਕਿ ਜਿੱਥੇ ਕਿਸਾਨਾਂ ਨਾਲ ਸਿਆਸੀ ਧਿਰਾਂ ਦੇ ਲੀਡਰਾਂ ਦੀ ਮੀਟਿੰਗ ਹੋ ਰਹੀ ਹੈ, ਉੱਥੇ ਸੀਟਿੰਗ ਪਲਾਨ ਵੀ ਇਸ ਤਰ੍ਹਾਂ ਲਗਾਇਆ ਗਿਆ ਕਿ ਸਾਹਮਣੇ ਸਿਆਸੀ ਲੀਡਰਾਂ ਦੀਆਂ ਵੱਖਰੀਆਂ ਕੁਰਸੀਆਂ ਲਗਾਈਆਂ ਗਈਆਂ ਹਨ ਤੇ ਅੱਗੇ ਕਿਸਾਨ ਲੀਡਰ ਬੈਠ ਰਹੇ ਹਨ।
ਇਸੇ ਤਰ੍ਹਾਂ ਲੋਕ ਇਨਸਾਫ ਪਾਰਟੀ ਦੇ ਪੰਜ ਮੈਂਬਰ, ਜਿਨ੍ਹਾਂ ਵਿੱਚ ਸਿਮਰਨਜੀਤ ਸਿੰਘ ਬੈਂਸ, ਰਣਧੀਰ ਸਿੰਘ ਸੀਵੀਆ, ਮਹਿੰਦਰਪਾਲ ਸਿੰਘ ਦਾਨਗੜ੍ਹ, ਹਰਪ੍ਰਭ ਸਿੰਘ ਤੂਰ ਤੇ ਜਰਨੈਲ ਨੰਗਲ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਹੋ ਰਹੇ ਹਨ।
ਜਾਣਕਾਰੀ ਅਨੁਸਾਰ 11.15 ਤੋਂ 12.00 ਵਜੇ ਤੱਕ ਅਕਾਲੀ ਦਲ, 12.00 ਤੋਂ 12.30 ਤੱਕ ਕਾਂਗਰਸ, 2.45 ਤੋਂ 3.15 ਤੱਕ ਸੰਯੁਕਤ ਅਕਾਲੀ ਦਲ, 1.30 ਤੋਂ 1.45 ਤੱਕ ਲੋਕ ਇਨਸਾਫ ਪਾਰਟੀ, 12.30 ਤੋਂ 1 ਵਜੇ ਤੱਕ ਆਪ, 1.45 ਤੋਂ 2.15 ਤੱਕ ਬਸਪਾ, 2.15 ਤੋਂ 2.45 ਤੱਕ ਖੱਬੇਪੱਖੀ ਤੇ ਹੋਰ ਪਾਰਟੀਆਂ ਨੂੰ 2.45 ਤੋਂ 3 ਵਜੇ ਤੱਕ ਦਾ ਸਮਾਂ ਦਿੱਤਾ ਜਾ ਰਿਹਾ ਹੈ।