India Punjab

ਕੀਰਤਨ, ਕੀਰਤਨੀਏ ਸਿੰਘਾਂ ਅਤੇ ਸੰਗਤ ਦਾ ਮਜ਼ਾਕ ਉਡਾਉਣ ਵਾਲੇ ਵਿਅਕਤੀ ਨੇ ਮੰਗੀ ਮੁਆਫੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਕੀਰਤਨ ਤੇ ਸਾਜਾਂ ਨੂੰ ਲੈ ਕੇ ਇੱਕ ਅਖੌਤੀ ਕੀਰਤਨੀਏ ਦੀ ਵੀਡੀਓ ਵਾਇਰਲ ਹੋ ਰਹੀ ਸੀ। ‘ਦ ਖ਼ਾਲਸ ਟੀਵੀ ਦੀ ਖਬਰ ਦਾ ਵੱਡਾ ਅਸਰ ਹੋਇਆ ਹੈ ਅਤੇ ਵੀਡੀਓ ਵਿੱਚ ਜੋ ਕੀਰਤਨੀਏ ਨਜ਼ਰ ਆ ਰਹੇ ਸੀ, ਉਨ੍ਹਾਂ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ‘ਤੇ ਲਾਏ ਗਏ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਉਹ ਕੋਈ ਅਖੌਤੀ ਹਨ ਅਤੇ ਨਾ ਹੀ ਕਿਸੇ ਏਜੰਸੀ ਦਾ ਬੰਦਾ ਹਨ। ਉਨ੍ਹਾਂ ਕਿਹਾ ਕਿ ਉਹ ਗੁਰੂ ਘਰ ਦਾ ਇੱਕ ਨਿਮਾਣਾ ਕੂਕਰ ਹੈ।

ਉਨ੍ਹਾਂ ਨੇ ਵਾਇਰਲ ਹੋਈ ਵੀਡੀਓ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਇਹ ਵੀਡੀਓ ਤਕਰੀਬਨ ਚਾਰ ਸਾਲ ਪੁਰਾਣੀ ਹੈ। ਸਿੱਖ ਨੌਜਵਾਨ ਸਭਾ ਮਲੇਸ਼ੀਆ ਨੌਜਵਾਨਾਂ, ਬੱਚਿਆਂ ਦੇ ਲਈ ਕੈਂਪ ਲਗਾਉਂਦੀ ਹੈ, ਉਸ ਵਿੱਚ ਮੈਂ ਕਰੀਬ 40 ਸਾਲਾਂ ਤੋਂ ਸੇਵਾ ਕਰ ਰਿਹਾ ਹਾਂ। ਇਹ ਵੀਡੀਓ ਚਾਰ ਸਾਲ ਪਹਿਲਾਂ ਜਿੱਥੇ ਤਕਰੀਬਨ 500 ਬੱਚਾ ਹਿੱਸਾ ਲੈ ਰਿਹਾ ਸੀ, ਉਦੋਂ ਦੀ ਬਣਾਈ ਹੋਈ ਸੀ। ਕੁੱਝ ਬੱਚੇ ਜਦੋਂ ਕਥਾ-ਕੀਰਤਨ ਦਾ ਪ੍ਰੋਗਰਾਮ ਜਾਰੀ ਸੀ, ਉਦੋਂ ਸ਼ਰਾਰਤਾਂ ਕਰ ਰਹੇ ਸਨ। ਮੈਂ ਬਹੁਤ ਨਿਮਰਤਾ ਸਹਿਤ ਉਨ੍ਹਾਂ ਨੂੰ ਬੇਨਤੀ, ਅਪੀਲ ਕੀਤੀ ਅਤੇ ਸੁਚੇਤ ਕਰਨ ਦਾ ਯਤਨ ਕੀਤਾ। ਫਿਰ ਸਮਾਗਮ ਵਿੱਚ ਇੱਕ ਵਿਅਕਤੀ ਨੇ ਤਾਂ ਹੱਦ ਕਰ ਦਿੱਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਦੀ ਨਿਰਾਦਰੀ ਨੂੰ ਬਰਦਾਸ਼ਤ ਨਾ ਕਰਦਿਆਂ ਹੋਇਆ ਮੈਂ ਉਸ ਵਿਅਕਤੀ ਨੂੰ ਸੁਚੇਤ, ਸਾਵਧਾਨ ਕਰਨ ਲਈ ਉਹ ਸ਼ਬਦ ਬੋਲੇ’।

ਉਨ੍ਹਾਂ ਕਿਹਾ ਕਿ ‘ਮੈਂ ਇਸ ਗੱਲ ਨੂੰ ਕਬੂਲ ਕਰਦਾ ਹਾਂ ਕਿ ਜੋ ਸ਼ਬਦ ਵਰਤੇ ਗਏ ਸਨ, ਉਹ ਨਹੀਂ ਵਰਤੇ ਜਾਣੇ ਚਾਹੀਦੇ ਸਨ ਕਿਉਂਕਿ ਉਨ੍ਹਾਂ ਸ਼ਬਦਾਂ ਦੇ ਨਾਲ ਗੁਰੂ ਸਾਹਿਬ ਅਤੇ ਦੁਮਾਲੇ ਦੀ ਨਿਰਾਦਰੀ ਹੋਈ ਸੀ। ਪ੍ਰੋਗਰਾਮ ਤੋਂ ਬਾਅਦ ਮੈਨੂੰ ਅਹਿਸਾਸ ਅਤੇ ਦੁੱਖ ਹੋਇਆ ਕਿ ਮੈਨੂੰ ਉਹ ਸ਼ਬਦ ਨਹੀਂ ਵਰਤਣੇ ਚਾਹੀਦੇ ਸਨ। ਇਸ ਲਈ ਮੈਂ ਉਸ ਵਿਅਕਤੀ ਤੋਂ ਮੁਆਫੀ ਵੀ ਮੰਗੀ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਜੇ ਉਹ ਚਾਹੁਣ ਤਾਂ ਸਾਰੀ ਸੰਗਤ ਦੇ ਸਾਹਮਣੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵੀ ਮੈਂ ਉਨ੍ਹਾਂ ਤੋਂ ਮੁਆਫੀ ਮੰਗ ਲੈਂਦਾ ਹਾਂ ਪਰ ਉਸ ਵਿਅਕਤੀ ਨੇ ਮਨ੍ਹਾ ਕਰ ਦਿੱਤਾ। ਪਰ ਬਾਅਦ ਵਿੱਚ ਮੈਂ ਗੁਰੂ ਸਾਹਿਬ ਜੀ ਅੱਗੇ ਮੁਆਫੀ ਲਈ ਅਰਦਾਸ ਕੀਤੀ ਸੀ’।

ਗੁਰਦੇਵ ਸਿੰਘ ਕੁਹਾੜਕਾ

ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ‘ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ, ਖਾਸ ਕਰਕੇ 1 ਜੂਨ ਤੋਂ 6 ਜੂਨ ਤੱਕ ਦੇ ਦਿਨਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਵਿੱਚ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਲਈ ਵੱਖ-ਵੱਖ ਏਜੰਸੀਆਂ ਵੱਲੋਂ ਯਤਨ ਕੀਤੇ ਜਾਂਦੇ ਹਨ। ਜਿਵੇਂ ਗਲਤ ਅਰਦਾਸ ਹੋਣਾ, ਮੋਦੀ ਦੇ ਨਾਂ ‘ਤੇ ਅਰਦਾਸ ਕਰਨਾ। ਇਸ ਕਰਕੇ ਅਸੀਂ ਇਹ ਵੀਡੀਓ ਜਾਰੀ ਕੀਤੀ ਅਤੇ ਵੀਡੀਓ ਜਾਰੀ ਕਰਨ ਤੋਂ ਕੁੱਝ ਸਮੇਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਮਲੇਸ਼ੀਆ ਵਿੱਚ ਰਹਿੰਦੇ ਹਨ ਅਤੇ ਇਹ ਵੀਡੀਓ ਉੱਥੋਂ ਦੀ ਬਣੀ ਹੋਈ ਹੈ। ਉਨ੍ਹਾਂ ਦਾ ਨਾਂ ਸੁਰਜੀਤ ਸਿੰਘ ਹੈ। ਉਨ੍ਹਾਂ ਨੇ ਆਪ ਇਹ ਗੱਲ ਮੰਨੀ ਹੈ ਕਿ ਮੇਰੇ ਕੋਲੋਂ ਗਲਤ ਸ਼ਬਦ ਬੋਲੇ ਗਏ ਹਨ ਅਤੇ ਉਨ੍ਹਾਂ ਨੇ ਖੁਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੁਆਫੀ ਮੰਗੀ ਹੈ। ਜੇ ਗਲਤੀ ਹੋਈ ਹੈ ਤਾਂ ਗੁਰੂ ਬਖਸ਼ੰਦ ਹੈ। ਉਨ੍ਹਾਂ ਦੀ ਵੀਡੀਓ ਪਾਉਣਾ ਮੇਰਾ ਕੋਈ ਨਿੱਜੀ ਕਾਰਨ ਨਹੀਂ ਸੀ, ਇਸ ਵੀਡੀਓ ਨੂੰ ਜਾਰੀ ਕਰਨ ਲਈ ਮੈਨੂੰ ਬਹੁਤ ਸਾਰੇ ਰਾਗੀਆਂ ਦੇ ਫੋਨ ਆਏ ਸਨ। ਅਸੀਂ ਸਾਰੇ ਗੁਰੂ ਸਾਹਿਬ ਜੀ ਅੱਗੇ ਉਨ੍ਹਾਂ ਦੀ ਭੁੱਲ ਨੂੰ ਬਖਸ਼ਾਉਣ ਲਈ ਅਰਦਾਸ ਕਰਾਂਗੇ’।

ਸੋਸ਼ਲ ਮੀਡੀਆ ‘ਤੇ ਕੀਰਤਨ ਤੇ ਸਾਜਾਂ ਨੂੰ ਲੈ ਕੇ ਇੱਕ ਅਖੌਤੀ ਕੀਰਤਨੀਏ ਦੀ ਵੀਡੀਓ ਵਾਇਰਲ ਹੋ ਰਹੀ ਸੀ। ਜਿਸ ਤੋਂ ਬਾਅਦ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਇਸ ਵਿਅਕਤੀ ਨੂੰ ਚੈਲੇਂਜ ਕੀਤਾ ਸੀ। ਦਰਅਸਲ, ਵੀਡੀਓ ਵਿੱਚ ਇਸ ਵਿਅਕਤੀ ਵੱਲੋਂ ਸੰਗਤ ਵਿੱਚ ਬੈਠ ਕੇ ਜਿੱਥੇ ਕੀਰਤਨ ਮਰਿਆਦਾ ਦਾ ਮਜ਼ਾਕ ਉਡਾਇਆ ਗਿਆ ਸੀ, ਉੱਥੇ ਹੀ ਬੈਠੀ ਸੰਗਤ ਦੀ ਵੀ ਉਸਨੇ ਖਿੱਲੀ ਉਡਾਈ ਸੀ।

ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਸੰਗਤ ਨੂੰ ਇਸ ਵਿਅਕਤੀ ਨੂੰ ਲੱਭਣ ਦੇ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਕੀਰਤਨ ਵਿੱਚ ਬੈਠ ਕੇ ਮੰਦੀ ਭਾਸ਼ਾ ਬੋਲ ਕੇ, ਸੰਗਤ ਵਿੱਚ ਬੈਠੇ ਕਿਸੇ ਬੰਦੇ ਨੂੰ ਗਲਤ ਭਾਸ਼ਾ ਵਿੱਚ ਬੋਲਦਿਆਂ ਉਸਦਾ ਮਜ਼ਾਕ ਉਡਾ ਰਿਹਾ ਹੈ, ਸਿੱਖ ਮਰਿਆਦਾ ਦੀ ਉਲੰਘਣਾ ਕਰ ਰਿਹਾ ਹੈ। ਇਸ ਪਿੱਛੇ ਉਨ੍ਹਾਂ ਨੇ ਏਜੰਸੀਆਂ ਦਾ ਹੱਥ ਦੱਸਿਆ।